
-ਕਿਹਾ, ਸੰਵਿਧਾਨ ਦੀ ਤੌਹੀਨ ਅਤੇ ਖਜ਼ਾਨੇ ’ਤੇ ਬੇਲੋੜਾ ਬੋਝ ਹੈ ਸਰਕਾਰ ਦਾ ਫ਼ੈਸਲਾ
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੋਮਵਾਰ ਨੂੰ ਵਿਧਾਨ ਸਭਾ ਦੀ ਇਕਲੌਤੀ ਬੈਠਕ ਕਰਕੇ ਸਦਨ ਦੀ ਕਾਰਵਾਈ ਦੋ ਦਿਨਾਂ ਲਈ ਮੁਲਤਵੀ ਕਰਕੇ 11 ਨਵੰਬਰ ਨੂੰ ਕੀਤੇ ਜਾਣ ਵਾਲੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਦੋਸ਼ ਲਾਇਆ ਕਿ ਸਰਕਾਰ ਅਜਿਹੇ ਤੁਗ਼ਲਕੀ ਫ਼ੈਸਲੇ ਲੈ ਕੇ ਨਾ ਕੇਵਲ ਸੰਵਿਧਾਨ ਦੀ ਤੌਹੀਨ ਕਰ ਰਹੀ ਹੈ, ਸਗੋਂ ਲੋਕਾਂ ਦੇ ਪੈਸੇ (ਸਰਕਾਰੀ ਖਜ਼ਾਨੇ) ’ਤੇ ਵੀ ਬੇਲੋੜਾ ਅਤੇ ਬੇਤੁਕਾ ਬੋਝ ਪਾ ਰਹੀ ਹੈ। ਵਿਧਾਨ ਸਭਾ ਇਜਲਾਸ ਦੌਰਾਨ ਚੰਦ ਮਿੰਟਾਂ ’ਚ ਖ਼ਤਮ ਹੋਈ ਸ਼ਰਧਾਂਜਲੀ ਬੈਠਕ ਤੋਂ ਬਾਅਦ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬਿਨ੍ਹਾਂ ਮੂੰਹ- ਸਿਰ (ਹੈਡਲੱਸ) ਸਰਕਾਰ ਚੱਲ ਰਹੀ ਹੈ।
Charanjit Singh Channi
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੀ ਕੈਬਨਿਟ ਦਾ ਸਾਰਾ ਜ਼ੋਰ ਇਸ ਗੱਲ ’ਤੇ ਲੱਗਾ ਹੈ ਕਿ ਕਿਵੇਂ ਨਾ ਕਿਵੇਂ ਪੌਣੇ ਪੰਜ ਸਾਲਾਂ ਦੇ ਨਹਾਇਤ ਨਿਕੰਮੇ ਸ਼ਾਸਨ ਦੀਆਂ ਨਾਕਾਮੀਆਂ ਛੁਪਾਈਆਂ ਜਾ ਸਕਣ। ਇਸ ਕਰਕੇ ਸਰਕਾਰ ਸੜਕਾਂ ’ਤੇ ਧਰਨੇ ਲਾਈ ਬੈਠੇ ਪ੍ਰਦਰਸ਼ਨਕਾਰੀਆਂ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਸਵਾਲਾਂ ਤੋਂ ਭੱਜ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਕਮਜ਼ੋਰੀਆਂ ਨੂੰ ਛੁਪਾ ਰਹੀ ਹੈ ਅਤੇ ਸੈਸ਼ਨ ਦੇ ਨਾਟਕ ਰਾਹੀਂ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਕੀਤਾ ਗਿਆ ਹੈ।
Harpal Singh Cheema
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਉਦੋਂ ਕਿਹਾ ਸੀ ਕਿ ਸੈਸ਼ਨ ਦਾ ਇੱਕ ਦਿਨ ਦਾ ਖਰਚ 70 ਹਜ਼ਾਰ ਰੁਪਏ ਆਉਂਦਾ ਹੈ। ਹੁਣ ਮਹਿੰਗਾਈ ਦੇ ਚਲਦਿਆਂ ਖਰਚਾ ਹੋਰ ਵੀ ਵੱਧ ਗਿਆ ਹੈ। ਇਸ ਫਜ਼ੂਲ ਖਰਚੀ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਇਹ ਦੱਸਣ ਕਿ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? ਬਿਹਤਰ ਹੁੰਦਾ ਕਿ ਇਸ ਸੈਸ਼ਨ ਨੂੰ ਦੋ ਦਿਨ ਲਈ ਮੁਲਤਵੀ ਕਰਨ ਦੀ ਬਜਾਏ ਅੱਗੇ 15 ਦਿਨਾਂ ਲਈ ਵਧਾਇਆ ਜਾਂਦਾ। ਚੀਮਾ ਨੇ ਲੰਬਿਤ ਪਏ ਮੌਨਸੂਨ ਸੈਸ਼ਨ ਨੂੰ ਜਲਦ ਅਤੇ ਘੱਟ ਤੋਂ ਘੱਟ 15 ਦਿਨ ਲਈ ਬੁਲਾਉਣ ਦੀ ਮੰਗ ਕੀਤੀ ਅਤੇ ਇਸ ਦਾ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਵੀ ਦੁਹਰਾਈ।
CM Charanjit Singh Channi
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਵੱਲੋਂ ਕਾਂਗਰਸ ਸਰਕਾਰ ਤੋਂ ਪੰਜ ਸਾਲਾਂ ਦੀ ਕਾਰਗੁਜਾਰੀ ਦਾ ਲੇਖਾ- ਜੋਖਾ ਪੁੱਛਿਆ ਜਾਵੇਗਾ। ਪੁੱਛਿਆ ਜਾਵੇਗਾ ਕਿ ਚੰਨੀ ਸਰਕਾਰ ਕਿਸ ‘ਡੀਲ’ ਵਿੱਚ ਅੱਧਾ ਪੰਜਾਬ ਬੀ.ਐਸ.ਐਫ਼ ਦੇ ਰਾਹੀਂ ਮੋਦੀ ਅਤੇ ਅਮਿਤ ਸ਼ਾਹ ਨੂੰ ਸੌਂਪ ਕੇ ਆਏ ਹਨ। ਕਿਸਾਨੀ ਕਰਜਾ, ਮਜ਼ਦੂਰਾਂ, ਵਪਾਰੀਆਂ, ਉਦਯੋਗਪਤੀਆਂ ਦੇ ਸਬੰਧ ਵਿੱਚ ਅਤੇ ਸੋਹਾਣਾ (ਮੋਹਾਲੀ) ਵਿਖੇ ਪਾਣੀ ਵਾਲੀ ਟੈਂਕੀ ’ਤੇ ਬੈਠੇ ਪੀ.ਟੀ.ਆਈ ਅਧਿਆਪਕਾਂ, ਪਟਿਆਲਾ ਦੇ ਟਾਵਰਾਂ ’ਤੇ ਚੜ੍ਹੇ ਅਤੇ ਮਰਨ ਵਰਤ ’ਤੇ ਬੈਠੇ ਬੇਰੁਜ਼ਗਾਰਾਂ ਦੇ ਸਵਾਲ ਪੁੱਛੇ ਜਾਣਗੇ। ਕਿਉਂਕਿ ਕਾਂਗਰਸ ਨੇ ਘਰ- ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ।
Aman arora
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ 70 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਸੈਸ਼ਨ ਨਿਰੰਤਰ ਜਾਰੀ ਹੈ, ਪਰ ਮੰਗਲਵਾਰ ਤੋਂ ਵੀਰਵਾਰ ਦੇ ਵਿਚਕਾਰ ਦੋ ਦਿਨਾਂ ਦੀ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਦੋਂ ਕਿ ਇਕ ਸਾਲ ਵਿੱਚ 40 ਦਿਨਾਂ ਦੀ ਹਾਜਰੀ ਹੋਣੀ ਚਾਹੀਦੀ ਹੈ, ਜਿਹੜੀ ਹੁਣ ਕੇਵਲ 10- 11 ਦਿਨ ਦੀ ਹੁੰਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਗੁਰੂ ਸਾਹਿਬ ਨੂੰ ਸਮਰਪਿਤ ਇੱਕ ਦਿਨ ਦੇ ਵਿਸ਼ੇਸ਼ ਸੈਸ਼ਨ ਤੋਂ ਬਾਅਦ 10- 15 ਦਿਨ ਦਾ ਸੈਸ਼ਨ ਕਰਨ ਦੀ ਵਾਅਦਾ ਕੀਤਾ ਸੀ।
CM Charanjit Singh Channi
ਭਾਂਵੇਂ ਹੁਣ ਸੈਸ਼ਨ ਬੁਲਾਇਆ ਗਿਆ, ਪਰ ਦਸ ਮਿੰਟ ਬਾਅਦ ਵਿਚਕਾਰ ਦੋ ਦਿਨ ਦੀ ਛੁੱਟੀ ਕਰ ਦਿੱਤੀ ਗਈ ਹੈ। ਇਸ ਤੋਂ ਪਤਾ ਚੱਲਦਾ ਹੈ ਜਿਵੇਂ ਸਰਕਾਰ ਨੂੰ ਥਕਾਵਟ ਹੋ ਗਈ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫ਼ੇਲ ਹੈ। ਸਰਕਾਰ ਕੋਲ ਤਿੰਨ ਕਰੋੜ ਜਨਤਾ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਕਾਂਗਰਸ ਸਰਕਾਰ ਲੋਕ ਮੁੱਦਿਆਂ ਤੋਂ ਭੱਜਦੀ ਹੈ, ਜਦ ਸਰਕਾਰ ਦੇ ਆਪਸੀ ਝਗੜੇ ਖ਼ਤਮ ਨਹੀਂ ਹੁੰਦੇ ਤਾਂ ਉਹ ਜਨਤਾ ਦੇ ਮਾਮਲਿਆਂ ਦਾ ਕੀ ਹੱਲ ਕਰੇਗੀ।
ਅਮਨ ਅਰੋੜਾ ਨੇ ਕਿਹਾ ਕਿ ਜ਼ਿੰਮੇਦਾਰ ਵਿਰੋਧੀ ਧਿਰ ਦੇੇ ਰੂਪ ਵਿੱਚ ‘ਆਪ’ ਕਾਂਗਰਸ ਸਰਕਾਰ ਤੋਂ ਜਨਤਾ ਦੇ ਸਾਰੇ ਸਵਾਲ ਪੁੱਛੇਗੀ। ਬੀ.ਐਸ.ਐਫ਼. ਦੇ ਅਧਿਕਾਰ ਖੇਤਰ ਵਿੱਚ ਵਾਧੇ ’ਤੇ ਵੀ ਸਵਾਲ ਪੁੱਛੇ ਜਾਣਗੇ।
BSF
ਉਨ੍ਹਾਂ ਸੈਸ਼ਨ ਦੀ ਸਮਾਂਬੰਦੀ ਬਾਰੇ ਵੀ ਸਵਾਲ ਚੁੱਕੇ ਕਿ ਕੀ ਅੱਜ ਕੇਵਲ ਇੱਕ ਬੀ.ਐਸ.ਐਫ਼ ਦਾ ਮਾਮਲਾ ਹੈ? ਪੰਜਾਬ ਵਿੱਚ ਨਸ਼ਾ, ਬੇਅਦਬੀ ਅਤੇ ਤਿੰਨ ਲੱਖ ਕਰੋੜ ਦੇ ਕਰਜੇ ਦਾ ਮਾਮਲਾ ਖ਼ਤਮ ਹੋ ਗਿਆ? ਉਦਯੋਗ ਬਰਬਾਦ ਹੋ ਰਹੇ ਹਨ, ਪੰਜਾਬ ਦੀ ਸਿਹਤ ਅਤੇ ਸਿੱਖਿਆ ਵਿਵਸਥਾ ਹਾਸ਼ੀਏ ’ਤੇ ਚਲੇ ਗਈ ਹੈ, ਪਰ ਕਾਂਗਰਸ ਇਨਾਂ ਸਾਰੇ ਮੁੱਦਿਆਂ ਤੋਂ ਡਰਦੀ ਹੈ। ਭਾਂਵੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਹੁਣ ਚਰਨਜੀਤ ਸਿੰਘ ਚੰਨੀ, ਇਨ੍ਹਾਂ ਪੰਜ ਸਾਲ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ।ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਸੰਦੋਆ ਅਤੇ ਜੈ ਸਿੰਘ ਰੋੜੀ (ਸਾਰੇ ਵਿਧਾਇਕ) ਮੌਜ਼ੂਦ ਸਨ।