
ਪੁਲਿਸ ਨੇ ਕੁਝ ਸਮੇਂ ਬਾਅਦ ਹੀ ਕੀਤਾ ਕਾਬੂ
ਸ੍ਰੀ ਮੁਕਤਸਰ ਸਾਹਿਬ: ਥਾਣਾ ਲੰਬੀ ਦੀ ਪੁਲਿਸ ਨੇ ਧੋਖਾਧੜੀ ਮਾਮਲੇ ਦੇ ਕਥਿਤ ਦੋਸ਼ੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭਰਤੀ ਕਰਵਾਇਆ। ਭਰਤੀ ਹੋਣ ਤੋਂ ਬਾਅਦ ਕਥਿਤ ਦੋਸ਼ੀ ਉੱਥੋਂ ਫਰਾਰ ਹੋ ਗਿਆ। ਹਾਲਾਂਕਿ ਕੁਝ ਸਮੇਂ ਬਾਅਦ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
Hospital
ਇਸ ਸਬੰਧੀ ਫਰਾਰ ਵਿਅਕਤੀ ਅਤੇ ਡਿਊਟੀ ’ਤੇ ਤਾਇਨਾਤ ਤਿੰਨ ਪੁਲਿਸ ਕਰਮੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਡਿਊਟੀ ਡਾਕਟਰ ਪਰਵੇਸ਼ ਕੌਸ਼ਲ ਦੇ ਬਿਆਨਾਂ ਦੇ ਅਧਾਰ ’ਤੇ ਫਰਾਰ ਹੋਏ ਵਿਅਕਤੀ, ਇਕ ਹੌਲਦਾਰ ਅਤੇ ਦੋ ਹੋਮਗਾਰਡ ਜਵਾਨਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਲੰਬੀ ਪੁਲਿਸ ਨੇ ਮੁਕਦਮਾ ਨੰਬਰ 308 ਤਹਿਤ ਜੋ ਕਿ ਧੋਖਾਧੜੀ ਅਤੇ ਹੋਰ ਧਾਰਾਵਾਂ ਅਧੀਨ ਸੀ ਲੁਧਿਆਣਾ ਵਾਸੀ ਗੁਰਦੇਵ ਕੁਮਾਰ ਨੂੰ ਕਾਬੂ ਕੀਤਾ ਸੀ। ਕੋਰੋਨਾ ਪਾਜ਼ੇਟਿਵ ਹੋਣ ਕਾਰਨ 4 ਅਪ੍ਰੈਲ ਤੋਂ ਗੁਰਦੇਵ ਦਾ ਇਲਾਜ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਚਲ ਰਿਹਾ ਸੀ। ਕਥਿਤ ਦੋਸ਼ੀ ਦੀ ਨਿਗਰਾਨੀ ਲਈ ਲੰਬੀ ਪੁਲਿਸ ਵੱਲੋ ਹੌਲਦਾਰ ਬਲਰਾਜ ਸਿੰਘ, ਪੀਐਚਜੀ ਗੁਰਮੀਤ ਸਿੰਘ, ਪੀਐਚਜੀ ਜਗਰੂਪ ਸਿੰਘ ਦੀ ਤਾਇਨਾਤੀ ਕੀਤੀ ਗਈ ਸੀ।
Police Station
6 ਅਪ੍ਰੈਲ ਨੂੰ ਤਾਇਨਾਤ ਕਰਮਚਾਰੀ ਗੁਰਦੇਵ ਕੁਮਾਰ ਨੂੰ ਕਮਰੇ ਨਾਲ ਅਟੈਚ ਬਾਥਰੂਮ ਵਿਚ ਲਿਜਾਣ ਦੀ ਬਜਾਏ ਦੂਜੇ ਬਾਥਰੂਮ ’ਚ ਲੈ ਗਏ। ਬਾਥਰੂਮ ਗਿਆ ਕਥਿਤ ਦੋਸ਼ੀ ਜਦੋਂ ਕਾਫੀ ਸਮਾਂ ਬਾਹਰ ਨਹੀਂ ਆਇਆ ਤਾਂ ਕਰਮਚਾਰੀਆਂ ਨੇ ਧੱਕਾ ਮਾਰ ਬੂਹਾ ਖੋਲਿਆ ਤਾਂ ਦੇਖਿਆ ਕਥਿਤ ਦੋਸ਼ੀ ਬਾਥਰੂਮ ਦੀ ਖਿੜਕੀ ਖੋਲ ਕੇ ਫਰਾਰ ਹੋ ਗਿਆ ਸੀ।
Police In charge
ਥਾਣਾ ਸਦਰ ਪੁਲਿਸ ਨੇ ਇਸ ਸਬੰਧੀ ਗੁਰਦੇਵ ਕੁਮਾਰ ਅਤੇ ਡਿਊਟੀ ਵਿਚ ਕੁਤਾਹੀ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਇੰਚਾਰਜ ਬਿਸ਼ਨ ਲਾਲ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਫਰਾਰ ਹੋਏ ਗੁਰਦੇਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।