
ਜਲੰਧਰ : ਖ਼ਤਰਨਾਕ ਆਨਲਾਈਨ ਗੇਮ ਬਲੂ ਵੇਲ੍ਹ ਤੋਂ ਬਾਅਦ ਪਬਜੀ (ਪਲੇਅਰਜ਼ ਅਨਨੋਂਸ ਬੈਟਲ ਗਰਾਉਂਡ) ਨੇ ਮਾਪਿਆਂ ਦੀ ਨੀਂਦ ਉਡਾ ਦਿੱਤੀ ਹੈ। ਇਹ ਗੇਮ ਬੱਚਿਆਂ...
ਜਲੰਧਰ : ਖ਼ਤਰਨਾਕ ਆਨਲਾਈਨ ਗੇਮ ਬਲੂ ਵੇਲ੍ਹ ਤੋਂ ਬਾਅਦ ਪਬਜੀ (ਪਲੇਅਰਜ਼ ਅਨਨੋਂਸ ਬੈਟਲ ਗਰਾਉਂਡ) ਨੇ ਮਾਪਿਆਂ ਦੀ ਨੀਂਦ ਉਡਾ ਦਿੱਤੀ ਹੈ। ਇਹ ਗੇਮ ਬੱਚਿਆਂ ਅਤੇ ਨੌਜਵਾਨਾਂ ਦੇ ਮਾਨਸਿਕ ਤੇ ਸਰੀਰਕ ਵਿਕਾਸ 'ਤੇ ਬੁਰਾ ਅਸਰ ਪਾ ਰਹੀ ਹੈ। ਤਾਜ਼ਾ ਮਾਮਲਾ ਜਲੰਧਰ ਦਾ ਹੈ, ਜਿੱਥੇ 15 ਸਾਲਾ ਬੱਚੇ ਨੇ ਪਬਜੀ ਗੇਮ ਦਾ ਕੰਟਰੋਲਰ ਖ਼ਰੀਦਣ ਲਈ ਆਪਣੇ ਪਿਓ ਦੇ ਬੈਂਕ ਖਾਤੇ 'ਚੋਂ 52 ਹਜ਼ਾਰ ਰੁਪਏ ਚੋਰੀਓਂ ਕਢਵਾ ਲਏ। ਜਾਣਕਾਰੀ ਮੁਤਾਬਕ ਜਲੰਧਰ ਦੇ ਇੱਕ ਦੁਕਾਨਦਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਖਾਤੇ 'ਚੋਂ 52 ਹਜ਼ਾਰ ਰੁਪਏ ਗ਼ਾਇਬ ਹੋ ਗਏ।
PUBG-1
ਸ਼ਿਕਾਇਤਕਰਤਾ ਬੈਂਕ ਵੀ ਗਿਆ ਸੀ, ਪਰ ਬੈਂਕ ਵਾਲਿਆਂ ਦਾ ਕਹਿਣਾ ਸੀ ਕਿ ਉਸ ਨੇ ਖ਼ੁਦ ਹੀ ਪੈਸੇ ਕਢਵਾਏ ਹਨ। ਬੈਂਕ ਵੱਲੋਂ ਉਸ ਨੂੰ ਹਰ ਵਾਰ ਪੈਸੇ ਕਢਵਾਉਣ ਸਮੇਂ OTP ਅਤੇ ਪੈਸੇ ਕਢਵਾਉਣ ਮਗਰੋਂ ਐਸ.ਐਮ.ਐਸ. ਭੇਜਿਆ ਗਿਆ ਸੀ। ਸਾਈਬਰ ਸੈਲ ਨੇ ਸ਼ਿਕਾਇਤ ਮਗਰੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਕਾ ਕਿ ਸ਼ਿਕਾਇਤਕਰਤਾ ਦੇ ਬੈਂਕ ਖਾਤੇ ਤੋਂ ਪੇਟੀਐਮ ਵਾਲੇਟ 'ਚ ਪੈਸੇ ਟਰਾਂਸਫ਼ਰ ਕੀਤੇ ਗਏ ਹਨ। ਸਾਈਬਰ ਸੈਲ ਨੇ ਪੇਟੀਐਮ ਤੋਂ ਉਹ ਨੰਬਰ ਮੰਗਵਾਇਆ, ਜਿਸ ਨਾਲ ਪੇਟੀਐਮ ਲਿੰਕ ਸੀ। ਪੁਲਿਸ ਨੇ ਉਸ ਦੇ ਮਾਲਕ ਦਾ ਪਤਾ ਲਗਾਇਆ। ਉਹ ਚੰਡੀਗੜ੍ਹ 'ਚ ਆਰਮੀ ਕੰਟੀਨ 'ਚ ਪ੍ਰਾਈਵੇਟ ਕਰਮਚਾਰੀ ਦੇ ਤੌਰ 'ਤੇ ਕੰਮ ਕਰਦਾ ਸੀ।
Cash transfer
ਸਾਈਬਰ ਸੈਲ ਨੇ ਉਸ ਤੋਂ ਪੁਛਗਿਛ ਕੀਤੀ ਤਾਂ ਪਹਿਲਾਂ ਤਾਂ ਉਹ ਇਨਕਾਰ ਕਰਦਾ ਰਿਹਾ ਪਰ ਜਦੋਂ ਸ਼ਿਕਾਇਤਕਰਤਾ ਦਾ ਨਾਂ ਪਤਾ ਲੱਗਿਆ ਤਾਂ ਉਸ ਨੇ ਦੱਸ ਦਿੱਤਾ ਕਿ ਇਕ ਵਿਆਹ 'ਚ ਸ਼ਿਕਾਇਤਕਰਤਾ ਦੇ ਬੇਟੇ ਨਾਲ ਉਸ ਦੀ ਦੋਸਤੀ ਹੋਈ ਸੀ। ਉਸੇ ਨੇ ਇਹ ਪਾਸਵਰਡ ਲਿਆ ਸੀ। ਸਾਈਬਰ ਸੈਲ ਨੇ ਸ਼ਿਕਾਇਤਕਰਤਾ ਦੇ ਦਸਵੀਂ 'ਚ ਪੜ੍ਹਦੇ ਬੇਟੇ ਨੂੰ ਬੁਲਾਇਆ ਤਾਂ ਪਹਿਲਾਂ ਤਾਂ ਉਹ ਇਨਕਾਰ ਕਰਦਾ ਰਿਹਾ। ਪੁਲਿਸ ਨੇ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਮੰਨ ਲਿਆ ਕਿ ਉਸ ਨੇ ਪਬਜੀ ਗੇਮ ਕੰਟਰੋਲਰ ਖਰੀਦਣਾ ਸੀ। ਉਸ ਦੇ ਪਿਤਾ ਪੈਸੇ ਨਹੀਂ ਦੇ ਰਹੇ ਸਨ ਤਾਂ ਉਸ ਨੇ ਇਹ ਕਦਮ ਚੁੱਕਿਆ।
ਉਹ ਪਿਤਾ ਦੇ ਦੁਕਾਨ ਤੋਂ ਘਰ ਆਉਣ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਲੈਂਦਾ ਸੀ। ਫਿਰ ਉਸ ਦੇ ਸੌਂਦਿਆਂ ਹੀ ਪੈਸੇ ਪੇਟੀਐਮ ਜ਼ਰੀਏ ਟਰਾਂਸਫ਼ਰ ਕਰ ਦਿੰਦਾ ਸੀ ਅਤੇ ਬੈਲੇਂਸ ਵਾਲਾ ਮੈਸੇਜ ਡਲੀਟ ਕਰ ਦਿੰਦਾ ਸੀ। ਸਾਈਬਰ ਸੈਲ ਦੀ ਸਬ-ਇੰਸਪੈਕਟਰ ਮੋਨਿਕਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਬਜੀ ਕੰਟਰੋਲਰ ਦੀ ਡਿਲੀਵਰੀ ਵਾਲਾ ਪਤਾ ਵੇਖਿਆ ਤਾਂ ਉਹ ਸ਼ਿਕਾਇਤਕਰਤਾ ਦੇ ਘਰ ਦਾ ਹੀ ਨਿਕਲਿਆ, ਜਿਸ ਨਾਲ ਪੂਰਾ ਮਾਮਲਾ ਸਪੱਸ਼ਟ ਹੋ ਗਿਆ।
PUBG Mobile Controller
ਕੀ ਹੈ ਪਬਜੀ ਗੇਮ ਕੰਟਰੋਲਰ : ਪਬਜੀ ਗੇਮ ਨੂੰ ਸਿੱਧਾ ਮੋਬਾਈਲ ਜਾਂ ਕੰਪਿਊਟਰ 'ਤੇ ਖੇਡਣ ਸਮੇਂ ਉਨ੍ਹਾਂ ਦੇ ਕੀ-ਪੈਡ ਨਾਲ ਆਪਰੇਟ ਕਰਨ 'ਚ ਪ੍ਰੇਸ਼ਾਨੀ ਅਤੇ ਦੇਰੀ ਹੁੰਦੀ ਹੈ। ਇਸ ਲਈ ਬਾਜ਼ਾਰ 'ਚ ਹੁਣ ਪਬਜੀ ਕੰਟਰੋਲਰ ਆ ਗਏ ਹਨ। ਜਿਸ ਦੇ ਜ਼ਰੀਏ ਕੰਪਿਊਟਰ ਜਾਂ ਮੋਬਾਈਲ ਕੀ-ਪੈਡ ਦੇ ਬਜਾਏ ਕੰਟਰੋਲਰ 'ਤੇ ਦਿੱਤੇ ਬਟਨਾਂ ਜ਼ਰੀਏ ਗੇਮ 'ਚ ਵੱਖ-ਵੱਖ ਆਪਸ਼ਨਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਕੰਟਰੋਲਰ ਵਾਈਰ ਵਾਲੇ ਅਤੇ ਵਾਇਰਲੈਸ ਦੋਵੇਂ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਕੰਪਿਊਟਰ ਜਾਂ ਮੋਬਾਈਲ 'ਤੇ ਬਲਿਊਟੁੱਥ ਰਾਹੀਂ ਕਨੈਕਟ ਕੀਤਾ ਜਾ ਸਕਦਾ ਹੈ।