
21 ਜਨਵਰੀ 2004 ਨੂੰ ਇਹ ਤਿੰਨੇ 94 ਫੁੱਟ ਲੰਬੀ ਤੇ ਢਾਈ ਫੁੱਟ ਚੌੜੀ ਸੁਰੰਗ ਪੁੱਟ ਕੇ ਬੁੜੈਲ ਜੇਲ੍ਹ ਵਿਚੋਂ ਹੋਏ ਸਨ ਫ਼ਰਾਰ
ਚੰਡੀਗੜ੍ਹ : ਚੰਡੀਗੜ੍ਹ ਬੁੜੈਲ ਜੇਲ੍ਹ ਬ੍ਰੇਕ ਮਾਮਲੇ ਵਿਚ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਜਗਤਾਰ ਸਿੰਘ ਤਾਰਾ, ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਉਰਾ ਸਜ਼ਾ ਕੱਟ ਰਹੇ ਸਨ। 21 ਜਨਵਰੀ 2004 ਨੂੰ ਇਹ ਤਿੰਨੇ 94 ਫੁੱਟ ਲੰਬੀ ਅਤੇ ਢਾਈ ਫੁੱਟ ਚੌੜੀ ਸੁਰੰਗ ਪੁੱਟ ਕੇ ਬੁੜੈਲ ਜੇਲ੍ਹ ਵਿਚੋਂ ਫ਼ਰਾਰ ਹੋ ਗਏ ਸਨ। ਜਿਸ ਤਹਿਤ ਇਨ੍ਹਾਂ 'ਤੇ ਇਹ ਮਾਮਲਾ ਚਲ ਰਿਹਾ ਸੀ।
ਇਹ ਵੀ ਦੱਸਣਯੋਗ ਹੈ ਕਿ ਤਾਰਾ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ ਅਤੇ ਉਹ ਬੇਅੰਤ ਸਿੰਘ ਕਤਲ ਮਾਮਲੇ ਵਿਚ ਉਮਰ ਕੈਦ ਕੱਟ ਰਹੇ ਸਨ। ਹਾਲਾਂਕਿ ਜੇਲ੍ਹ ਬ੍ਰੇਕ ਮਾਮਲੇ ਵਿਚ ਵੀ ਜਗਤਾਰ ਤਾਰਾ ਆਪਣਾ ਲਿਖ਼ਤੀ ਕਬੂਲਨਾਮਾ ਦੇ ਚੁੱਕੇ ਸਨ ਪਰ ਹੁਣ ਕੋਰਟ ਵਲੋਂ ਉਨ੍ਹਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ।
ਦੱਸ ਦੇਈਏ ਕਿ 21 ਜਨਵਰੀ 2004 ਨੂੰ ਜਗਤਾਰ ਤਾਰਾ ਆਪਣੇ ਸਾਥੀਆਂ ਸਮੇਤ ਅਤਿ ਆਧੁਨਿਕ ਜੇਲ੍ਹ ਵਿਚੋਂ ਫ਼ਰਾਰ ਹੋਣ ਵਿਚ ਸਫ਼ਲ ਹੋਏ ਸਨ ਤਾਂ 11 ਸਾਲ ਬਾਅਦ 6 ਜਨਵਰੀ 2015 ਨੂੰ ਉਨ੍ਹਾਂ ਨੂੰ ਬੈੰਕਾਕ 'ਚ ਥਾਈਲੈਂਡ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਜਗਤਾਰ ਤਾਰਾ ਨੂੰ ਭਾਰਤ ਲਿਆ ਕਿ ਮਾਮਲਾ ਦੁਬਾਰਾ ਚਲਾਇਆ ਗਿਆ ਸੀ ਅਤੇ ਅੱਜ ਕੋਰਟ ਵਲੋਂ ਉਨ੍ਹਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ।
Jagtar Singh Tara
ਉਧਰ ਜਗਤਾਰ ਤਾਰਾ ਦੇ ਵਕੀਲ ਨੇ ਕੋਰਟ ਵਿਚ ਦਲੀਲ ਦਿਤੀ ਹੈ ਕਿ ਇਸ ਮਾਮਲੇ ਵਿਚ ਤਾਰਾ ਦੀ ਸਜ਼ਾ ਦੋ ਸਾਲ ਦੀ ਬਣਦੀ ਹੈ ਪਰ ਉਹ ਪਹਿਲਾਂ ਹਨ ਪੰਜ ਸਾਲ ਦੀ ਸਜ਼ਾ ਕੱਟ ਚੁੱਕੇ ਹਨ। ਹਾਲਾਂਕਿ ਜਗਤਾਰ ਤਾਰਾ ਨੇ ਖੁਦ ਆਪਣਾ ਕਬੂਲਨਾਮਾ ਲਿਖ਼ਤੀ ਰੂਪ ਵਿਚ ਕੋਰਟ ਵਿਚ ਦਿਤਾ ਸੀ ਅਤੇ ਉਹ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਬੇਅੰਤ ਸਿੰਘ ਦੇ ਕਤਲ 'ਤੇ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਜਨਰਲ ਡਾਇਰ ਵਾਂਗ ਵੀ ਕਈ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਪਰ ਉਸ ਬਲਾਸਟ ਵਿਚ ਮਾਰੇ ਗਏ 16 ਨਿਰਦੋਸ਼ ਲੋਕਾਂ ਦੀ ਮੌਤ ਦਾ ਅਫ਼ਸੋਸ ਹੈ।
jagtar singh tara
ਜ਼ਿਕਰਯੋਗ ਹੈ ਕਿ 1995 ਵਿਚ ਜਗਤਾਰ ਤਾਰਾ ਨੇ ਜਗਤਾਰ ਸਿੰਘ ਹਵਾਰਾ ਅਤੇ ਦਿਲਾਵਰ ਸਿੰਘ ਬੱਬਰ ਨਾਲ ਮਿਲ ਕੇ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਲਈ ਚੰਡੀਗੜ੍ਹ ਦੇ ਪੰਜਾਬ ਸਕੱਤਰੇਤ ਦੇ ਵਿਚ ਬੰਬ ਧਮਾਕਾ ਕੀਤਾ ਗਿਆ ਸੀ। ਇਸ ਮਾਮਲੇ ਵਿਚ ਗ੍ਰਿਫਤਾਰੀ ਮਗਰੋਂ ਉਹ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਸਜ਼ਾ ਕੱਟ ਰਹੇ ਸਨ।