
ਦਿੱਲੀ ਗੁਰਦਵਾਰਾ ਕਮੇਟੀ ਭੰਗ ਨਹੀਂ ਹੋਈ, ਬਲਕਿ ਮੌਜੂਦਾ ਕਮੇਟੀ ਨੇ ਗੁਰਦਵਾਰਾ ਡਾਇਰੈਕਟੋਰੇਟ ਨੂੰ ਤੈਅ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਤਜਵੀਜ਼ ਭੇਜੀ ਹੈ.......
ਦਿੱਲੀ ਗੁਰਦਵਾਰਾ ਕਮੇਟੀ ਭੰਗ ਨਹੀਂ ਹੋਈ, ਬਲਕਿ ਮੌਜੂਦਾ ਕਮੇਟੀ ਨੇ ਗੁਰਦਵਾਰਾ ਡਾਇਰੈਕਟੋਰੇਟ ਨੂੰ ਤੈਅ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਤਜਵੀਜ਼ ਭੇਜੀ ਹੈ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦੋ ਸਿਖਰਲੇ ਅਹੁਦੇਦਾਰਾਂ ਸ.ਮਨਜੀਤ ਸਿੰਘ ਜੀ.ਕੇ. ਤੇ ਸ.ਮਨਜਿੰਦਰ ਸਿੰਘ ਸਿਰਸਾ ਵਿਚਕਾਰ ਚਲ ਰਹੇ ਟਕਰਾਅ ਤੇ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਪਿਛੋਂ ਅੱਜ ਦਿੱਲੀ ਕਮੇਟੀ ਦੀ ਹੋਈ ਕਾਰਜਕਾਰਨੀ ਮੀਟਿੰਗ ਵਿਚ ਤੈਅ ਸਮੇਂ 28 ਮਾਰਚ ਤੋਂ ਪਹਿਲਾਂ ਹੀ ਨਵੀਂ ਕਾਰਜਕਾਰਨੀ ਦੀ ਚੋਣ ਕਰਵਾਉਣ ਦਾ ਫ਼ੈਸਲਾ ਲੈ ਲਿਆ ਗਿਆ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਇਹ ਫ਼ੈਸਲਾ ਲੈਣਗੇ ਕਿ ਕਮੇਟੀ ਦਾ ਅਗਲਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਹੋਵੇਗਾ
ਜਾਂ ਮਨਜਿੰਦਰ ਸਿੰਘ ਸਿਰਸਾ ਜਾਂ ਫਿਰ ਕੋਈ ਹੋਰ ਬਾਦਲਾਂ ਦੇ 'ਰਵਾਇਤੀ ਲਿਫ਼ਾਫ਼ੇ' ਵਿਚੋਂ ਨਿਕਲੇਗਾ। ਸ.ਜੀ.ਕੇ. ਤੇ ਸ.ਸਿਰਸਾ ਦੋਹਾਂ ਨੇ ਸਪਸ਼ਟ ਕੀਤਾ ਕਿ ਉਹ ਪ੍ਰਧਾਨ ਤੇ ਜਨਰਲ ਸਕੱਤਰ ਬਣੇ ਰਹਿਣਗੇ, ਜਦੋਂ ਤੱਕ ਕਾਰਜਕਾਰਨੀ ਦੀ ਚੋਣ ਨਹੀਂ ਹੋ ਜਾਂਦੀ। ਪੁਰਾਣੀ ਕਮੇਟੀ ਪਹਿਲਾਂ ਵਾਂਗ ਹੀ ਕੰਮ ਕਾਜ ਕਰਦੀ ਰਹੇਗੀ।
ਮੀਟਿੰਗ ਪਿਛੋਂ ਸ਼ਾਮ 4:13 ਵੱਜੇ ਪੱਤਰਕਾਰਾਂ ਨੂੰ ਸੰਬੋਧਨ ਕਰਨ ਵੇਲੇ, ਜਦੋਂ ਸ.ਮਨਜੀਤ ਸਿੰਘ ਜੀ.ਕੇ., ਸ.ਸਿਰਸਾ ਤੇ ਹੋਰ ਮੈਂਬਰਾਂ ਦੀ ਹਾਜ਼ਰੀ ਵਿਚ ਇਹ ਐਲਾਨ ਕਰ ਰਹੇ ਸਨ, ਕਿ ਹੁਣ 21 ਦਿਨ ਬਾਅਦ ਚੋਣਾਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ
ਤਾਂ ਉਨ੍ਹਾਂ ਦਾ ਚਿਹਰਾ ਪੂਰੀ ਤਰ੍ਹਾਂ ਉਤਰਿਆ ਹੋਇਆ ਸੀ ਤੇ ਪਹਿਲਾਂ ਵਰਗੇ ਆਮ ਹਾਵ ਭਾਅ ਗਾਇਬ ਸਨ, ਜਿਸ ਤੋਂ ਸਪਸ਼ਟ ਹੋ ਰਿਹਾ ਸੀ ਕਿ ਉਨ੍ਹਾਂ ਹਾਈਕਮਾਨ ਸ.ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਕਾਰਜਕਾਰਨੀ ਦੀ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ। ਅਪਣੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਬਾਰੇ ਅਸਿੱਧੇ ਤੌਰ 'ਤੇ ਅਪਣਾ ਪੱਖ ਰੱਖਦੇ ਹੋਏ ਸ.ਜੀ.ਕੇ. ਨੇ ਕਿਹਾ, “ਜਦੋਂ ਤਕ ਮੈਂ ਦੋਸ਼ ਮੁਕਤ ਨਹੀਂ ਹੋ ਜਾਂਦਾ, ਉਦੋਂ ਤਕ ਗੁਰਦਵਾਰਾ ਕਮੇਟੀ ਵਿਚ ਕੋਈ ਅਹੁਦਾ ਨਹੀਂ ਲਵਾਂਗਾ। ਧਾਰਮਕ ਸਿਆਸਤ ਵਿਚ ਬੜੇ ਭੈੜੇ ਦੋਸ਼ ਲੱਗਦੇ ਰਹਿੰਦੇ ਹਨ, ਐਫਆਈਆਰ ਵੀ ਹੋ ਜਾਂਦੀ ਹੈ, ਫਿਰ ਵੀ ਅਸਤੀਫ਼ੇ ਨਹੀਂ ਦਿਤੇ ਜਾਂਦੇ।
ਕੋਰਟ ਕਚਹਿਰੀਆਂ ਤਾਂ ਪਾਸੇ ਰਹੀਆਂ, ਅਸੀਂ ਸੰਗਤ ਨੂੰ ਜਵਾਬਦੇਹ ਹਾਂ। ਜਦ ਤਕ ਮੇਰੇ 'ਤੇ ਲੱਗੇ ਦੋਸ਼ ਸਾਫ਼ ਨਹੀਂ ਹੋ ਜਾਂਦੇ, ਉਦੋਂ ਤਕ ਮੈਂ ਗੁਰਦਵਾਰਾ ਕਮੇਟੀ ਵਿਚ ਕੋਈ ਅਹੁਦਾ ਨਹੀਂ ਲਵਾਂਗਾ। ਇਸ ਲਈ ਅਸੀਂ ਪਾਰਟੀ ਹਾਈਕਮਾਨ ਨੂੰ ਅਪਣੇ ਜਜ਼ਬਾਤ ਤੋਂ ਜਾਣੂ ਕਰਵਾ ਦਿਤਾ ਸੀ, ਉਸ ਪਿਛੋਂ ਅਸੀਂ ਸਾਰਿਆਂ ਨੇ 3 ਮਹੀਨੇ ਪਹਿਲਾਂ ਹੀ ਕਾਰਜਕਾਰਨੀ ਦੀ ਚੋਣ ਕਰਵਾਉਣ ਦਾ ਫ਼ੈਸਲਾ ਲੈ ਲਿਆ ਹੈ ਕਿਉਂਕਿ ਐਕਟ ਮੁਤਾਬਕ ਜੋ ਨਿਯਮ ਹਨ, ਉਸ ਮੁਤਾਬਕ ਚੋਣਾਂ ਦੇ ਐਲਾਨ ਤੋਂ 21 ਦਿਨ ਬਾਅਦ ਜਾਂ ਅੰਦਰ ਚੋਣਾਂ ਹੋਈਆਂ ਲਾਜ਼ਮੀ ਹਨ।''
ਸ.ਜੀ.ਕੇ. ਨੇ ਇਹ ਵੀ ਕਿਹਾ, “ਨਵੀਂ ਕਾਰਜਕਾਰਨੀ ਦੀ ਚੋਣ ਪਿਛੋਂ ਇਕ ਕਮੇਟੀ ਬਣਾਈ ਜਾਵੇਗੀ ਜੋ ਮੇਰੇ 'ਤੇ ਲੱਗੇ ਦੋਸ਼ਾਂ ਬਾਰੇ ਤੱਥਾਂ ਦੀ ਪੂਰੀ ਪੜਤਾਲ ਕਰੇਗੀ।'' ਸ.ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, “ਕਾਰਜਕਾਰਨੀ ਬੋਰਡ ਨੇ ਇਹ ਫ਼ੈਸਲਾ ਲਿਆ ਹੈ ਕਿ ਜੋ ਚੋਣ 28 ਮਾਰਚ ਨੂੰ ਹੋਣੀ ਸੀ, ਉਹ ਹੁਣ 29 ਦਸੰਬਰ ਨੂੰ ਕਰਵਾਉਣ ਲਈ ਗੁਰਦਵਾਰਾ ਡਾਇਰੈਕਟਰ ਨੂੰ ਲਿਖ ਦਿਤਾ ਹੈ।'' ਕੀ ਸਿਰਸਾ ਅਗਲੇ ਪ੍ਰਧਾਨ ਹੋਣਗੇ ਦਾ ਜਵਾਬ ਉਹ ਟਾਲ ਗਏ ਤੇ ਕਹਿੰਦੇ, ਮੈਂਬਰਾਂ ਦੀ ਸਲਾਹ ਨਾਲ ਜਿਸ ਨੂੰ ਸ.ਸੁਖਬੀਰ ਸਿੰਘ ਬਾਦਲ ਬਣਾਉਣਗੇ ਉਹੀ ਪ੍ਰਧਾਨ ਬਣੇਗਾ।
ਖ਼ਾਸ ਤੌਰ 'ਤੇ 'ਸਪੋਕਸਮੈਨ' ਵਲੋਂ ਸ.ਜੀ.ਕੇ. ਤੇ ਸ.ਸਿਰਸਾ ਨੂੰ ਪੁਛੇ ਗਏ ਸਵਾਲ ਕਿ ਕੀ ਸਮੇਂ ਤੋਂ ਪਹਿਲਾਂ ਨਵੀਂ ਕਾਰਜਕਾਰਨੀ ਦੀ ਚੋਣ ਕਰਵਾਉਣ ਬਾਰੇ ਜੋ ਅੱਜ ਐਲਾਨ ਕਰ ਰਹੇ ਹੋ, ਕੀ ਇਹ ਤੁਹਾਡੇ ਦੋਹਾਂ ਵਿਚਕਾਰ ਡੇਢ ਮਹੀਨੇ ਤੋਂ ਚਲ ਰਹੇ ਟਕਰਾਅ ਦਾ ਹੀ ਨਤੀਜਾ ਹੈ, ਤਾਂ ਸ.ਸਿਰਸਾ ਨੇ ਕਿਹਾ, “ਅਸੀਂ ਦੋਵੇਂ 6 ਸਾਲ ਤੋਂ ਇਕੱਠੇ ਕੰਮ ਰਹੇ ਹਾਂ। ਸਾਡੇ ਵਿਚਕਾਰ ਵਿਚਾਰਾਂ ਦਾ ਫ਼ਰਕ ਆ ਸਕਦਾ ਹੈ। ਅਸੀਂ ਧਰਮ ਦੀ ਸੇਵਾ ਕਰਨ ਆਏ ਹਾਂ। ਤਾਕਤ ਨੂੰ ਲੈ ਕੇ ਸਾਡੀ ਕੋਈ ਸਿਆਸਤ ਨਹੀਂ। ਸਾਡੇ ਵਿਚਕਾਰ ਟਕਰਾਅ ਵਾਲੀ ਕੋਈ ਗੱਲ ਨਹੀਂ।''
ਯਾਦ ਰਹੇ ਅਜੇ ਕਾਰਜਕਾਰਨੀ ਦੀ ਮੀਟਿੰਗ ਅਖ਼ੀਰਲੇ ਦੌਰ ਵਿਚ ਸੀ, ਜਦੋਂ ਦੁਪਹਿਰ ਠੀਕ 3:38 ਵਜੇ ਕਾਰਜਕਾਰਨੀ ਦੇ ਮੈਂਬਰ ਤੇ ਗੁਰਮਤਿ ਕਾਲਜ ਦੇ ਚੇਅਰਮੈਨ ਸ.ਹਰਿੰਦਰਪਾਲ ਸਿੰਘ ਮੀਟਿੰਗ ਤੋਂ ਉੱਠ ਕੇ, ਬਾਹਰ ਆ ਗਏ ਤੇ ਮੀਟਿੰਗ ਦੀ ਥਾਂ ਦੇ ਬਾਹਰ ਖੜੇ ਪੱਤਰਕਾਰਾਂ ਨੂੰ ਇਹ ਕਹਿੰਦਿਆਂ ਚਲੇ ਗਏ, “ਮੈਂ ਅਪਣਾ ਅਸਤੀਫ਼ਾ ਦੇ ਆਇਆਂ ਹਾਂ।'' ਅਜੇ ਉਹ ਬਾਹਰ ਜਾਣ ਲਈ ਪੌੜੀਆਂ ਉਤਰ ਹੀ ਰਹੇ ਸੀ, ਕਿ ਪਿਛੋਂ ਸ.ਸਿਰਸਾ ਉਨ੍ਹਾਂ ਨੂੰ ਮਨਾਉਂਣ ਲਈ ਦੌੜੇ ਆਏ ਤੇ ਮਿੰਨਤਾਂ ਕਰ ਕੇ, ਅੰਦਰ ਲਿਜਾਣ ਲੱਗੇ ਤਾਂ ਉਨ੍ਹਾਂ ਨਾਰਾਜ਼ਗੀ ਦੇ ਲਹਿਜੇ ਵਿਚ ਕਿਹਾ, “ਮੈਂ ਚੰਦੂਮਾਜਰਾ ਦੇ ਕਹਿਣ 'ਤੇ ਅਸਤੀਫ਼ਾ ਦੇ ਦਿਤਾ ਹੈ।
ਮੈਂ ਹੁਣ ਅੰਦਰ ਨਹੀਂ ਜਾਣਾ।'' ਇੰਨੇ ਨੂੰ ਕਾਰਜਕਾਰਨੀ ਦੇ ਇਕ ਹੋਰ ਮੈਂਬਰ ਸ.ਕੁਲਵੰਤ ਸਿੰਘ ਬਾਠ ਵੀ ਆ ਗਏ ਤੇ ਸਿਰਸਾ ਤੇ ਬਾਠ ਦੋਵੇਂ ਮਨਾ ਕੇ, ਸ.ਹਰਿੰਦਰਪਾਲ ਸਿੰਘ ਨੂੰ ਵਾਪਸ ਮੀਟਿੰਗ ਵਿਚ ਲੈ ਗਏ। ਯਾਦ ਰਹੇ ਗੁਰਦਵਾਰਾ ਕਮੇਟੀ ਦੇ ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚਲੇ ਦਫ਼ਤਰ ਦੇ ਕਾਨਫ਼ਰੰਸ ਹਾਲ ਵਿਖੇ ਅੱਜ ਦੁਪਹਿਰ 3 ਵਜੇ ਸ਼ੁਰੂ ਹੋਈ ਕਾਰਜਕਾਰਨੀ ਦੀ ਮੀਟਿੰਗ 3:41 ਤਕ ਚਲੀ ਜਿਸ ਵਿਚ ਪੰਜ ਮੁੱਖ ਅਹੁਦੇਦਾਰਾਂ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਾਇੰਟ ਸਕੱਤਰ ਸਣੇ ਹੋਰ 10 ਮੈਂਬਰ ਹਾਜ਼ਰ ਸਨ।