
ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪੀਐਮ ਮੋਦੀ 14 ਫਰਵਰੀ ਨੂੰ ਪੰਜਾਬ ਵਿਚ ਰੈਲੀ ਕਰਨਗੇ।
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਨਾਲ ਰੂਬਰੂ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਪੰਜਾਬ ਪਹੁੰਚ ਰਹੇ ਹਨ। ਇਸ ਦੌਰਾਨ ਉਹ ਜਲੰਧਰ ਵਿਚ ਵਿਸ਼ਾਲ ਚੋਣ ਰੈਲੀ ਕਰਨਗੇ। ਇਸ ਦੀ ਪੁਸ਼ਟੀ ਕਰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪੀਐਮ ਮੋਦੀ 14 ਫਰਵਰੀ ਨੂੰ ਪੰਜਾਬ ਵਿਚ ਰੈਲੀ ਕਰਨਗੇ।
ਇਸ ਦੌਰਾਨ ਪ੍ਰਧਾਨ ਮੰਤਰੀ 14 ਫਰਵਰੀ ਨੂੰ ਜਲੰਧਰ, 16 ਫਰਵਰੀ ਨੂੰ ਪਠਾਨਕੋਟ ਅਤੇ 18 ਫਰਵਰੀ ਨੂੰ ਫਾਜ਼ਿਲਕਾ ’ਚ ਚੋਣ ਰੈਲੀ ਕਰਨਗੇ। ਇਹ ਰੈਲੀ ਬਹੁਤ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ 5 ਜਨਵਰੀ ਨੂੰ ਸੁਰੱਖਿਆ ਵਿਚ ਕੁਤਾਹੀ ਤੋਂ ਬਾਅਦ ਰੈਲੀ ਨੂੰ ਸੰਬੋਧਨ ਕੀਤੇ ਬਿਨ੍ਹਾਂ ਵਾਪਸ ਪਰਤ ਗਏ ਸਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਪੰਜਾਬ ਵਿਚ ਹੋਣ ਵਾਲੀ ਦੂਜੀ ਵਰਚੂਅਲ ਰੈਲੀ ਰੱਦ ਕਰ ਹੋ ਗਈ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹਨਾਂ ਨੇ ਜਲੰਧਰ, ਕਪੂਰਥਲਾ ਅਤੇ ਬਠਿੰਡਾ ਦੇ ਵੋਟਰਾਂ ਨੂੰ ਸੰਬੋਧਨ ਕਰਨਾ ਸੀ। ਹਾਲਾਂਕਿ ਇਸ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਹਿਲੀ ਵਰਚੂਅਲ ਰੈਲੀ ਵਿਚ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੇ ਵੋਟਰਾਂ ਨੂੰ ਸੰਬੋਧਨ ਕੀਤਾ। ਜਿਸ ਵਿਚ ਪੀਐਮ ਨੇ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਪੀਐਮ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਲਈ ਪੰਜਾਬ ਨੂੰ ਦਹਿਸ਼ਤ ਦੀ ਅੱਗ ਵਿਚ ਸੁੱਟ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਕਰਤਾਰਪੁਰ ਸਾਹਿਬ ਨੂੰ ਭਾਰਤ ਵਿਚ ਨਹੀਂ ਰੱਖ ਸਕੀ ਪਰ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ।