
ਭਾਜਪਾ, ਕੈਪਟਨ ਤੇ ਅਕਾਲੀ ਦਲ ਸੰਯੁਕਤ ਗਠਜੋੜ ਵਲੋਂ ਪੰਜ
ਏਕੜ ਤਕ ਵਾਲੇ ਕਿਸਾਨਾਂ ਦੀ ਮੁਕੰਮਲ ਕਰਜ਼ਾ ਮਾਫ਼ੀ ਦਾ ਵਾਅਦਾ
ਚੰਡੀਗੜ੍ਹ, 8 ਫ਼ਰਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਭਾਜਪਾ ਗਠਜੋੜ ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਸ਼ਾਮਲ ਹੈ, ਨੇ ਪਿਛਲੇ ਦਿਨੀਂ 11 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਬਾਅਦ ਅੱਜ ਪਿੰਡਾਂ ਤੇ ਕਿਸਾਨਾਂ ਲਈ ਵਖਰਾ 11 ਨੁਕਾਤੀ ਸੰਕਲਪ ਪੱਤਰ ਜਾਰੀ ਕੀਤਾ ਹੈ | ਇਸ ਸੰਕਲਪ ਪੱਤਰ ਵਿਚ ਸੱਭ ਤੋਂ ਅਹਿਮ ਵਾਅਦਾ ਕੀਤਾ ਗਿਆ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ 5 ਏਕੜ ਤਕ ਦੀ ਜ਼ਮੀਨ ਵਾਲੇ ਸਾਰੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਦੀ ਮੁਕੰਮਲ ਮਾਫ਼ੀ ਕੀਤੀ ਜਾਵੇਗੀ |
ਇਹ ਸੰਕਲਪ ਪੱਤਰ ਜਾਰੀ ਕਰਨ ਮੌਕੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਕੇਂਦਰੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ, ਪੰਜਾਬ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਅਤੇ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਮੌਜੂਦ ਸਨ ਪਰ ਕੈਪਟਨ ਅਮਰਿੰਦਰ ਸਿੰਘ ਚੋਣਾਂ ਦੇ ਹੋਰ ਖ਼ਾਸ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕੇ | ਸ਼ੇਖਾਵਤ ਨੇ ਜਾਰੀ ਕੀਤੇ ਇਸ ਸੰਕਲਪ ਪੱਤਰ ਵਿਚ ਕਰਜ਼ਾ ਮਾਫ਼ੀ ਤੋਂ ਇਲਾਵਾ ਜਿਹੜੇ ਹੋਰ ਵਾਅਦੇ ਸ਼ਾਮਲ ਹਨ, ਉਨ੍ਹਾਂ ਵਿਚ ਦੂਜੀ ਮੁੱਖ ਗੱਲ ਕਿਸਾਨਾਂ ਨੂੰ ਮਿਹਨਤ ਦਾ ਪੂਰਾ ਮੁਲ ਦੇਣ ਦਾ ਸੰਕਲਪ ਹੈ | ਕਣਕ ਤੇ ਝੋਨੇ ਤੋਂ ਇਲਾਵਾ ਦਾਲਾਂ, ਫਲ, ਸਬਜ਼ੀਆਂ ਤੇ ਕੁੱਝ ਹੋਰ ਫ਼ਸਲਾਂ ਉਪਰ ਐਮਐਸਪੀ ਦਿਤੀ ਜਾਵੇਗੀ | ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਤੇ ਸਾਂਭ ਸੰਭਾਲ ਲਈ 5000 ਕਰੋੜ ਰੁਪਏ ਦਾ ਕਾਰਪਸ ਫ਼ੰਡ ਬਣਾਉਣ ਦਾ ਐਲਾਨ ਕੀਤਾ ਗਿਆ ਹੈ | ਇਸ ਤੋਂ ਇਲਾਵਾ ਹੋਰ ਵਾਅਦਿਆਂ ਵਿਚ ਭੂਮੀਹੀਣ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਨੂੰ ਵਿੱਤੀ ਸਹਾਇਤਾ ਤੇ ਸ਼ਾਮਲਾਤ ਜ਼ਮੀਨਾਂ ਵਿਚੋਂ ਪਲਾਟ ਦੇਣ ਅਤੇ ਖੇਤੀ ਕਾਮਿਆਂ ਨੂੰ ਵੀ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਨਾਲ ਜੋੜ ਕੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ |
ਵੈਲਯੂ ਚੇਨ ਮੈਨੇਜਮੈਂਟ ਤਹਿਤ ਨਵੀਂ ਤਕਨੀਕ ਦੀ ਵਰਤੋਂ ਵਧਾਉਣ ਦੇ ਨਾਲ ਨਾਲ ਹਰ ਖੇਤ ਵਿਚ ਸੋਲਰ ਪੈਨਲ ਲਾ ਕੇ ਖ਼ੁਦ ਬਿਜਲੀ ਪੈਦਾ ਕਰ ਕੇ ਵਰਤੋਂ ਕਰਨ, ਹਰ ਖੇਤ ਤਕ ਪਾਣੀ ਪਹੁੰਚਾਉਣ ਅਤੇ ਸਹਾਇਕ ਖੇਤੀ ਧੰਦਿਆਂ ਨੂੰ ਬੜਾਵਾ ਦੇਣ ਦੀ ਗੱਲ ਆਖੀ ਗਈ ਹੈ | ਇਸ ਤੋਂ ਇਲਾਵਾ ਹੋਰ ਵਾਅਦਿਆਂ ਵਿਚ ਐਗਰੋ ਆਧਾਰਤ ਉਦਯੋਗਾਂ ਨੂੰ ਸਥਾਪਤ ਕਰਨ, ਕਿਸਾਨਾਂ ਦੇ ਬੱਚਿਆਂ ਨੂੰ ਸਵੈ ਰੁਜ਼ਗਾਰ ਤੇ ਅਪਣੇ ਕਾਰੋਬਾਰ ਲਈ ਵਿੱਤੀ ਸਹਾਇਤਾ ਦੇਣ, ਸਵੱਛ ਪਿੰਡ ਤਹਿਤ ਸਿਹਤ ਵੈਲਨੈਸ ਕੇਂਦਰ ਬਣਾਉਣ ਤੇ ਟੈਲੀ ਮੈਡੀਸਨ ਸਹੂਲਤ ਪ੍ਰਦਾਨ ਕਰਨ, ਪਿੰਡਾਂ ਵਿਚ ਰਹਿਣ ਵਾਲੇ ਹਰ ਗ਼ਰੀਬ ਨੂੰ ਪੱਕੀ ਛੱਤ ਮੁਹਈਆ ਕਰਵਾਉਣ, 24 ਘੰਟੇ ਬਿਜਲੀ ਸਪਲਾਈ, ਹਰ ਪਿੰਡ ਨੂੰ ਪੱਕੀ ਸੜਕ ਨਾਲ ਜੋੜਨ, ਸਾਡਾ ਪਿੰਡ ਸਾਡਾ ਮਾਣ ਯੋਜਨਾ ਤਹਿਤ ਪਿੰਡਾਂ ਦੇ ਸਰਵਪੱਖੀ ਵਿਕਾਸ, ਪਿੰਡਾਂ ਦੇ ਸਕੂਲਾਂ ਵਿਚ ਮਿਆਰੀ ਸਿਖਿਆ ਮੁਹਈਆ ਕਰਵਾਉਣ ਲਈ ਇੰਟਰਨੈੱਟ ਸਹੂਲਤਾਂ ਨਾਲ ਜੋੜਨ ਤੇ ਪਿੰਡਾਂ ਵਿਚ ਖੇਡਾਂ ਨੂੰ ਬੜਾਵਾ ਦੇਣ ਲਈ ਨਕਦ ਰਾਸ਼ੀ ਸਹਾਇਤਾ, ਇਨਾਮਾਂ ਤੇ ਹੋਰ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਗਏ ਹਨ |
ਸ਼ੇਖਾਵਤ ਨੇ ਕਿਹਾ ਕਿ ਭਾਜਪਾ ਗਠਜੋੜ ਦਾ ਟੀਚਾ ਪਿੰਡਾਂ ਦੇ ਕਿਸਾਨਾਂ ਤੇ ਖੇਤਾਂ ਦੀ ਖ਼ੁਸ਼ਹਾਲੀ ਅਤੇ ਆਮਦਨ ਦੁਗਣੀ ਕਰਨ ਦਾ ਹੈ | ਢੀਂਡਸਾ ਨੇ ਕਿਹਾ ਕਿ ਪੰਜਾਬ ਖੇਤੀ ਆਧਾਰਤ ਸੂਬਾ ਹੈ ਅਤੇ ਇਸ ਨੇ ਦੇਸ਼ ਨੂੰ 70 ਫ਼ੀ ਸਦੀ ਤੋਂ ਵੱਧ ਅਨਾਜ ਦਿਤਾ ਹੈ | ਇਸ ਲਈ ਸੱਭ ਤੋਂ ਵੱਧ ਧਿਆਨ ਪਿੰਡਾਂ ਵਲ ਦੇਣ ਦੀ ਲੋੜ ਹੈ | ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰ ਕੇ ਲੋਕਾਂ ਨੂੰ ਪਿੰਡ ਛੱਡ ਕੇ ਸ਼ਹਿਰਾਂ ਵਲ ਜਾਣ ਦਾ ਰੁਝਾਨ ਰੋਕਣਾ ਜ਼ਰੂਰੀ ਹੈ |