
ਸ਼ਹਿਰੀ ਮਾਹਰਾਂ ਨੂੰ ਖੋਜ ਕਰ ਕੇ ਕਿਸਾਨੀ ਜੀਵਨ-ਜਾਚ ਨੂੰ ਵੀ ਸ਼ਾਬਾਸ਼ੀ ਤਾਂ ਕਹਿਣੀ ਹੀ ਚਾਹੀਦੀ ਹੈ!
ਕੋਵਿਡ ਕਾਰਨ ਬੜੀਆਂ ਔਕੜਾਂ ਭਰਿਆ ਸਾਲ ਗੁਜ਼ਰ ਜਾਣ ਤੋਂ ਬਾਅਦ ਮਸਾਂ ਹੀ ਭਾਰਤ ਮੁੜ ਪਟੜੀ ’ਤੇ ਆ ਰਿਹਾ ਸੀ। ਜਿਵੇਂ ਆਈ.ਐਮ.ਐਫ਼. ਨੇ ਭਾਰਤ ਦੀ ਅਰਥ ਵਿਵਸਥਾ ਦੇ ਸੁਧਰਨ ਅਤੇ ਭਵਿੱਖ ਵਿਚ ਵਿਕਾਸ ਕਰਨ ਬਾਰੇ ਵਿਸ਼ਵਾਸ ਜਤਾਇਆ ਸੀ, ਉਸੇ ਤਰ੍ਹਾਂ ਹਰ ਭਾਰਤੀ ਵੀ ਅਪਣੀ ਜ਼ਿੰਦਗੀ ਦੇ ਬਿਹਤਰ ਹੋਣ ਤੇ ਦੁਬਾਰਾ ਵਿਸ਼ਵਾਸ ਜਤਾ ਰਿਹਾ ਸੀ। ਵਿਆਹ-ਸ਼ਾਦੀਆਂ ਤੇ ਸੈਰ ਸਪਾਟੇ ਫਿਰ ਤੋਂ ਜ਼ੋਰ ਫੜ ਰਹੇ ਸਨ ਪਰ ਨਾਲ ਹੀ ਬੱਚਿਆਂ ਦੇ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਵੀ ਹੋ ਰਹੀਆਂ ਸਨ। ਕੋਵਿਡ ਮਹਾਂਮਾਰੀ ਦੀ ਸੱਭ ਤੋਂ ਵੱਡੀ ਕੀਮਤ ਬੱਚਿਆਂ ਨੇ ਚੁਕਾਈ ਹੈ।
Farmer protest
ਪਿਛਲੇ ਸਾਲ ਵੀ ਇਸੇ ਮਹੀਨੇ ਤਾਲਾਬੰਦੀ ਤੋਂ ਬਾਅਦ ਬੱਚੇ ਅਪਣੇ ਬੋਰਡ ਦੇ ਇਮਤਿਹਾਨਾਂ ਲਈ ਦੁਬਿਧਾ ਵਿਚ ਪੈ ਗਏ ਸਨ ਤੇ ਇਸ ਸਾਲ ਵੀ ਉਹ ਉਸੇ ਕਸ਼ਮਕਸ਼ ’ਚੋਂ ਗੁਜ਼ਰ ਰਹੇ ਹਨ। ਅਸੀ ਬੱਚਿਆਂ ਨੂੰ ਡਰਾਇਆ ਵੀ ਏਨਾ ਜ਼ਿਆਦਾ ਹੈ ਕਿ ਉਹ ਘਰੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ। ਅਜੇ ਤਾਂ ਉਨ੍ਹਾਂ ਲਈ ਵਖਰੀ ਵੈਕਸੀਨ ਵੀ ਤਿਆਰ ਨਹੀਂ ਹੋਈ।
corona virus
ਜਿਹੜਾ ਖ਼ੌਫ਼ ਇਸ ਨਾਜ਼ੁਕ ਉਮਰ ਵਿਚ ਬੱਚਿਆਂ ਦੇ ਮਨਾਂ ਵਿਚ ਬੈਠ ਗਿਆ ਹੈ, ਉਸ ਨੂੰ ਬਾਹਰ ਕੱਢਣ ਵਿਚ ਬਹੁਤ ਸਮਾਂ ਲੱਗੇਗਾ। ਇਕ ਉਮੀਦ ਦੀ ਕਿਰਨ ਜ਼ਰੂਰ ਜਾਗੀ ਸੀ ਪਰ ਇਕ ਵਾਰ ਫਿਰ ਕੋਵਿਡ ਮਹਾਂਮਾਰੀ ਨੇ ਇਨਸਾਨ ਨੂੰ ਵਿਖਾ ਦਿਤਾ ਹੈ ਕਿ ਉਸ ਦੀ ਤਾਕਤ ਕਿੰਨੀ ਜ਼ਿਆਦਾ ਹੈ। ਭਾਰਤ ਵੈਕਸੀਨ ਲਗਾਉਣ ਦੀ ਤਿਆਰੀ ਕਰ ਰਿਹਾ ਸੀ ਪਰ ਉਸ ਦੀ ਚਾਲ ਕਾਫ਼ੀ ਧੀਮੀ ਸੀ ਕਿਉਂਕਿ ਲੋਕਾਂ ਨੂੰ ਜਾਪਦਾ ਸੀ ਕਿ ਉਨ੍ਹਾਂ ਨੂੰ ਤਾਂ ਕੋਰੋਨਾ ਹੋਇਆ ਹੀ ਨਹੀਂ ਤਾਂ ਫਿਰ ਉਹ ਅਜਿਹਾ ਟੀਕਾ ਕਿਉਂ ਲਗਵਾਉਣ ਜਿਸ ਬਾਰੇ ਕੁੱਝ ਖਾਸ ਪਤਾ ਹੀ ਨਹੀਂ? ਮਾਹਰ ਅੱਜ ਵੀ ਇਸ ਤੇ ਦੋ ਰਾਏ ਪ੍ਰਗਟ ਕਰ ਰਹੇ ਹਨ।
vaccine
ਵੈਕਸੀਨ ਜਦ ਭਾਰਤ ਵਿਚ ਤੇਜ਼ੀ ਨਾਲ ਨਹੀਂ ਸੀ ਲੱਗ ਰਹੀ ਤਾਂ ਭਾਰਤ ਸਰਕਾਰ ਵਲੋਂ ਇਸ ਨੂੰ ਬਾਕੀ ਦੇਸ਼ਾਂ ਦੀ ਵਰਤੋਂ ਲਈ ਭੇਜ ਦਿਤਾ ਗਿਆ। ਪਰ ਹੁਣ ਜਿਸ ਤਰ੍ਹਾਂ ਇਕ ਦਿਨ ਵਿਚ ਤਕਰੀਬਨ 1 ਲੱਖ, 26 ਹਜ਼ਾਰ ਨਵੇਂ ਮਰੀਜ਼ ਆਉਣ ਲੱਗ ਪਏ ਹਨ, ਜਾਪਦਾ ਇਹੀ ਹੈ ਕਿ ਇਸ ਵਾਰ ਮਹਾਂਮਾਰੀ ਵੱਡਾ ਨੁਕਸਾਨ ਕਰੇਗੀ ਹੀ ਕਰੇਗੀ। ਇਸ ਵਾਰ ਕੋਰੋਨਾ ਮਹਾਂਮਾਰੀ ਦੇ ਨਵੇਂ ਰੂਪ ਜੋ ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ਤੋਂ ਆਏ ਹਨ ਉਹ ਫੈਲਦੇ ਬਹੁਤ ਤੇਜ਼ੀ ਨਾਲ ਹਨ ਅਤੇ ਨਾਲੋ ਨਾਲ ਇਹ ਵੀ ਦਸ ਰਹੇ ਹਨ ਕਿ ਇਹ ਮਹਾਂਮਾਰੀ ਅਪਣਾ ਰੂਪ ਬਦਲਣ ਦੀ ਜੋ ਤਾਕਤ ਰਖਦੀ ਹੈ ਤੇ ਵੈਕਸੀਨ ਨੂੰ ਵੀ ਮਾਤ ਦੇ ਸਕਦੀ ਹੈ।
Corona
ਖੋਜਾਂ ਤੋਂ ਪਤਾ ਲੱਗ ਰਿਹਾ ਹੈ ਕਿ ਵੈਕਸੀਨ ਦੇ ਕਈ ਟੀਕੇ ਕੋਰੋਨਾ ਦੇ ਇਸ ਨਵੇਂ ਰੂਪ ਸਾਹਮਣੇ ਕਮਜ਼ੋਰ ਸਾਬਤ ਹੋ ਰਹੇ ਹਨ। ਜਿਨ੍ਹਾਂ ਨੂੰ ਪਹਿਲਾਂ ਕੋਵਿਡ ਹੋਇਆ ਸੀ, ਉਨ੍ਹਾਂ ਨੂੰ ਇਹ ਦੁਬਾਰਾ ਹੋ ਸਕਦਾ ਹੈ ਤੇ ਹੋ ਰਿਹਾ ਵੀ ਹੈ। ਵੈਕਸੀਨ, ਕੋਰੋਨਾ ਦਾ ਅਸਰ ਘਟਾ ਜ਼ਰੂਰ ਸਕਦੀ ਹੈ ਤੇ ਇਸ ਨਾਲ ਲੜਨ ਲਈ ਹੁਣ ਦੁਨੀਆਂ ਨੂੰ ਇਕਮੁੱਠ ਹੋ ਕੇ ਇਕ ਵਾਰ ਤਾਂ ਵੈਕਸੀਨ ਨੂੰ ਮੌਕਾ ਦੇਣਾ ਹੀ ਪਵੇਗਾ।
Vaccine
ਜਦ ਇਕਮੁੱਠ ਹੋਣ ਦੀ ਗੱਲ ਹੁੰਦੀ ਹੈ ਤਾਂ ਸਾਡੇ ਸਿਆਸਤਦਾਨ ਇਕ ਦੂਜੇ ਵਿਰੁਧ ਦੂਸ਼ਣਬਾਜ਼ੀ ਸ਼ੁਰੂ ਕਰ ਦਿੰਦੇ ਹਨ ਜਦਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਕੱਠੇ ਹੋ ਕੇ ਇਸ ਮਹਾਂਮਾਰੀ ਨਾਲ ਲੜਨ ਦੀ ਗੱਲ ਕਰਨ। ਅੱਜ ਤਕਰੀਬਨ ਹਰ ਸੂਬੇ ਕੋਲ 2-4 ਦਿਨ ਲਈ ਹੀ ਕੋਰੋਨਾ ਵੈਕਸੀਨ ਰਹਿ ਗਈ ਹੈ ਤੇ ਹੁਣ ਸਰਕਾਰ ਅਤੇ ਵਿਰੋਧੀ ਦਲਾਂ ਵਿਚ ਗਰਮਾ ਗਰਮ ਬਹਿਸ ਵੀ ਸ਼ੁਰੂ ਹੋ ਚੁਕੀ ਹੈ। ਸਰਕਾਰਾਂ ਨੂੰ ਸਕੂਲ ਤੇ ਕਾਲਜ ਬੰਦ ਕਰਨ ਦੀ ਕਾਹਲ ਹੈ ਪਰ ਰੈਲੀਆਂ ਵਿਚ ਵੱਡੇ ਇਕੱਠ ਕਰਨ ਵਾਲੇ ਵੀ ਇਹ ਖ਼ੁਦ ਹੀ ਹਨ।
farmer
ਦੇਸ਼ ਦੇ ਸਿਹਤ ਮੰਤਰੀ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਕੋਵਿਡ ਦੇ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਜਦਕਿ ਇਕ ਖੋਜ ਮੁਤਾਬਕ ਭਾਰੀ ਇਕੱਠ ਦੇ ਬਾਵਜੂਦ ਪੇਂਡੂ ਇਲਾਕੇ ਦੇ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਬਹੁਤ ਘੱਟ ਲੋਕਾਂ ਨੂੰ ਕੋਵਿਡ ਹੋ ਰਿਹਾ ਹੈ। ਇਸ ਨੂੰ ਸਮਝਣ ਤੇ ਖੋਜ ਕਰ ਕੇ ਬਾਕੀ ਦੇ ਦੇਸ਼ ਵਾਸੀਆਂ ਨੂੰ ਵੀ ਕਿਸਾਨਾਂ ਵਾਲੀ ਜੀਵਨ ਜਾਚ ਅਪਨਾਉਣ ਲਈ ਕਹਿਣ ਦੀ ਬਜਾਏ ਕਿਸਾਨਾਂ ਤੇ ਝੂਠੇ ਇਲਜ਼ਾਮ ਮੜ੍ਹਨਾ ਸਿਆਸਤਦਾਨਾਂ ਦੀ ਮਜਬੂਰੀ ਬਣ ਗਈ ਹੈ ਪਰ ਆਮ ਇਨਸਾਨ ਤਾਂ ਕਿਸਾਨ ਤੋਂ ਫਿਰ ਵੀ ਬਹੁਤ ਕੁੱਝ ਸਿਖ ਸਕਦਾ ਹੈ।
Farmers Protest
ਇਹ ਮਹਾਂਮਾਰੀ ਮੁੱਖ ਤੌਰ ਤੇ ਸ਼ਹਿਰੀਆਂ ਦੀ ਬਿਮਾਰੀ ਸਾਬਤ ਹੋ ਰਹੀ ਹੈ। ਸ਼ਾਇਦ ਅੱਗੇ ਜਾ ਕੇ ਇਹ ਤਸਵੀਰ ਬਦਲ ਜਾਵੇ, ਉਹ ਕੁਦਰਤ ਦੀ ਮਰਜ਼ੀ ਹੈ ਪਰ ਅੱਜ ਤਕ ਜਿਵੇਂ ਕਿਸਾਨੀ ਸੰਘਰਸ਼ ਵਿਚ ਸ਼ਾਮਲ ਕਿਸਾਨ ਬਚੇ ਹੋਏ ਹਨ, ਉਸੇ ਤਰ੍ਹਾਂ ਪਿੰਡਾਂ ਵਿਚ ਵੀ ਇਸ ਮਹਾਂਮਾਰੀ ਤੋਂ ਲੋਕ ਕਾਫ਼ੀ ਬਚੇ ਹੋਏ ਹਨ।
ਇਹ ਮਹਾਂਮਾਰੀ ਸਾਨੂੰ ਸਾਦਗੀ ਸਿਖਾ ਰਹੀ ਸੀ ਤੇ ਸ਼ਹਿਰੀਆਂ ਅਤੇ ਅਪਣੇ ਆਪ ਨੂੰ ‘ਤਕਨੀਕੀ ਮਾਹਰ’ ਮੰਨਣ ਵਾਲਿਆਂ ਨੇ ਪਿਛਲੇ ਸਾਲ ਕੁਦਰਤ ਦੇ ਇਸ ਸੁਨੇਹੇ ਨੂੰ ਹੋਰ ਵੀ ਬੁਰੀ ਤਰ੍ਹਾਂ ਵੰਗਾਰਿਆ ਸੀ।
ਪਲਾਸਟਿਕ ਅਤੇ ਲਿਫ਼ਾਫ਼ਿਆਂ ਦੀ ਵਰਤੋਂ ਨਾਲ ਕੁਦਰਤ ਨੂੰ ਹੋਰ ਵੀ ਚੁਨੌਤੀ ਦਿਤੀ। ਅੱਜ ਦੇ ਅੰਕੜੇ ਦਸਦੇ ਹਨ ਕਿ ਕੁਦਰਤ ਨਾਲ ਖੁਲ੍ਹੇ ਵਿਚ ਰਹਿਣ ਵਾਲੇ ਅਤੇ ਸਾਦਗੀ ਨਾਲ ਜੀਵਨ ਬਤੀਤ ਕਰਨ ਵਾਲੇ ਕਿਸਾਨ ਹੀ ਇਸ ਮਹਾਂਮਾਰੀ ਤੋਂ ਬਚੇ ਹੋਏ ਹਨ। ਕੀ ਇਹ ਮਹਾਂਮਾਰੀ ਇਨਸਾਨ ਨੂੰ ਕੁਦਰਤ ਦਾ ਸਬਕ ਹੈ, ਜੋ ਹੋਰ ਵੀ ਕਠੋਰ ਹੁੰਦਾ ਜਾਵੇਗਾ ਜਾਂ ਸਿਰਫ਼ ਇਕ ਬਿਮਾਰੀ ਹੈ ਜਿਸ ਤੇ ਇਨਸਾਨ ਜਿੱਤ ਪਾ ਲਵੇਗਾ?
- ਨਿਮਰਤ ਕੌਰ