
2023 ਵਿਚ ਬਣੇ 11.94 ਲੱਖ ਨਵੇਂ ਪਾਸਪੋਰਟ
Punjab News: ਪੰਜਾਬੀਆਂ ਵਿਚ ਪਾਸਪੋਰਟ ਬਣਾਉਣ ਦੀ ਹੋੜ ਲੱਗੀ ਰਹਿੰਦੀ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਰੁਝਾਨ ਨੂੰ ਕੁੱਝ ਸਮੇਂ ਲਈ ਠੱਲ੍ਹ ਜ਼ਰੂਰ ਪਈ ਸੀ ਪਰ ਇਹ ਰਫ਼ਤਾਰ ਮੁੜ ਤੇਜ਼ੀ ਫੜਨ ਲੱਗ ਪਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬੀਆਂ ਨੇ ਪਾਸਪੋਰਟ ਬਣਾਉਣ ’ਚ ਨਵਾਂ ਰਿਕਾਰਡ ਕਾਇਮ ਕਰ ਦਿਤਾ ਹੈ। ਇਕੱਲੇ ਸਾਲ 2023 ਵਿਚ ਪੰਜਾਬ ਵਿਚ ਨਵੇਂ 11.94 ਲੱਖ ਪਾਸਪੋਰਟ ਬਣੇ ਹਨ। ਇਸ ਦਾ ਮਤਲਬ ਸਾਲ 2023 ਵਿਚ ਪੰਜਾਬ ਵਿਚ ਔਸਤਨ ਹਰ ਮਿੰਟ ਪਿੱਛੇ ਸੱਤ ਪਾਸਪੋਰਟ ਅਤੇ ਪ੍ਰਤੀ ਘੰਟਾ ਔਸਤਨ 408 ਪਾਸਪੋਰਟ ਬਣੇ ਹਨ।
ਆਬਾਦੀ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਪੰਜਾਬ ਪਾਸਪੋਰਟ ਬਣਾਉਣ ’ਚ ਦੇਸ਼ ’ਚੋਂ ਪਹਿਲੇ ਨੰਬਰ ’ਤੇ ਹੈ। ਅੰਕੜਿਆਂ ਅਨੁਸਾਰ ਸਾਲ 2023 ਵਿਚ ਸੱਭ ਤੋਂ ਵੱਧ 15.47 ਲੱਖ ਪਾਸਪੋਰਟ ਕੇਰਲਾ ਵਿਚ ਬਣੇ ਹਨ। ਦੂਜਾ ਨੰਬਰ ਮਹਾਰਾਸ਼ਟਰ ਦਾ ਹੈ ਜਿਥੇ 15.10 ਲੱਖ ਪਾਸਪੋਰਟ ਅਤੇ ਤੀਜੇ ਨੰਬਰ ’ਤੇ ਉੱਤਰ ਪ੍ਰਦੇਸ਼ ਵਿਚ 13.68 ਲੱਖ ਪਾਸਪੋਰਟ ਬਣੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪੰਜਾਬ ਵਿਚ ਮੌਜੂਦਾ ਸਮੇਂ ਕਰੀਬ 55 ਲੱਖ ਘਰ ਹਨ ਅਤੇ ਸਾਲ 2014 ਤੋਂ ਹੁਣ ਤਕ ਪੰਜਾਬ ਵਿਚ 81.20 ਲੱਖ ਪਾਸਪੋਰਟ ਬਣੇ ਹਨ। ਇਸ ਲਿਹਾਜ਼ ਨਾਲ ਪੰਜਾਬ ਵਿਚ ਹਰ ਦੋ ਘਰਾਂ ਪਿੱਛੇ ਤਿੰਨ ਪਾਸਪੋਰਟ ਹਨ। ਬੀਤੇ 10 ਸਾਲਾਂ ਵਿਚ ਪੰਜਾਬ ਦੇ ਲੋਕਾਂ ਨੇ ਪਾਸਪੋਰਟ ਬਣਾਉਣ ’ਤੇ 1218.02 ਕਰੋੜ ਰੁਪਏ ਖ਼ਰਚ ਕੀਤੇ ਹਨ। ਇਕੱਲੇ ਸਾਲ 2023 ਵਿਚ ਪਾਸਪੋਰਟ ਬਣਾਉਣ ਦੀ ਕੀਮਤ 179.10 ਕਰੋੜ ਰੁਪਏ ਰਹੀ ਹੈ।
ਅੰਕੜਿਆਂ ਅਨੁਸਾਰ ਬੀਤੇ ਇਕ ਦਹਾਕੇ ਦੌਰਾਨ ਸਾਲ 2018 ਇਕਲੌਤਾ ਸਾਲ ਸੀ, ਜਦੋਂ ਇਕੋ ਸਾਲ ’ਚ ਪੰਜਾਬ ਵਿਚ ਰਿਕਾਰਡ 10.69 ਲੱਖ ਪਾਸਪੋਰਟ ਬਣੇ ਸਨ। ਸਾਲ 2020 ਵਿਚ ਇਹ ਅੰਕੜਾ ਘੱਟ ਕੇ 4.82 ਲੱਖ ਪਾਸਪੋਰਟਾਂ ਦਾ ਰਹਿ ਗਿਆ ਸੀ। ਪੰਜਾਬ ਵਿਚ ਸਾਲ 2021 ਵਿਚ 6.44 ਲੱਖ ਅਤੇ 2022 ਵਿਚ 9.35 ਲੱਖ ਪਾਸਪੋਰਟ ਬਣੇ।
(For more Punjabi news apart from Punjabis set a new record in passport issuance, stay tuned to Rozana Spokesman)