
244 ਕਰੋੜ 83 ਲੱਖ 23 ਹਜਾਰ ਰੁਪਏ ਦੀ ਜਾਇਦਾਦ ਦਾ ਮਾਲਕ ਚੋਣ ਮੈਦਾਨ 'ਚ ਨਿੱਤਰਿਆ
ਚੰਡੀਗੜ੍ਹ : ਪੰਜਾਬ 'ਚ ਚੋਣਾਂ ਦਾ ਪਿੜ ਪੂਰੀ ਤਰ੍ਹਾਂ ਨਾਲ ਭੱਖ ਚੁੱਕਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ 'ਤੇ ਜਿਮਨੀ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਚਾਰੇ ਸੀਟਾਂ 'ਤੇ ਕੁਲ 33 ਉਮੀਦਵਾਰ ਮੈਦਾਨ 'ਚ ਹਨ। ਵਿਧਾਨ ਸਭਾ ਹਲਕਾ ਜਲਾਲਾਬਾਦ ਲਈ 7 ਉਮੀਦਵਾਰ ਮੈਦਾਨ 'ਚ ਹਨ। ਇਹ ਹਲਕਾ ਇਸ ਕਰ ਕੇ ਵੀ ਸੁਰਖੀਆਂ 'ਚ ਬਣਿਆ ਹੋਇਆ ਹੈ ਕਿਉਂਕਿ ਇਥੋਂ ਇਕ ਅਜਿਹਾ ਧਨਾਢ ਉਮੀਦਵਾਰ ਚੋਣ ਮੈਦਾਨ 'ਚ ਨਿੱਤਰਿਆ ਹੈ, ਜਿਸ ਕੋਲ ਸੁਖਬੀਰ ਬਾਦਲ, ਹਰਸਿਮਰਤ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੋਲ ਨਾਲੋਂ ਵੀ ਵੱਧ ਜਾਇਦਾਦ ਹੈ।
Raminder Amla
ਜਲਾਲਾਬਾਦ ਤੋਂ ਚੋਣ ਅਧਿਕਾਰੀ ਕੋਲ ਜਮ੍ਹਾਂ ਕਰਵਾਏ ਹਲਫ਼ਨਾਮੇ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਪਤਨੀ ਨੀਤੂ ਆਵਲਾ ਸਹਿਤ ਆਪਣੀ ਕੁੱਲ ਜਾਇਦਾਦ 244 ਕਰੋੜ 83 ਲੱਖ 23 ਹਜ਼ਾਰ ਰੁਪਏ ਦੱਸੀ ਹੈ। ਆਵਲਾ ਕੋਲ ਕੁੱਲ 102 ਕਰੋੜ 10 ਲੱਖ 99 ਹਜ਼ਾਰ ਦੀ ਜਾਇਦਾਦ ਹੈ, ਜਦਕਿ ਉਨ੍ਹਾਂ ਦੀ ਪਤਨੀ ਨੀਤੂ ਕੋਲ 132 ਕਰੋੜ 72 ਲੱਖ 24 ਹਜ਼ਾਰ ਦੀ ਕੁੱਲ ਜਾਇਦਾਦ ਹੈ। ਆਵਲਾ ਦੇ ਪਰਵਾਰ ਕੋਲ ਵੀ 48 ਕਰੋੜ 96 ਲੱਖ 95 ਹਜ਼ਾਰ, ਜਦਕਿ ਪੁੱਤਰ ਕੋਲ 8.44 ਲੱਖ ਰੁਪਏ ਦੀ ਜਾਇਦਾਦ ਹੈ। ਆਵਲਾ 'ਤੇ 16 ਕਰੋੜ 3 ਲੱਖ ਰੁਪਏ ਬੈਂਕਾਂ ਦੀ ਦੇਣਦਾਰੀ ਹੈ, ਜਦਕਿ ਕਰੀਬ 11 ਕਰੋੜ ਰੁਪਏ ਉਨ੍ਹਾਂ ਦੀ ਪਤਨੀ 'ਤੇ ਵੀ ਕਰਜ਼ਾ ਹੈ। ਇਸ ਤੋਂ ਪਹਿਲਾਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਖੰਡ ਦੇ ਵਪਾਰੀ ਰਾਣਾ ਗੁਰਜੀਤ ਸਿੰਘ ਚਰਚਾ 'ਚ ਆਏ ਸਨ। ਉਨ੍ਹਾਂ ਆਪਣੀ ਅਤੇ ਪਤਨੀ ਦੀ ਕੁੱਲ ਚਲ-ਅਚਲ ਜਾਇਦਾਦ 169.88 ਕਰੋੜ ਰੁਪਏ ਐਲਾਨੀ ਸੀ।
Raminder Amla
ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਬਾਦਲ ਨੇ ਪਿਛਲੀਆਂ ਚੋਣਾਂ ਵਿਚ ਆਪਣੀ ਜਾਇਦਾਦ 217 ਕਰੋੜ ਰੁਪਏ ਦੱਸੀ ਸੀ, ਜਦੋਂਕਿ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਨੇ ਚੋਣ ਹਲਫ਼ਨਾਮੇ ਵਿਚ ਆਪਣੀ ਜਾਇਦਾਦ 86 ਕਰੋੜ 33 ਲੱਖ ਰੁਪਏ ਦੱਸੀ ਸੀ। ਹੁਣ ਰਮਿੰਦਰ ਆਵਲਾ ਦੇ ਰੂਪ ਵਿਚ ਪੰਜਾਬ ਨੂੰ ਸਭ ਤੋਂ ਅਮੀਰ ਸਿਆਸਤਦਾਨ ਸਾਹਮਣੇ ਆਇਆ ਹੈ। ਅਬੋਹਰ ਤੋਂ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਆਜ਼ਾਦ ਲੜਨ ਵਾਲੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਨੇ ਆਪਣੀ ਜਾਇਦਾਦ 141.85 ਕਰੋੜ ਰੁਪਏ ਐਲਾਨੀ ਸੀ। ਕਾਂਗਰਸੀ ਮਹਿਲਾ ਆਗੂ ਕਰਨ ਕੌਰ ਬਰਾੜ ਨੇ ਆਪਣੀ ਜਾਇਦਾਦ 119.69 ਕਰੋੜ ਰੁਪਏ ਦੱਸੀ ਸੀ।
Raminder Amla