
ਚੋਣ ਜ਼ਾਬਤੇ ਦੀ ਉਲੰਘਣਾ ਹੀ ਕਰਨੀ ਸੀ ਤਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਐਲਾਨ ਕਰਦੇ ਮੁੱਖ ਮੰਤਰੀ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਦੋਸ਼ ਲਗਾਇਆ ਹੈ ਕਿ ਉਹ ਕਿਸਾਨਾਂ ਨੂੰ ਮਹਿਜ਼ 4 ਰੁਪਏ 60 ਪੈਸੇ ਦੀ ਸਬਸਿਡੀ ਲੋਲੀਪੋਪ ਐਲਾਨ ਕੇ ਵੋਟਾਂ ਲਈ ਗੁੰਮਰਾਹ ਕਰਨ ਦੀ ਕੋਸ਼ਿਸ਼ 'ਚ ਹਨ ਅਤੇ ਆਦਰਸ਼ ਚੋਣ ਜ਼ਾਬਤੇ ਦੀ ਵੀ ਉਲੰਘਣਾ ਕਰ ਰਹੇ ਹਨ।
Bhagwant Mann
ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕਣਕ ਦੀ ਫ਼ਸਲ 'ਤੇ ਨਿਰਧਾਰਿਤ 1840 ਰੁਪਏ ਪ੍ਰਤੀ ਕਵਿੰਟਲ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ਉੱਤੇ ਬਦਰੰਗ ਦਾਣੇ ਦੇ ਹਵਾਲੇ ਨਾਲ ਮੋਦੀ ਸਰਕਾਰ ਵੱਲੋਂ ਕੀਤੀ 4.60 ਪੈਸੇ ਕਟੌਤੀ ਨਿਖੇਧੀ ਜਨਕ ਹੈ, ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਹਿਸਾਬ ਇਨ੍ਹਾਂ ਚੋਣਾਂ 'ਚ ਪੰਜਾਬ ਦੇ ਕਿਸਾਨ ਖ਼ੁਦ ਕਰ ਲੈਣਗੇ, ਪਰੰਤੂ ਕੈਪਟਨ ਅਮਰਿੰਦਰ ਸਿੰਘ ਚੀਚੀ 'ਤੇ ਖ਼ੂਨ ਲਗਾ ਕੇ ਕਿਸਾਨਾਂ ਦੀ ਹਮਦਰਦੀ ਦੀ ਝਾਕ ਨਾ ਰੱਖਣ।
ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਖਿਲਾਫੀਆਂ ਕਰਕੇ ਜਿੰਨੇ ਡੂੰਘੇ ਜ਼ਖਮ ਪੰਜਾਬ ਦੇ ਕਿਸਾਨਾਂ ਨੂੰ ਦਿੱਤੇ ਹਨ, ਇਹ 4 ਰੁਪਏ 60 ਪੈਸੇ ਪ੍ਰਤੀ ਕਵਿੰਟਲ ਦਾ ਲੋਲੀਪੋਪ ਕਿਸਾਨਾਂ ਦੇ ਜ਼ਖ਼ਮਾਂ 'ਤੇ ਨਮਕ ਦਾ ਹੀ ਕੰਮ ਕਰੇਗਾ। ਭਗਵੰਤ ਮਾਨ ਨੇ ਦੱਸਿਆ ਇਹ ਲੋਲੀਪੋਪ ਪ੍ਰਤੀ ਏਕੜ 100 ਰੁਪਏ ਵੀ ਨਹੀਂ ਬਣਦਾ, ਜਦਕਿ ਪ੍ਰਚਾਰ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਜਿਵੇਂ ਕੈਪਟਨ ਨੇ ਕਿਸਾਨਾਂ ਲਈ 'ਸ਼ਾਹੀ ਖ਼ਜ਼ਾਨੇ' ਦੇ ਦਰਵਾਜ਼ੇ ਖੋਲ੍ਹ ਦਿੱਤੇ ਹੋਣ।
Captain Amarinder Singh
ਮਾਨ ਨੇ ਕਿਹਾ ਕਿ ਉਹ ਦਾਅਵਾ ਕਰਦੇ ਹਨ ਕਿ ਕੈਪਟਨ ਸਰਕਾਰ ਨੇ ਇਸ ਐਲਾਨ 'ਤੇ ਵੀ ਖਰਾ ਨਹੀਂ ਉੱਤਰਨਾ, ਕਿਉਂਕਿ 2002 ਤੋਂ 2007 ਦੀ ਸਰਕਾਰ ਸਮੇਂ ਕਿਸਾਨਾਂ ਨੂੰ ਜੋ 30 ਰੁਪਏ ਬੋਨਸ ਐਲਾਨਿਆ ਸੀ, ਉਹ ਅੱਜ ਤੱਕ ਪੂਰਾ ਨਹੀਂ ਦਿੱਤਾ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਚੋਣਾਂ ਜਿੱਤਣ ਲਈ ਕਿਸਾਨਾਂ ਨੂੰ ਕੁੱਝ ਦੇਣਾ ਹੀ ਹੈ ਤਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ ਪੰਜਾਬ ਦੇ ਕਿਸਾਨਾਂ ਨੂੰ ਕਣਕ ਦੀ ਕੀਮਤ ਸਵਾਮੀਨਾਥਨ ਸਿਫ਼ਾਰਿਸ਼ਾਂ ਦੇ ਬਰਾਬਰ ਕਰੇ।
ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਕਿਸਾਨ ਨੂੰ ਪ੍ਰਤੀ ਕਵਿੰਟਲ 1840 ਰੁਪਏ ਵੀ ਨਹੀਂ ਮਿਲ ਰਹੇ ਜਦਕਿ ਦਿੱਲੀ ਦਾ ਕਿਸਾਨ 2616 ਰੁਪਏ ਪ੍ਰਤੀ ਕਵਿੰਟਲ ਕੀਮਤ ਲੈ ਰਿਹਾ ਹੈ।