
ਹਾਈ ਕੋਰਟ ਨੇ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਦੀ ਮੰਗ 'ਤੇ ਫ਼ੈਸਲਾ ਰਾਖਵਾਂ ਰਖਿਆ
ਚੰਡੀਗੜ੍ਹ, 7 ਸਤੰਬਰ (ਨੀਲ ਭਾਲਿੰਦਰ ਸਿੰਘ): ਸਾਬਕਾ ਆਈ.ਏ.ਐਸ ਅਧਿਕਾਰੀ ਦੇ ਪੁੱਤਰ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗ਼ਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿਚ ਲਾਪਤਾ ਕਰਨ ਤੇ ਹੁਣ ਹਤਿਆ ਦੀ ਧਾਰਾ 302 ਤਹਿਤ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ 'ਤੇ ਹਾਈ ਕੋਰਟ ਨੇ ਅਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਫ਼ਤਹਿਦੀਪ ਸਿੰਘ ਦੀ ਅਦਾਲਤ ਵਿਚ ਦੋਹਾਂ ਧਿਰਾਂ ਵਿਚਕਾਰ ਹੋਈ ਲੰਮੀ ਬਹਿਸ ਤੋਂ ਬਾਅਦ ਅਦਾਲਤ ਨੇ ਅਪਣਾ ਫ਼ੈਸਲਾ ਰਾਖਵਾਂ ਰੱਖਣ ਦਾ ਐਲਾਨ ਕੀਤਾ। ਸਵੇਰੇ ਸਵਾ 11 ਵਜੇ ਸ਼ੁਰੂ ਹੋਈ ਸੁਣਵਾਈ ਸ਼ਾਮ ਸਵਾ ਚਾਰ ਵਜੇ ਤਕ ਚਲੀ ਜਿਸ ਮਗਰੋਂ ਅਦਾਲਤ ਨੇ ਅਪਣੇ ਫ਼ੈਸਲੇ ਦੀ ਤਰੀਕ ਮੰਗਲਵਾਰ 8 ਸਤੰਬਰ ਤੈਅ ਕੀਤੀ ਹੈ। ਕਿਸੇ ਵੇਲੇ 'ਸੁਪਰ ਕੌਪ' ਸ਼੍ਰੇਣੀ ਵਿਚ ਰਿਹਾ ਸੈਣੀ ਗ੍ਰਿਫ਼ਤਾਰੀ ਦੇ ਡਰੋਂ ਇਸ ਵੇਲੇ ਰੂਪੋਸ਼ ਹੈ। ਪੁਲਿਸ ਉਸ ਦੀ ਭਾਲ ਵਿਚ ਕਈ ਰਾਜਾਂ ਵਿਚ ਛਾਪੇ ਮਾਰ ਰਹੀ ਹੈ।
ਸੈਣੀ ਨੇ ਅਪਣੇ ਵਿਰੁਧ ਐਫ਼.ਆਈ.ਆਰ ਰੱਦ ਕਰਨ ਦੀ ਮੰਗ ਵੀ ਕੀਤੀ ਹੋਈ ਹੈ। ਜ਼ਮਾਨਤ ਪਟੀਸ਼ਨ ਵਿਚ ਕਿਹਾ ਗਿਆ ਕਿ ਉਸ ਨੇ ਇੰਟੈਲੀਜੈਂਸ ਵਿੰਗ ਅਤੇ ਵਿਜੀਲੈਂਸ ਵਿੰਗ ਦੇ ਮੁਖੀ ਹੁੰਦੇ ਹੋਏ ਪੀ.ਪੀ.ਐਸ.ਸੀ., ਲੁਧਿਆਣਾ ਸਿਟੀ ਸੈਂਟਰ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਜਿਹੇ ਕਰੋੜਾਂ ਦੇ ਘਪਲਿਆਂ ਦਾ ਪਰਦਾ ਫ਼ਾਸ਼ ਕੀਤਾ ਸੀ ਅਤੇ ਮੌਜੂਦਾ ਸਰਕਾਰ ਦੇ ਕਈ ਮੰਤਰੀਆਂ ਅਤੇ ਨੇਤਾਵਾਂ ਵਿਰੁਧ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਸਨ। ਜਿਨ੍ਹਾਂ ਨੂੰ ਰਫਾ - ਦਫਾ ਕਰਨ ਲਈ ਉਸ 'ਤੇ ਦਬਾਅ ਬਣਾਇਆ ਗਿਆ ਸੀ। ਪਰ ਉਸ ਨੇ ਅਜਿਹਾ ਨਹੀਂ ਕੀਤਾ ਸੀ।
ਇਹੀ ਕਾਰਨ ਹੈ ਕਿ ਉਸ ਵਿਰੁਧ ਬਦਲੇ ਦੀ ਭਾਵਨਾ ਨਾਲ ਕੇਸ ਦਰਜ ਕੀਤਾ ਗਿਆ ਹੈ। ਉਧਰ ਦੂਜੀ ਧਿਰ ਅਤੇ ਸਰਕਾਰੀ ਵਕੀਲ ਨੇ ਮਾਮਲੇ ਦੀ ਗੰਭੀਰਤਾ, ਸੈਣੀ ਦੀ ਸੀ.ਬੀ.ਆਈ. ਨਾਲ ਕਥਿਤ ਨੇੜਤਾ, ਜੁਰਮ ਦੀ ਹੱਦ ਅਤੇ ਹੇਠਲੀ ਅਦਾਲਤ ਵਲੋਂ ਜ਼ਮਾਨਤ ਰੱਦ ਕਰਦੇ ਹੋਏ ਹਿਰਾਸਤੀ ਪੁਛਗਿਛ ਜ਼ਰੂਰੀ ਹੋਣ 'ਤੇ ਦਿਤੇ ਗਏ ਜ਼ੋਰ ਦਾ ਹਵਾਲਾ ਦੇ ਕੇ ਜ਼ਮਾਨਤ ਅਰਜ਼ੀ ਰੱਦ ਕਰਨ ਦੀ ਮੰਗ ਹਾਈ ਕੋਰਟ ਬੈਂਚ ਅੱਗੇ ਰੱਖੀ ਹੈ।image