
9 ਨਵੰਬਰ ਯਾਨੀ ਕਿ ਉਹ ਇਤਿਹਾਸਕ ਦਿਨ ਜਦੋਂ ਭਾਰਤ ਅਤੇ ਪਾਕਿਸਤਾਨ ਦੋ ਮੁਲਕ ਇਕ ਹੋਣ ਵਾਲੇ ਹਨ ਤੇ ਸਿੱਖਾਂ ਦੀ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਅਰਦਾਸ ਪੂਰੀ ਹੋਣ ਵਾਲੀ ਹੈ।
ਸੁਲਤਾਨਪੁਰ ਲੋਧੀ: 9 ਨਵੰਬਰ ਯਾਨੀ ਕਿ ਉਹ ਇਤਿਹਾਸਕ ਦਿਨ ਜਦੋਂ ਭਾਰਤ ਅਤੇ ਪਾਕਿਸਤਾਨ ਦੋ ਮੁਲਕ ਇਕ ਹੋਣ ਵਾਲੇ ਹਨ ਅਤੇ ਸਿੱਖਾਂ ਦੀ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਅਰਦਾਸ ਪੂਰੀ ਹੋਣ ਵਾਲੀ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਮੌਕੇ ‘ਤੇ ਸਪੋਕਸਮੈਨ ਟੀਵੀ ਦੀ ਟੀਮ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਰਿਪੋਰਟਿੰਗ ਕੀਤੀ ਗਈ।ਸਪੋਕਸਮੈਨ ਟੀਵੀ ਵੱਲੋਂ ਇਸ ਮੌਕੇ ‘ਤੇ ਸਿੱਖ ਸੰਗਤਾਂ ਨਾਲ ਖ਼ਾਸ ਗੱਲਬਾਤ ਕੀਤੀ ਗਈ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਸਮੂਹ ਸਿੱਖ ਸੰਗਤ ਕਰਤਾਰਪੁਰ ਲਾਂਘੇ ਨੂੰ ਖੁੱਲ੍ਹਵਾਉਣ ਲਈ ‘ਅਸਲੀ ਹੀਰੋ’ ਕਿਸ ਨੂੰ ਮੰਨਦੀ ਹੈ।
Sangat At Sultanpur Lodhi
ਇਸ ਦੌਰਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਕਿਹਾ ਕਿ ਉਹ ਭਾਰਤ ਵੱਲੋਂ ਨਵਜੋਤ ਸਿੱਧੂ ਅਤੇ ਪਾਕਿਸਤਾਨ ਵੱਲੋਂ ਇਮਰਾਨ ਖ਼ਾਨ ਨੂੰ ‘ਅਸਲੀ ਹੀਰੋ’ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਵਿਚ ਸਰਕਾਰਾਂ ਦਾ ਕੁੱਝ ਖ਼ਾਸ ਹੱਥ ਨਹੀਂ ਹੈ। ਇਕ ਹੋਰ ਨੌਜਵਾਨ ਨੇ ਵੀ ਇਹੀ ਕਿਹਾ ਕਿ ਉਹ ਵੀ ਇਸ ਉਪਰਾਲੇ ਦੇ ਅਸਲ ਹੀਰੋ ਸਿੱਧੂ ਅਤੇ ਇਮਰਾਨ ਖ਼ਾਨ ਨੂੰ ਮੰਨਦੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰਾਂ ਨੇ ਵੀ ਇਸ ਸਬੰਧੀ ਅਪਣਾ ਫਰਜ਼ ਨਿਭਾਇਆ ਹੈ।
Sangat At Sultanpur Lodhi
ਇਸ ਸਬੰਧੀ ਬਜ਼ੁਰਗਾਂ ਨਾਲ ਵੀ ਗੱਲਬਾਤ ਕੀਤੀ ਗਈ। ਸੁੱਚਾ ਸਿੰਘ ਨਾਂਅ ਦੇ ਇਕ ਬਜ਼ੁਰਗ ਨੇ ਕਿਹਾ ਕਿ ਉਹ ਕਰਤਾਰਪੁਰ ਲਾਂਘੇ ਦਾ ਅਸਲ ਹੀਰੋ ਬਾਬੇ ਨਾਨਕ ਨੂੰ ਮੰਨਦੇ ਹਨ। ਉਹਨਾਂ ਕਿਹਾ ਕਿ ਸਿੱਖਾਂ ਦੀ ਅਰਦਾਸ ਬਾਬੇ ਨਾਨਕ ਵੱਲੋਂ ਪ੍ਰਵਾਨ ਕੀਤੀ ਗਈ ਹੈ। ਇਕ ਹੋਰ ਵਿਅਕਤੀ ਨੇ ਕਿਹਾ ਕਿ ਸਰਕਾਰਾਂ ਨਵਜੋਤ ਸਿੰਘ ਸਿੱਧੂ ਦੀਆਂ ਪੈੜਾਂ ‘ਤੇ ਚੱਲ ਰਹੀਆਂ ਹਨ ਅਤੇ ਕਰਤਾਰਪੁਰ ਲਾਂਘੇ ਦਾ ਸਿਹਰਾ ਤਾਂ ਸਿੱਧੂ ਨੂੰ ਹੀ ਜਾਂਦਾ ਹੈ। ਇਸ ਇਤਿਹਾਸਕ ਮੌਕੇ ‘ਤੇ ਨਾਸਿਕ ਤੋਂ ਵੀ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਵਿਚ ਸਾਰਿਆਂ ਦਾ ਹੀ ਸਹਿਯੋਗ ਹੈ ਚਾਹੇ ਉਹ ਭਾਰਤ ਸਰਕਾਰ ਹੈ ਜਾਂ ਪਾਕਿਸਤਾਨ ਸਰਕਾਰ।
Sangat At Sultanpur Lodhi
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦਾ ਕਾਫ਼ੀ ਲੰਬੇ ਸਮੇਂ ਤੋਂ ਇਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਕਾਫ਼ੀ ਸਮੇਂ ਤੋਂ ਇਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਹੁਣ ਇਹ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸੰਗਤ ਇਸ ਪਵਿੱਤਰ ਮੌਕੇ ਦਾ ਭਰਪੂਰ ਅਨੰਦ ਲੈ ਰਹੀ ਹੈ। ਸੰਗਤ ਦਾ ਕਹਿਣਾ ਹੈ ਕਿ ਲਾਂਘਾ ਖੁੱਲ੍ਹਵਾਉਣ ਪਿੱਛੇ ਸਭ ਤੋਂ ਵੱਡਾ ਹੱਥ ਬਾਬੇ ਨਾਨਕ ਦਾ ਹੈ ਅਤੇ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ। ਸੰਗਤਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਲਾਂਘਾ ਖੁਲਵਾਉਣਾ ਹੀ ਸੀ ਤਾਂ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਖੁਲਵਾਇਆ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦੇ ਸਹਿਯੋਗ ਨਾਲ ਹੀ ਇਹ ਕਾਰਜ ਪੂਰਾ ਹੋਇਆ ਹੈ।
Sangat At Sultanpur Lodhi
ਇਸ ਦੇ ਨਾਲ ਹੀ ਸੁਲਤਾਨਪੁਰੀ ਲੋਧੀ ਵਿਖੇ ਕੀਤੇ ਗਏ ਪ੍ਰਬੰਧਾਂ ਲਈ ਸੰਗਤਾਂ ਵੱਲੋਂ ਸਰਕਾਰ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਸੰਗਤਾਂ ਦਾ ਕਹਿਣਾ ਹੈ ਕਿ ਇਹ ਪ੍ਰਬੰਧ ਕਰਨਾ ਸਰਕਾਰ ਦਾ ਫਰਜ਼ ਹੈ ਅਤੇ ਸਰਕਾਰ ਅਪਣੇ ਫਰਜ਼ ਚੰਗੀ ਤਰ੍ਹਾਂ ਨਿਭਾਅ ਰਹੀ ਹੈ। ਇਸ ਮੌਕੇ ‘ਤੇ ਸੰਗਤਾਂ ਦੇ ਚਿਹਰੇ ‘ਤੇ ਖੁਸ਼ੀ ਅਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ‘ਤੇ ਬੀਬੀਆਂ ਨੇ ਵੀ ਲਾਂਘੇ ਦਾ ਸਿਹਰਾ ਸਿੱਧੂ ਅਤੇ ਇਮਰਾਨ ਖ਼ਾਨ ਸਿਰ ਬੰਨਿਆ ਹੈ। ਸੰਗਤਾਂ ਦੇ ਮਨਾਂ ਵਿਚ ਹਾਲੇ ਵੀ ਸ਼ੱਕ ਹੈ ਕਿ ਉਹਨਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਣਗੇ ਜਾਂ ਨਹੀਂ। ਇਸ ਦੇ ਨਾਲ ਹੀ ਬੀਬੀਆਂ ਵੱਲੋਂ ਨਵਜੋਤ ਸਿੰਘ ਅਤੇ ਇਮਰਾਨ ਖ਼ਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।
Sangat At Sultanpur Lodhi
ਇਸ ਦੇ ਨਾਲ ਹੀ ਸੰਗਤ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਸੰਗਤਾਂ ਲਈ ਲਾਂਘੇ ਦੇ ਰਾਹ ਨੂੰ ਸੁਰੱਖਿਅਤ ਬਣਾਉਣ। ਖ਼ਰਾਬ ਮੌਸਮ ਦੇ ਬਾਵਜੂਦ ਵੀ ਇਸ ਮੌਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ। ਇਸ ਮੌਕੇ ਬੱਚਿਆਂ ਵਿਚ ਵੀ ਖੁਸ਼ੀ ਦੀ ਲਹਿਰ ਪਾਈ ਗਈ। ਸੰਗਤਾਂ ਦਾ ਕਹਿਣਾ ਹੈ ਕਿ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਅਤੇ ਬਹੁਤ ਵਧੀਆ ਵਧੀਆ ਲੰਗਰ ਵੀ ਲੱਗੇ ਹਨ। ਸੰਗਤਾਂ ਦਾ ਇਹ ਵੀ ਕਹਿਣ ਹੈ ਕਿ ਇਸ ਮੌਕੇ ‘ਤੇ ਦੋ ਵੱਖਰੀਆਂ ਸਟੇਜਾਂ ਲਗਾ ਕੇ ਉਹਨਾਂ ਨੂੰ ਵੰਡਿਆ ਨਾ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।