
ਧਾਰਮਕ ਸਥਾਨਾਂ ਦੀ ਸੈਰ ਲਈ ਦਿੱਤੀਆਂ ਜਾ ਰਹੀ ਹਨ ਮੁਫ਼ਤ ਸਾਈਕਲਾਂ
ਸੁਲਤਾਨਪੁਰ ਲੋਧੀ : ਬਾਬਾ ਨਾਨਕ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ 'ਚ ਸੰਗਤਾਂ ਦੇ ਲਈ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇਕ ਅਨੋਖੀ ਪਹਿਲ ਕੀਤੀ ਗਈ ਹੈ। ਦੂਰ-ਦੁਰਾਡੇ ਤੋਂ ਆਉਣ ਜਾਣ ਵਾਲੇ ਲੋਕ ਪਵਿੱਤਰ ਧਾਰਮਕ ਸਥਾਨਾਂ 'ਤੇ ਪਹੁੰਚਣ ਲਈ ਸੁਲਤਾਨਪੁਰ ਲੋਧੀ ਵਿਚ ਸਥਾਪਤ ਕੀਤੇ ਗਏ ਚਾਰ ਸਾਈਕਲ ਸਟੈਂਡਾਂ 'ਤੇ ਸਿਰਫ਼ ਆਪਣਾ ਪਛਾਣ ਪੱਤਰ ਦਿਖਾ ਕੇ ਦਿਨਭਰ ਦੇ ਲਈ ਮੁਫ਼ਤ 'ਚ ਸਾਈਕਲ ਲੈ ਸਕਦੇ ਹਨ। ਸਾਰਾ ਦਿਨ ਮੁਫ਼ਤ ਸੇਵਾ ਤੋਂ ਬਾਅਦ ਸ਼ਾਮ ਨੂੰ ਸਾਈਕਲ ਸਟੈਂਡ 'ਤੇ ਇਹ ਸਾਈਕਲ ਵਾਪਸ ਜਮ੍ਹਾ ਕਰਵਾਇਆ ਜਾਂਦਾ ਹੈ।
Free bicycles provided to the devotees
ਸੁਲਤਾਨਪੁਰ ਲੋਧੀ 'ਚ ਇਸ ਤਰ੍ਹਾਂ ਦੇ 4 ਸਾਈਕਲ ਸਟੈਂਡ ਸਥਾਪਤ ਕੀਤੀ ਗਏ ਹਨ। ਪਹਿਲਾ ਸਾਈਕਲ ਸਟੈਂਡ ਨਗਰ ਕੌਂਸਲ ਦਫ਼ਤਰ ਦੇ ਬਾਹਰ, ਦੂਸਰਾ ਬੱਸ ਸਟੈਂਡ, ਤੀਸਰਾ ਗੁਰਦੁਆਰਾ ਬੇਰ ਸਾਹਿਬ ਅਤੇ ਚੌਥਾ ਗੁਰਦੁਆਰਾ ਸ੍ਰੀ ਹੱਟ ਸਾਹਿਬ ਦੇ ਨਜ਼ਦੀਕ ਸਥਾਪਤ ਕੀਤਾ ਗਿਆ ਹੈ। ਹੀਰੋ ਕੰਪਨੀ ਦੇ ਸੁਪਰਵਾਈਜ਼ਰ ਰਿਸ਼ਬ ਨੇ ਦਸਿਆ ਕਿ ਹਰੇਕ ਸਾਈਕਲ ਸਟੈਂਡ 'ਤੇ ਸੰਗਤ ਦੇ ਲਈ 2525 ਸਾਈਕਲਾਂ ਉਪਲੱਬਧ ਹਨ। ਇਥੇ ਕੋਈ ਵੀ ਵਿਅਕਤੀ ਆਪਣਾ ਪਛਾਣ ਪੱਤਰ ਦਿਖਾ ਕੇ ਸਾਈਕਲ ਦਿਨਭਰ ਦੇ ਲਈ ਲੈ ਸਕਦਾ ਹੈ। ਸਬੰਧਤ ਵਿਅਕਤੀ ਦਾ ਆਈ. ਕਾਰਡ ਅਸੀਂ ਜਮ੍ਹਾ ਕਰ ਲੈਂਦੇ ਹਾਂ ਅਤੇ ਸਾਈਕਲ ਵਾਪਸ ਦੇਣ 'ਤੇ ਆਈ. ਕਾਰਡ ਵਾਪਸ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਪੂਰੇ ਸ਼ਹਿਰ ਦਾ ਚੱਕਰ ਲਗਾਉਣਾ ਚਾਹੁੰਦੇ ਹਨ ਅਤੇ ਭੀੜ ਭੜੱਕੇ ਦੇ ਚਲਦੇ ਆਪਣੀ ਕਾਰ ਆਦਿ ਨਹੀਂ ਲਿਆ ਸਕਦੇ, ਉਨ੍ਹਾਂ ਵਲੋਂ ਸਾਈਕਲ ਕਾਫੀ ਲਿਜਾਇਆ ਜਾ ਰਿਹਾ ਹੈ।
Free bicycles provided to the devotees
ਉਨ੍ਹਾਂ ਦਸਿਆ ਕਿ 31 ਅਕਤੂਬਰ ਨੂੰ ਇਹ ਸਾਈਕਲ ਸਟੈਂਡ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਹੁਣ ਤੱਕ 1500 ਤੋਂ ਜ਼ਿਆਦਾ ਸੰਗਤ ਸਾਈਕਲ ਦਾ ਫਾਇਦਾ ਲੈ ਚੁੱਕੀ ਹੈ। ਰੋਜ਼ਾਨਾ 200 ਤੋਂ ਜ਼ਿਆਦਾ ਸੰਗਤ ਸਾਈਕਲ ਲੈ ਰਹੀ ਹੈ। ਕੁੱਝ ਲੋਕ ਅੱਧੇ ਘੰਟੇ ਦੇ ਲਈ ਸਾਈਕਲ ਲੈ ਜਾਂਦੇ ਹਨ ਅਤੇ ਕੁਝ ਦਿਨਭਰ ਸਾਈਕਲ ਆਪਣੇ ਕੋਲ ਰਖਦੇ ਹਨ। ਉਨ੍ਹਾਂ ਦਸਿਆ ਕਿ ਫਿਲਹਾਲ ਗੁਰਪੁਰਬ ਤਕ ਇਹ ਸੇਵਾ ਜਾਰੀ ਰੱਖੀ ਜਾਵੇਗੀ। ਬਾਅਦ ਵਿਚ ਜ਼ਰੂਰਤ ਪੈਣ 'ਤੇ ਇਸ ਨੁੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਰਿਸ਼ਬ ਨੇ ਦਸਿਆ ਕਿ ਇਸ ਸੇਵਾ ਨੂੰ ਲੈ ਕੇ ਕਾਫੀ ਉਤਸੁਕਤਾ ਹੈ ਅਤੇ ਲੋਕ ਵੱਡੀ ਤਾਦਾਦ ਵਿੱਚ ਸਾਡੇ ਸਾਈਕਲ ਸਟੈਂਡ 'ਤੇ ਸਾਈਕਲ ਦੇ ਲਈ ਪਹੁੰਚ ਰਹੇ ਹਨ।
Free bicycles provided to the devotees
ਸਾਈਕਲ ਸਟੈਂਡ 'ਤੇ ਆਏ ਜਲੰਧਰ ਦੇ ਅਵਤਾਰ ਸਿੰਘ ਨਗਰ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਨੇ ਦਸਿਆ ਕਿ ਉਹ ਗੁਰੂਘਰ ਵਿਚ ਸ਼ੀਸ਼ ਨਿਵਾਉਣ ਆਏ ਹਨ ਲੇਕਿਨ ਹੁਣ ਉਨ੍ਹਾਂ ਨੇ ਇਥੇ ਸਥਿਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਘੁੰਮਣ ਦਾ ਮਨ ਬਣਾਇਆ ਹੈ। ਇਸ ਲਈ ਉਹ ਸਾਈਕਲ ਲੈ ਕੇ ਸਾਰੇ ਗੁਰੂਘਰਾਂ ਤੱਕ ਜਾਣਾ ਚਾਹੁੰਦੇ ਹਨ, ਜਿਸ ਦੇ ਚਲਦੇ ਉਨ੍ਹਾਂ ਨੇ ਸਾਈਕਲ ਸਟੈਂਡ ਵਿਚ ਆਪਣਾ ਪਛਾਣ ਪੱਤਰ ਜਮ੍ਹਾਂ ਕਰਵਾ ਕੇ ਇੱਕ ਸਾਈਕਲ ਲੈ ਲਿਆ ਹੈ।