
ਸੈਨੇਟਾਈਜ਼ੇਸ਼ਨ ਮੁਹਿੰਮ ਤੇਜ਼ ਕਰਨ ਲਈ ਫਾਇਰ ਟੈਂਡਰ ਰਵਾਨਾ
ਬਰਨਾਲਾ, 8 ਅਪ੍ਰੈਲ (ਕਮਲਜੀਤ ਮਾਨ): ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਵਿੱਢੀ ਹੌਸਲਾ ਅਫਜ਼ਾਈ ਮੁਹਿੰਮ ਤਹਿਤ ਅੱਜ ਨਗਰ ਕੌਂਸਲ ਬਰਨਾਲਾ ਦਾ ਦਫਤਰ ਉਸ ਵੇਲੇ ਤਾੜੀਆਂ ਨਾਲ ਗੂੰਜ ਉਠਿਆ, ਜਦੋਂ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕੋਵਿਡ-19 ਵਿਰੁੱਧ ਜੰਗ 'ਚ ਡਟੇ ਸਫਾਈ ਸੇਵਕਾਂ ਨੂੰ ਹੱਲਾਸ਼ੇਰੀ ਦਿੱਤੀ।
Deputy Commissioner Barnala Tej Pratap Singh Phoolka
ਇਸ ਮੌਕੇ ਡਿਪਟੀ ਕਮਿਸ਼ਨਰ ਸ. ਫੂਲਕਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਰੂਹੀ ਦੁੱਗ ਨੇ ਸਫਾਈ ਸੇਵਕਾਂ ਦਾ ਗਲਾਂ ਵਿਚ ਹਾਰ ਪਾ ਕੇ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡੇ। ਇਸ ਦੇ ਨਾਲ ਹੀ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲਗਾਤਾਰ ਤਾੜੀਆਂ ਮਾਰ ਕੇ ਸਫਾਈ ਕਾਮਿਆਂ ਦੀਆਂ ਸੇਵਾਵਾਂ ਨੂੰ ਸਲਾਹਿਆ ਗਿਆ।
ਇਸ ਮੌਕੇ ਸ. ਫੂਲਕਾ ਨੇ ਆਖਿਆ ਕਿ ਸਫਾਈ ਸੇਵਕ ਲਗਾਤਾਰ ਸੇਵਾਵਾਂ ਦੇ ਰਹੇ ਹਨ, ਤਾਂ ਜੋ ਸਾਡੀ ਅਵਾਮ ਬਿਮਾਰੀਆਂ ਤੋਂ ਮੁਕਤ ਰਹੇ ਅਤੇ ਸਾਡਾ ਆਲਮ ਸਾਫ ਰਹੇ। ਇਸ ਲਈ ਇਨ੍ਹਾਂ ਕਰਮੀਆਂ ਦੀਆਂ ਸੇਵਾਵਾਂ ਜ਼ਿਕਰਯੋਗ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਸਫਾਈ ਸੇਵਕਾਂ ਦੇ ਸਨਮਾਨ ਤੋਂ ਇਲਾਵਾ ਬਾਕੀ ਨਗਰ ਕੌਂਸਲਾਂ ਜਿਵੇਂ ਤਪਾ, ਭਦੌੜ, ਧਨੌਲਾ, ਨਗਰ ਪੰਚਾਇਤ ਹੰਢਾਇਆ ਦੇ ਸਫਾਈ ਸੇਵਕਾਂ ਦੀ ਵੀ ਪੜਾਅਵਾਰ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿਚ ਸੋਡੀਅਮ ਹਾਈਪੋਕਲੋਰਾਈਟ ਦੇ ਘੋਲ ਦੇ ਛੜਕਾਅ ਦੀ ਮੁਹਿੰਮ ਤੇਜ਼ ਕਰਨ ਲਈ ਫਾਇਰ ਟੈਂਡਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਇਲਾਵਾ ਸ਼ਹਿਰ ਵਿਚ ਦੋ ਟਰੈਕਟਰ ਸਮੇਤ ਟੈਂਕ ਪਹਿਲਾਂ ਤੋਂ ਹੀ ਸੈਨੇਟਾਈਜ਼ੇਸ਼ਨ ਸੇਵਾਵਾਂ 'ਚ ਲਾਏ ਹੋਏ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰ. ਫੂਲਕਾ ਵੱਲੋਂ ਸਾਰੀਆਂ ਅਹਿਮ ਥਾਵਾਂ ਨੂੰ ਸੈਨੇਟਾਈਜ਼ੇਸ਼ਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।