
ਬਾਦਲਾਂ ਵਲੋਂ ਸ੍ਰੀ ਦਰਬਾਰ ਸਾਹਿਬ 'ਚ ਭੁੱਲਾਂ ਚੁੱਕਾਂ ਦੀ ਮੁਆਫ਼ੀ ਮੰਗੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ
ਅੰਮ੍ਰਿਤਸਰ (ਭਾਸ਼ਾ) : ਬਾਦਲਾਂ ਵਲੋਂ ਸ੍ਰੀ ਦਰਬਾਰ ਸਾਹਿਬ 'ਚ ਭੁੱਲਾਂ ਚੁੱਕਾਂ ਦੀ ਮੁਆਫ਼ੀ ਮੰਗੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਤਿੱਖਾ ਨਿਸ਼ਾਨਾ ਸਾਧਿਆ ਹੈ। ਸਰਨਾ ਨੇ ਆਖਿਆ ਕਿ ਮੁਆਫ਼ੀ ਉਹੀ ਮੰਗਦਾ ਹੈ, ਜਿਸ ਨੇ ਕੋਈ ਗ਼ਲਤੀ ਜਾਂ ਗੁਨਾਹ ਕੀਤਾ ਹੋਵੇ। ਇਸ ਦਾ ਮਤਲਬ ਇਹ ਹੈ ਕਿ ਬਾਦਲਾਂ ਨੇ ਅਪਣਾ ਗੁਨਾਹ ਕਬੂਲ ਕਰ ਲਿਆ ਹੈ, ਤਾਂ ਉਹ ਅਪਣੀਆਂ ਗ਼ਲਤੀਆਂ ਦੀ ਮੁਆਫ਼ੀ ਮੰਗ ਰਹੇ ਹਨ।
ਦਸ ਦਈਏ ਕਿ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਅਤੇ ਸੌਦਾ ਸਾਧ ਦੀ ਮੁਆਫ਼ੀ ਸਮੇਤ ਹੋਰ ਕਈ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਕਸੂਤੀ ਸਥਿਤੀ ਵਿਚ ਫਸਿਆ ਹੋਇਆ ਹੈ। ਇਸ ਦੇ ਚਲਦਿਆਂ ਕਈ ਵੱਡੇ ਟਕਸਾਲੀ ਲੀਡਰ ਵੀ ਬਾਦਲਾਂ ਦਾ ਸਾਥ ਛੱਡ ਚੁੱਕੇ ਹਨ। ਇਸੇ ਲਈ ਹੁਣ ਬਾਦਲਾਂ ਵਲੋਂ ਇਹ ਖ਼ਿਮਾ ਯਾਚਨਾ ਕਰਕੇ ਮੁੜ ਤੋਂ ਪਾਰਟੀ ਦਾ ਅਕਸ ਸੁਧਾਰਨ ਦਾ ਯਤਨ ਕੀਤਾ ਜਾ ਰਿਹੈ।
ਪਰ ਇਸ ਮੁਆਫ਼ੀ ਤੋਂ ਬਾਅਦ ਇਹ ਚਰਚਾ ਵੀ ਛਿੜ ਗਈ ਹੈ ਕਿ ਬਾਦਲਾਂ ਨੇ ਅਪਣਾ ਗੁਨਾਹ ਕਬੂਲ ਕਰ ਲਏ ਹਨ, ਇਸੇ ਲਈ ਉਨ੍ਹਾਂ ਵਲੋਂ ਮੁਆਫ਼ੀ ਮੰਗੀ ਜਾ ਰਹੀ ਹੈ। ਕਿਉਂਕਿ ਇਹ ਸਾਰੇ ਭਲੀ ਭਾਂਤ ਜਾਣਦੇ ਹਨ ਕਿ ਮੁਆਫ਼ੀ ਤਾਂ ਕਿਸੇ ਗ਼ਲਤੀ ਤੋਂ ਬਾਅਦ ਹੀ ਮੰਗੀ ਜਾਂਦੀ ਹੈ। ਹਾਲਾਂਕਿ ਬਾਦਲਾਂ ਵਲੋਂ ਇਹ ਸਪੱਸ਼ਟ ਨਹੀਂ ਕੀਤਾ ਜਾ ਰਿਹੈ ਕਿ ਉਹ ਕਿਸ ਗੱਲ ਦੀ ਖ਼ਿਮਾ ਮੰਗ ਰਹੇ ਹਨ?