
ਲੋਕ ਨਿਰਮਾਣ ਵਿਭਾਗ ਦੀ ਕਾਰਜਪ੍ਰਣਾਲੀ ਵਿਚ ਪਾਰਦਰਸ਼ਤਾ, ਜੁਆਬਦੇਹੀ ਲਿਆਉਣ ਅਤੇ ਸੂਚਨਾ ਤਕਨਾਲੋਜੀ ਰਾਹੀ ਸਮਰੱਥਾ ਵਧਾਉਣ ਦੇ ਮਕਸਦ ਨਾਲ ਕੈਬਨਿਟ ਮੰਤਰੀ ਸ਼੍ਰੀ ...
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਲੋਕ ਨਿਰਮਾਣ ਵਿਭਾਗ ਦੀ ਕਾਰਜਪ੍ਰਣਾਲੀ ਵਿਚ ਪਾਰਦਰਸ਼ਤਾ, ਜੁਆਬਦੇਹੀ ਲਿਆਉਣ ਅਤੇ ਸੂਚਨਾ ਤਕਨਾਲੋਜੀ ਰਾਹੀ ਸਮਰੱਥਾ ਵਧਾਉਣ ਦੇ ਮਕਸਦ ਨਾਲ ਕੈਬਨਿਟ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ ਵਲੋਂ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ (ਮੈਗਸੀਪਾ) ਵਿਖੇ ਪੰਜਾਬ ਰੋਡਜ ਜੀ.ਆਈ.ਐਸ. ਪੋਰਟਲ ਅਤੇ ਪੰਜਾਬ ਸੜਕ ਸੇਵਾ ਮੋਬਾਇਲ ਐਪ ਲਾਂਚ ਕੀਤਾ ਗਿਆ। ਇਸ ਮੌਕੇ ਉਹਨਾਂ ਵਿਭਾਗ ਦੇ ਕੁਆਲਟੀ ਕੰਟਰੋਲ ਵਿੰਗ ਵਿੱਚ ਸ਼ਾਮਲ ਕੀਤੀ ਗਈ ਮੋਬਾਇਲ ਟੈਸਟਿੰਗ ਵੈਨ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿੰਗਲਾ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਐਨ.ਆਈ.ਸੀ. ਦੀ ਤਕਨੀਕੀ ਮਦਦ ਨਾਲ ਪੰਜਾਬ ਦੀਆਂ ਸਾਰੀਆ ਸੜਕਾਂ ਦਾ ਜੀ.ਆਈ.ਐਸ ਪੋਰਟਲ ਬਣਾਇਆ ਹੈ। ਇਸ ਰਾਹੀ ਸੜਕ ਸਬੰਧੀ ਪੂਰੀ ਜਾਣਕਾਰੀ ਹਾਂਸਲ ਕੀਤੀ ਜਾ ਸਕਦੀ ਹੈ ਜਿਵੇ ਕਿ ਸੜਕ ਕੌਮੀ ਮਾਰਗ ਹੈ ਜਾਂ ਰਾਜ ਮਾਰਗ, ਲਿੰਕ ਮਾਰਗ, ਜ਼ਿਲਾ ਮਾਰਗ ਹੈ ਜਾਂ ਮੰਡੀ ਬੋਰਡ ਦੀ ਸੜਕ ਹੈ। ਇਸ ਤੋਂ ਇਲਾਵਾ ਸੜਕ ਸਬੰਧੀ ਸਮੁਚੀ ਜਾਣਕਾਰੀ ਜਿਵੇ ਕਿ ਸੜਕ ਦੀ ਲੰਬਾਈ ਕਿੰਨੀ ਹੈ, ਚੋੜਾਈ ਕਿੰਨੀ ਹੈ, ਸੜਕ ਦੀ ਮੋਟਾਈ, ਬਨਾਉਣ ਦਾ ਸਾਲ, ਕਿੰਨੀ ਰਾਸ਼ੀ ਖਰਚ ਹੋਈ
Punjab Sarak Sewa Mobile App
ਅਤੇ ਅਖੀਰਲੀ ਵਾਰ ਕਦੋਂ ਸੜਕ ਦੀ ਮੁਰੰਮਤ ਹੋਈ ਬਾਰੇ ਪੂਰੀ ਜਾਣਕਾਰੀ ਹੋਵੇਗੀ। ਉਹਨਾਂ ਕਿਹਾ ਕਿ ਇਸ ਪੋਰਟਲ ਰਾਹੀ ਵਿਭਾਗ ਦੇ ਕੰਮ ਕਾਰ ਵਿੱਚ ਤੇਜੀ ਆਵੇਗੀ ਕਿਉਕਿ ਵਿਭਾਗ ਕੋਲ ਹਰੇਕ ਸੜਕ ਸਬੰਧੀ ਡਿਜੀਟਲ ਡਾਟਾ ਉਪਲੰਬਧ ਹੋਵੇਗਾ ਜਿਸ ਨਾਲ ਸੜਕ ਦੀ ਮੁਰੰਮਤ ਜਾਂ ਨਵੀਂ ਬਨਾਉਣ ਸਬੰਧੀ ਯੋਜਨਾ ਉਲੀਕਣ ਅਤੇ ਉਸ ਨੂੰ ਲਾਗੂ ਕਰਨ ਵਿੱਚ ਬਹੁਤ ਅਸਾਨੀ ਹੋਵੇਗੀ।ਪੰਜਾਬ ਮੰਡੀ ਬੋਰਡ ਵੀ ਇਸ ਨਵੀਨਤਮ ਤਕਨਾਲੋਜੀ ਦਾ ਭਾਗ ਬਣ ਗਿਆ ਹੈ ਅਤੇ ਰਾਜ ਵਿੱਚ ਸਥਿਤ ਸਮੂੰਹ ਮੰਡੀਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਇਸੇ ਤਰ੍ਹਾਂ ਅਸੀਂ ਬਾਕੀ ਵਿਭਾਗਾਂ ਤੋਂ ਵੀ ਆਸ ਕਰ ਰਹੇ ਹਾਂ ਕਿ ਉਹ ਆਪਣੇ ਵਿਭਾਗਾਂ ਨਾਲ ਸਬੰਧਤ ਜਾਣਕਾਰੀ ਇਸ ਪੋਰਟਲ ਉਤੇ ਅਪਲੋਡ ਕਰਨ ਜਿਵੇ ਕਿ ਸਕੂਲ਼ਾਂ ਹਸਪਤਾਲ ਆਦਿ ਤਾਂ ਜੋ ਇਹ ਪੰਜਾਬ ਰੋਡਜ ਜੀ.ਆਈ.ਐਸ. ਪੋਰਟਲ ਤੋਂ ਬਦਲ ਕੇ ਪੰਜਾਬ ਸਟੇਟ ਜੀ.ਆਈ.ਐਸ. ਪੋਰਟਲ ਬਣ ਸਕੇ। ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੋਰਟਲ ਦੇ ਨਾਲ ਪੰਜਾਬ ਸੜਕ ਸੇਵਾ (ਪੀ.ਐਸ.ਐਸ.) ਮੋਬਾਇਲ ਐਪ ਨੂੰ ਵੀ ਜੋੜਿਆ ਗਿਆ ਹੈ। ਇਹ ਐਪ ਐਂਡਰਾਇਡ ਅਧਾਰਤ ਹੈ ਜੋ ਕਿ ਪਲੇਸਟੋਰ ਉਤੇ ਉਪਲਬੰਧ ਹੈ।ਇਹ ਐਪ ਲੋਕਾਂ ਦੀ ਸ਼ਿਕਾਇਤ ਦੇ ਨਿਵਾਰਣ ਲਈ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ।
Punjab Roads GIS Portal and Punjab Sarak Sewa (PSS) Mobile App
ਇਸ ਐਪ ਨੂੰ ਕੋਈ ਵੀ ਵਿਅਕਤੀ ਆਪਣੇ ਮੋਬਾਇਲ ਫੋਨ 'ਤੇ ਡਾਊਨਲੋਡ ਕਰ ਸਕਦਾ ਹੈ ਲੋਗਇਨ ਕਰਨ ਤੋਂ ਬਾਅਦ ਜਿਸ ਥਾਂ ਉਤੇ ਵੀ ਸੜਕ ਨੂੰ ਮੁਰੰਮਤ ਦੀ ਲੋੜ ਹੈ ਉਸ ਦੀ ਫੋਟੋ, ਜੋ ਕਿ ਜੀ.ਪੀ.ਐਸ ਆਨ ਕਰਕੇ ਖਿੱਚੀ ਜਾ ਸਕੇਗੀ, ਨੂੰ ਐਪ ਤੇ ਅਪਲੋਡ ਕਰ ਸਕਦੇ ਹਨ। ਅਪਲੋਡ ਫੋਟੋ ਜੋ ਕਿ ਸਬੰਧਤ ਜਗ੍ਹਾ ਦੀ ਸਹੀ ਨਿਸ਼ਾਨਦੇਹੀ ਕਰਦੀ ਹੋਵੇਗੀ ਸਬੰਧਤ ਅਧਿਕਾਰੀ ਕੋਲ ਲੋੜੀਂਦੇ ਕਾਰਵਾਈ ਹਿੱਤ ਚਲੀ ਜਾਵੇਗੀ। ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਾਰਰਦਰਸ਼ੀ ਅਤੇ ਪ੍ਰਭਾਵੀ ਕਾਰਜ ਪ੍ਰਣਾਲੀ ਵਿੱਚ ਵਿਸ਼ਵਾਸ਼ ਰੱਖਦੀ ਹੈ ਅਤੇ ਲੋਕ ਨਿਰਮਾਣ ਵਿਭਾਗ ਇਸੇ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵਧ ਰਹਿਆ ਹੈ।
ਇਸ ਮੌਕੇ ਉਹਨਾਂ ਹੁਸਨ ਲਾਲ, ਸਕੱਤਰ, ਲੋਕ ਨਿਰਮਾਣ ਵਿਭਾਗ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਸ ਇਤਿਹਾਸਕ ਕਰਜ ਲਈ ਮੁਬਾਰਕਬਾਦ ਦਿੱਤੀ। ਇਸ ਉਪਰੰਤ ਸਿੰਗਲਾ ਨੇ ਅਤਿ ਆਧੁਨਿਕ ਸਟੇਟ ਆਫ ਦੀ ਆਰਟ ਮੋਬਾਇਲ ਟੈਸਟਿੰਗ ਵੈਨ ਨੂੰ ਵੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨ ਇਮਾਰਤਾਂ ਅਤੇ ਪੁਲਾਂ ਦੀ ਮੌਕੇ ਤੇ ਜਾ ਕੇ ਟੈਸਟਿੰਗ ਕਰਨ ਦੇ ਸਮਰੱਥ ਹੈ। ਇਸ ਵਿਚ ਇਮਾਰਤ ਅਤੇ ਪੁਲਾਂ ਦੀ ਉਸਾਰੀ ਵਿੱਚ ਵਰਤੀ ਗਈ ਸਮੱਗਰੀ ਦੀ ਤੋੜ ਭੰਨ ਕੀਤੇ ਬਗੈਰ ਸੈਪਲ ਲਏ ਮਸ਼ੀਨਾਂ ਰਾਹੀ ਜਾਂਚ ਕੀਤੀ ਜਾ ਸਕਦੀ ਹੈ
ਅਤੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇਸ ਇਮਾਰਤ ਦੀ ਉਸਾਰੀ ਵਿੱਚ ਵਰਤੇ ਗਏ ਸਮਾਨ ਦੀ ਕਿੰਨੀ ਮਜਬੂਤੀ ਹੈ। ਪੰਜਾਬ ਰਾਜ ਦੀ ਇਸ ਮੋਬਾਇਲ ਕੁਆਲਟੀ ਕੰਟਰੋਲ ਲੈਬ ਜਿਸ ਨੂੰ 2.82 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਮੋਬਾਇਲ ਕੁਆਲਟੀ ਕੰਟਰੋਲ ਲੈਬ ਰਾਜ ਦੀ ਇੱਕੋ ਇਕ ਲੈਬ ਹੈ। ਲੋਕ ਨਿਰਮਾਣ ਵਿਭਾਗ ਦੇ ਮੰਤਰੀ ਨੇ ਕਿਹਾ ਕਿ ਇਹ ਲੈਬ ਸਰਕਾਰ ਦੇ ਕਿਸੇ ਵੀ ਵਿਭਾਗ ਜਿਵੇ ਕਿ
ਜਲ ਸਰੋਤ, ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ, ਪੰਚਾਇਤੀ ਰਾਜ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਸਥਾਨਕ ਸਰਕਾਰਾਂ ਅਤੇ ਪੀ.ਐਸ.ਆਈ.ਡੀ.ਸੀ. ਵੱਲੋਂ ਤਿਆਰ ਕੀਤੀਆਂ ਗਈਆਂ ਇਮਾਰਤਾਂ ਅਤੇ ਪੁਲਾਂ ਦੀ ਜਾਂਚ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਹਾਊਸਿੰਗ ਸ਼੍ਰੀਮਤੀ ਵਿੰਨੀ ਮਹਾਜਨ, ਸ਼੍ਰੀ ਅਮਿਤ ਢਾਕਾ, ਸਕੱਤਰ, ਪੰਜਾਬ ਮੰਡੀ ਬੋਰਡ, ਸ਼ਰੀ ਵਿਸ਼ਨੂੰ ਚੰਦਰ ਡਿਪਟੀ ਡਾਇਰੈਟਰ ਜਨਰਲ ਐਨ.ਆਈ.ਸੀ.ਹਾਜਰ ਸਨ। ਇਸ ਮੋਕੇ ਹਾਜਰ ਸਮੂੰਹ ਅਧਿਕਾਰੀਆਂ ਨੇ ਲੋਕ ਹਿੱਤ ਵਿੱਚ ਇਸ ਲੈਬ ਦੀ ਸੁਚੱਜੀ ਵਰਤੋਂ ਦਾ ਭਰੋਸਾ ਦਿਵਾਇਆ।