ਜੇਕਰ ਮੋਦੀ-ਸ਼ਾਹ ਦੀ ਜੋੜੀ ਦੁਬਾਰਾ ਆ ਗਈ ਤਾਂ ਦੇਸ਼ ਟੁਕੜੇ-ਟੁਕੜੇ ਹੋ ਜਾਵੇਗਾ: ਭਗਵੰਤ ਮਾਨ
Published : May 4, 2019, 5:24 pm IST
Updated : May 4, 2019, 5:24 pm IST
SHARE ARTICLE
Bhagwant Mann Interview on Spokesman tv
Bhagwant Mann Interview on Spokesman tv

ਮੋਦੀ ਤੇ ਅਮਿਤ ਸ਼ਾਹ ਖੇਡ ਰਹੇ ਬਹੁਤ ਗੰਦੀ ਰਾਜਨੀਤੀ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸੰਗਰੂਰ ਤੋਂ ਲੋਕਸਭਾ ਮੈਂਬਰ ਭਗਵੰਤ ਮਾਨ ਨੇ ‘ਸਪੋਕਸਮੈਨ ਵੈੱਬਟੀਵੀ’ ਦੀ ਮੈਨੇਜਿੰਗ ਐਡੀਟਰ ਮੈਡਮ ਨਿਮਰਤ ਕੌਰ ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ‘ਸਪੋਕਸਮੈਨ’ ਦੇ ਜ਼ਰੀਏ ਪੰਜਾਬ ਦੀ ਸਿਆਸਤ ਬਾਰੇ ਕੁਝ ਅਹਿਮ ਤੱਥ ਪੰਜਾਬ ਦੀ ਜਨਤਾ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਗੱਲਬਾਤ ਦੌਰਾਨ ਅਹਿਮ ਮੁੱਦਿਆਂ ’ਤੇ ਚਰਚਾ ਹੋਈ ਤੇ ਨਾਲ ਹੀ ਕੁਝ ਅਹਿਮ ਸਵਾਲਾਂ ਪੁੱਛੇ ਗਏ ਜਿੰਨ੍ਹਾਂ ਦੇ ਜਵਾਬ ਕੁਝ ਇਸ ਤਰ੍ਹਾਂ ਹਨ।

ਸਵਾਲ: ਅੱਜ ਪੰਜਾਬ ਵਿਚ ‘ਆਪ’ ਸਿਰਫ਼ ਭਗਵੰਤ ਮਾਨ ਦੀ ਲਹਿਰ ਬਣ ਕੇ ਰਹਿ ਗਈ ਹੈ, ਜੱਸੀ ਜਸਰਾਜ ਕਹਿ ਰਹੇ ਨੇ ਭਗਵੰਤ ਮਾਨ ਨੂੰ ਉਸ ਦੀ ਔਕਾਤ ਵਿਖਾਉਣੀ ਹੈ?

ਜਵਾਬ: ਦੇਖੋ ਜੀ, ਔਕਾਤ ਕਿਸ ਦੀ ਕਿਸ ਨੇ ਵਿਖਾਉਣੀ ਆ, ਉਹ ਜਨਤਾ ਵਿਖਾਉਂਦੀ ਹੈ ਤੇ ਉਹ 23 ਤਰੀਕ ਨੂੰ ਪਤਾ ਲੱਗ ਜਾਉਗਾ। ਹੋਰ ਮੈਂ ਕੁਝ ਨਹੀਂ ਕਹਿੰਦਾ।

ਸਵਾਲ: ਜੱਸੀ ਕਹਿੰਦੇ ਨੇ ਕਿ ਭਗਵੰਤ ਨੂੰ ਇਕ ਹੋਰ ਸੁਖਬੀਰ ਨਹੀਂ ਬਣਨ ਦਿਆਂਗਾ?

ਜਵਾਬ: ਜੱਸੀ ਜਸਰਾਜ ਜੇ ਸੰਗਰੂਰ ਆਉਂਦੇ ਹਨ ਤਾਂ ਉੱਥੇ ਅਪਣੇ ਅੱਧੇ ਘੰਟੇ ਦੇ ਭਾਸ਼ਣ ਵਿਚੋਂ 28 ਮਿੰਟ ਮੇਰੇ ਬਾਰੇ ਬੋਲਦੇ ਹਨ। ਇਸ ਦਾ ਮਤਲਬ ਸਾਫ਼ ਹੈ ਕਿ ਉਹ ਕੁਝ ਨਾ ਕੁਝ ਪਲੈਨਿੰਗ ਨਾਲ ਆਏ ਹਨ ਕਿ ਮੈਨੂੰ ਲੋਕਾਂ ਵਿਚ ਨੀਵਾਂ ਵਿਖਾ ਸਕਣ ਪਰ ਲੋਕ ਹੁਣ ਖ਼ੁਦ ਅੱਗੋਂ ਜਵਾਬ ਵੀ ਮੰਗਣ ਲੱਗੇ ਹਨ ਕਿ ਭਗਵੰਤ ਨੇ ਅਜਿਹਾ ਕੀ ਮਾੜਾ ਕਰ ਦਿਤਾ ਹੈ।

ਸਵਾਲ: ਸਾਰੇ ਪਾਰਟੀ ਮੈਂਬਰ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਹਨ ਕਿ ਮਾਨ ਨੇ ਪਾਰਟੀ ਨੂੰ ਖੇਰੂ-ਖੇਰੂ ਕਰ ਦਿਤਾ, ਕੋਈ ਨਹੀਂ ਬਚਿਆ?

ਜਵਾਬ: ਦੇਖੋ ਜੀ, ਇਹੀ ਬੰਦੇ ਕੁਝ ਦਿਨ ਪਹਿਲਾਂ ਮੇਰੇ ਕੋਲ ਬੈਠੇ ਇਨਕਲਾਬ ਦੀਆਂ ਗੱਲਾਂ ਕਰਦੇ ਸੀ। ਅਹੁਦਿਆਂ ਦੀਆਂ ਗੱਲਾਂ ਕਰਦੇ ਸੀ। ਜੇ ਆਹ ਅਹੁਦਾ ਨਾ ਦਿਤਾ ਤਾਂ ਮੈਂ ਨਹੀਂ ਤੁਰਦਾ ਤੇ ਇਨ੍ਹਾਂ ਲਾਲਚੀ ਲੋਕਾਂ ਕੋਲ ਸਿਰਫ਼ ਇਹੀ ਮੌਕਾ ਹੁੰਦਾ ਹੈ ਕਿ ਇਸ ਮੌਕੇ ਪ੍ਰੈਸ ਕਾਨਫਰੰਸ ਕਰਦੋ ਤੇ ਪਾਰਟੀ ਨੂੰ ਨੀਵਾ ਵਿਖਾ ਦਿਓ। ਪਰ ਲੋਕਾਂ ਨੂੰ ਸਭ ਪਤਾ ਹੈ ਕਿ ਕੀ ਸਹੀ ਹੈ, ਲੋਕਾਂ ਨੂੰ ਪਤਾ ਹੈ ਕਿ ਸਾਡੇ ਚੁੱਲ੍ਹਿਆਂ ਦੀ ਰਾਖੀ ਕੌਣ ਕਰੇਗਾ, ਲੋਕਾਂ ਨੂੰ ਇਹ ਵੀ ਪਤਾ ਹੈ ਕਿ ਕੌਣ ਇਮਾਨਦਾਰ ਹੈ। ਇਸ ਸਮੇਂ ਕੈਪਟਨ ਅਮਰਿੰਦਰ, ਸੁਖਬੀਰ, ਹਰਸਿਮਰਤ, ਤੇ ਹੋਰ ਕਈ ਵੱਡੇ ਲੀਡਰ ਸਭ ਇਹੀ ਕਹਿ ਰਹੇ ਹਨ ਕਿ ਭਗਵੰਤ ਨੂੰ ਹਰਾਉਣਾ ਹੈ। ਕੀ ਇਕੱਲੇ ਸੰਗਰੂਰ ਵਿਚ ਚੋਣ ਹੀ ਰਹੀ ਹੈ। ਰੜਕਦਾ ਹਮੇਸ਼ਾ ਓਹੀ ਹੁੰਦਾ ਹੈ ਜਿਸ ਦੀ ਹੋਂਦ ਹੁੰਦੀ ਹੈ ਤੇ ਮੈਂ ਹਰੇਕ ਨੂੰ ਰੜਕ ਰਿਹਾ ਹਾਂ।

ਸਵਾਲ: ਸੰਗਰੂਰ ਵਿਚ ਰੇਤ ਮਾਇਨਿੰਗ ’ਤੇ ਕੀ ਤੁਸੀਂ ਕਾਬੂ ਪਾ ਸਕੇ ਹੋ?

ਜਵਾਬ: ਮਾਇਨਿੰਗ ਵਾਲਾ ਸਾਡਾ ਏਰੀਆ ਨਹੀਂ ਹੈ ਪਰ ਜਿਹੜਾ ਐਮ.ਪੀ. ਫੰਡ ਹੈ ਉਸ ਨੂੰ ਮੈਂ ਵਧਾ ਕੇ ਵਰਤਿਆ ਹੈ (ਅਪਣਾ ਰਿਪੋਰਟ ਕਾਰਡ ਵਿਖਾਉਂਦੇ ਮਾਨ ਨੇ ਦੱਸਿਆ ਕਿ 5 ਸਾਲਾਂ ਵਿਚ 25 ਕਰੋੜ ਤੇ ਉਸ ਉਪਰ 1 ਕਰੋੜ 24 ਲੱਖ ਰੁਪਏ ਵਿਆਜ਼, 60 ਲੱਖ ਪਿਛਲੇ ਐਮ.ਪੀ. ਦਾ ਬਚਿਆ ਪੈਸਾ ਵਰਤਿਆ)। ਪਿਛਲੇ ਐਮ.ਪੀ. ਨੇ 5 ਸਾਲਾਂ ਵਿਚ ਜਿਹੜਾ ਪੈਸਾ ਹਲਕੇ ਦੇ ਵਿਕਾਸ ਲਈ ਲਾਇਆ ਹੈ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਪਰ ਜਿਹੜੇ ਮੈਂ ਵਰਤੇ ਉਹ ਲਾਇਬ੍ਰੇਰੀਆਂ, ਜਿਮ, ਸੋਲਰ ਲਾਇਟਾਂ, ਐਂਬੂਲੈਂਸ, ਚੌਂਕ, ਫ਼ਾਇਰ ਬ੍ਰਿਗੇਡ (ਪਾਣੀ ਦੀ ਟੈਂਕੀ ਨੂੰ ਫ਼ਾਇਰ ਬ੍ਰਿਗੇਡ ਬਣਾਇਆ ਤਾਂ ਜੋ ਕਣਕਾਂ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕੇ), ਸੀਸੀਟੀਵੀ ਕੈਮਰਿਆਂ (ਬ੍ਰਿਸਟੋ ਕੰਪਨੀ ਦੇ ਜਿਹੜੇ ਚਲਦੀ ਕੀੜੀ ਦੀ ਤੋਰ ਵੀ ਸਾਫ਼ ਵਿਖਾ ਸਕਦੇ ਹਨ) ’ਤੇ ਲੱਗੇ ਨਜ਼ਰ ਆ ਰਹੇ ਹਨ। ਇਸ ਦੇ ਉਲਟ ਕਾਂਗਰਸ ਵਲੋਂ ਜਿਹੜੇ ਕੈਮਰੇ ਲਗਵਾਏ ਗਏ ਉਨ੍ਹਾਂ ਵਿਚ ਪਹਿਚਾਣ ਕਰਨ ਦੀ ਗੱਲ ਤਾਂ ਦੂਰ ਹੈ, ਜੇ ਲੁਟੇਰੇ ਲੁੱਟਾਂ ਖੋਹਾਂ ਕਰਕੇ ਅੱਧਾ ਘੰਟਾ ਭੰਗੜਾ ਪਾ ਕੇ ਵੀ ਚਲੇ ਜਾਣ ਤਾਂ ਵੀ ਪਤਾ ਨਾ ਲੱਗੇ ਕਿ ਕੌਣ ਵਿਅਕਤੀ ਸਨ।

ਸਵਾਲ: ਇਕ ਐਮ.ਪੀ. ਜੋ ਸੱਤਾਧਾਰੀ ਪਾਰਟੀ ਦਾ ਹਿੱਸਾ ਨਹੀਂ ਹੈ, ਉਹ ਅਪਣੇ ਐਮ.ਪੀ. ਫੰਡ ਤੋਂ ਇਲਾਵਾ ਕਿੰਨਾ ਹੋਰ ਫ਼ਰਕ ਪਾ ਸਕਦਾ ਹੈ?

ਜਵਾਬ: ਮੈਨੂੰ ਇਸ ਸਵਾਲ ਦੀ ਉਮੀਦ ਸੀ ਕਿ ਮੈਨੂੰ ਜ਼ਰੂਰ ਕੋਈ ਨਾ ਕੋਈ ਇਹ ਸਵਾਲ ਪੁੱਛੇਗਾ। ਬਹੁਤ ਜ਼ਿਆਦਾ ਫ਼ਰਕ ਪਾ ਸਕਦਾ ਹੈ ਜੀ। ਜ਼ਰੂਰੀ ਨਹੀਂ ਕਿ ਤੁਹਾਡੀ ਸਰਕਾਰ ਹੋਵੇ ਤੇ ਤੁਸੀਂ ਐਮ.ਪੀ. ਹੋਵੋ ਤਾਂ ਹੀ ਕੰਮ ਹੁੰਦੇ ਨੇ। ਮੈਂ ਉਦਾਹਰਨ ਦਿੰਦਾ ਹਾਂ, ਹਜ਼ਾਰਾਂ ਦੀ ਗਿਣਤੀ ਵਿਚ ਕੁੜੀਆਂ ਮੁੰਡੇ ਵਿਦੇਸ਼ਾਂ ਵਿਚ ਫਸੇ ਹੋਏ ਨੇ, ਮੈਂ ਕਢਾਏ। ਇੱਥੇ ਮੈਂ ਆਪ ਨਹੀਂ ਉਨ੍ਹਾਂ ਨੂੰ ਕਢਾ ਕੇ ਲਿਆਉਂਦਾ, ਸੁਸ਼ਮਾ ਸਵਰਾਜ ਤੋਂ ਕਢਵਾਉਂਦਾ ਹਾਂ। ਇਸ ਦਾ ਕਾਰਨ ਦੱਸਦਾ ਹਾਂ, ਜਿਹੜਾ ਐਮ.ਪੀ. ਪਾਰਲੀਮੈਂਟ ਦੇ ਵਿਚ ਸਭ ਤੋਂ ਵੱਧ ਬੋਲਦਾ ਹੋਵੇ, ਉਸ ਤੋਂ ਸਰਕਾਰਾਂ ਹਮੇਸ਼ਾ ਡਰਦੀਆਂ ਹੁੰਦੀਆਂ ਨੇ। ਜਿਹੜੀ ਲਿਸਟ ਮੈਂ ਸੁਸ਼ਮਾ ਜੀ ਨੂੰ ਦਿੰਦਾ ਹਾਂ ਤਾਂ ਮੈਂ ਇਹ ਕਹਿੰਦਾ ਹਾਂ ਕਿ ਇਕ ਹਫ਼ਤੇ ਦੇ ਅੰਦਰ ਨੌਜਵਾਨ ਵਿਦੇਸ਼ਾਂ ਤੋਂ ਵਾਪਸ ਆ ਜਾਣੇ ਚਾਹੀਦੇ ਨੇ ਤਾਂ ਹੀ ਮੈਂ ਪਾਰਲੀਮੈਂਟ ਵਿਚ ਤੁਹਾਡੀ ਤਾਰੀਫ਼ ਕਰਾਂਗਾ ਨਹੀਂ ਤਾਂ ਮੈਂ ਪਾਰਲੀਮੈਂਟ ਵਿਚ ਜਲੂਸ ਕੱਢਾਂਗਾ। ਕਹਿਣ ਦਾ ਭਾਵ ਕਿ ਸਭ ਤੋਂ ਵੱਧ ਬੋਲਣ ਵਾਲੇ ਦੀ ਗੱਲ ਸੁਣੀ ਜਾਂਦੀ ਹੈ।

ਸਵਾਲ: ਤੁਹਾਨੂੰ ਲੱਗਦਾ ਹੈ ਕਿ ਮੋਦੀ ਇਕ ਵਾਰ ਫਿਰ ਦੇਸ਼ ਵਿਚ ਵਾਪਸ ਆਉਣੇ ਚਾਹੀਦੇ ਹਨᣛ?

ਜਵਾਬ: ਨਹੀਂ, ਜੇ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਇਕ ਵਾਰ ਫਿਰ ਦੇਸ਼ ਵਿਚ ਵਾਪਸ ਆ ਗਈ ਤਾਂ ਦੇਸ਼ ਦੇ ਟੁਕੜੇ ਟੁਕੜੇ ਹੋ ਜਾਣਗੇ ਕਿਉਂਕਿ ਇਹ ਬਹੁਤ ਗੰਦੀ ਰਾਜਨੀਤੀ ਖੇਡ ਰਹੇ ਹਨ। ਅਮਿਤ ਸ਼ਾਹ ਨੇ ਤਾਂ ਇਕ ਵਾਰ ਇਹ ਵੀ ਕਹਿ ਦਿਤਾ ਕਿ ਹੁਣ ਜਿੱਤ ਗਏ ਤਾਂ 50 ਸਾਲ ਕਿਤੇ ਨਹੀਂ ਜਾਂਦੇ। ਇਹ ਲੋਕ ਬਹੁਤ ਖ਼ਤਰਨਾਕ ਇਰਾਦੇ ਰੱਖਦੇ ਨੇ।

ਸਵਾਲ: ਕੀ ਜੇ ਲੋੜ ਪੈਂਦੀ ਹੈ ਤਾਂ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਦਾ ਸਮਰਥਨ ਕਰੋਗੇ?

ਜਵਾਬ: ਦੇਖੋ ਜੀ, ਇਹ ਪਾਰਟੀ ਕੋਈ ਐਮ.ਐਲ.ਏ. ਐਮ.ਪੀ. ਜਾਂ ਕੋਈ ਅਹੁਦੇਦਾਰ ਬਚਾਉਣ ਵਾਸਤੇ ਨਹੀਂ ਬਣਾਈ ਗਈ, ਦੇਸ਼ ਬਚਾਉਣ ਵਾਸਤੇ ਬਣਾਈ ਗਈ ਹੈ। ਜੇਕਰ ਦੇਸ਼ ਦੀ ਗੱਲ ਆਉਂਦੀ ਹੈ ਤਾਂ ਕੁਝ ਵੀ ਕਰਾਂਗੇ ਕਿਉਂਕਿ ਦੇਸ਼ ਸਾਡੇ ਲਈ ਸਭ ਤੋਂ ਪਹਿਲਾਂ ਹੈ। ਜਦੋਂ ਮਹਾਗਠਜੋੜ ਦੀ ਗੱਲ ਚੱਲੀ ਸੀ ਤਾਂ ਮੇਰਾ ਇੱਕੋ ਫੰਡਾ ਸੀ ਕਿ ਜਿੱਥੇ ਵੀ ਦੋ ਪਾਰਟੀਆਂ ਮਿਲ ਕੇ ਭਾਜਪਾ ਨੂੰ ਹਰਾ ਰਹੀਆਂ ਨੇ ਉੱਥੇ ਗਠਜੋੜ ਕਰਵਾ ਦਿਓ।

ਗੱਲਬਾਤ ਦੌਰਾਨ ਭਗਵੰਤ ਮਾਨ ਨੇ ਮਲੇਰਕੋਟਲੇ ਤੋਂ ਉਨ੍ਹਾਂ ਨੂੰ ਭਜਾਏ ਜਾਣ ਦੀ ਗੱਲ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਮਲੇਰਕੋਟਲਾ ਇਕ ਅਜਿਹਾ ਇਲਾਕਾ ਹੈ ਜਿੱਥੋਂ ਦੇ ਲੋਕ ਸਭ ਤੋਂ ਵੱਧ ਉਨ੍ਹਾਂ ਦੀ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮਲੇਰਕੋਟਲੇ ਵਿਚ 10ਵੀਂ ਤੋਂ ਬਾਅਦ ਪੜ੍ਹਾਈ ਲਈ ਸਕੂਲ ਨਹੀਂ ਸੀ, ਇਲਾਕੇ ਦੇ ਨੌਜਵਾਨ ਪੜ੍ਹਾਈ ਲਈ ਦੂਜੇ ਸ਼ਹਿਰਾਂ ਵਿਚ ਜਾਂਦੇ ਸੀ ਪਰ ਜਦੋਂ ਉਨ੍ਹਾਂ ਵਲੋਂ ਪਾਰਲੀਮੈਂਟ ਵਿਚ ਮੁੱਦਾ ਚੁੱਕਿਆ ਗਿਆ ਤਾਂ ਇਲਾਕੇ ਵਿਚ ਸਕੂਲ ਬਣਿਆ।

ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਜੱਸੀ ਜਸਰਾਜ ਕਹਿੰਦਾ ਹੈ ਕਿ ਭਗਵੰਤ 3 ਹਜ਼ਾਰ ਕਰੋੜ ਹੜੱਪ ਕਰ ਗਿਆ। ਪਰ ਮੈਂ ਕਹਿੰਦਾ ਹਾਂ ਕਿ ਪਹਿਲਾਂ ਧਰਤੀ ’ਤੇ ਤਾਂ ਵਿਖਾਵੇ ਇੰਨੇ ਪੈਸੇ। ਜੇਕਰ ਇੰਨੇ ਪੈਸੇ ਮੇਰੇ ਕੋਲ ਹੁੰਦੇ ਤਾਂ ਮੈਂ ਹੱਥ ਜੋੜ ਚੋਣਾਂ ਨਾ ਲੜਦਾ ਸਗੋਂ ਪੈਸੇ ਉਡਾ ਕੇ ਚੋਣ ਲੜਦਾ, ਜਿਵੇਂ ਇਹੋ ਜਿਹੀਆਂ ਗੱਲਾਂ ਕਹਿਣ ਵਾਲੇ ਲੜਦੇ ਨੇ। ਕੇਵਲ ਢਿੱਲੋਂ ਦੀ ਗੱਲ ਕਰੀਏ ਤਾਂ ਉਸ ਨੇ 2017 ਵਿਚ ਲਗਭੱਗ 20 ਕਰੋੜ ਰੁਪਇਆ ਵੰਡਿਆ ਪਰ 27 ਸਾਲ ਦੇ ਨੌਜਵਾਨ ਮੀਤ ਹੇਅਰ ਨੇ 20 ਲੱਖ ਰੁਪਏ ਲਗਾ ਕੇ ਹਰਾ ਦਿਤਾ।

ਭਗਵੰਤ ਮਾਨ ਨੇ ਸ਼ਾਇਰੀ ਭਰੇ ਅੰਦਾਜ਼ ਵਿਚ ਕਿਹਾ ਕਿ ਪੈਸਿਆਂ ਨਾਲ ਨਹੀਂ ਜਿੱਤਿਆ ਜਾਂਦਾ, ਹਕੂਮਤ ਤੋਂ ਵੋ ਕਰਤੇ ਹੈਂ ਜਿੰਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂ ਕਹਨੇ ਕੋ ਤੋ ਮੁਰਗੇ ਕੇ ਸਰ ਪਰ ਭੀ ਤਾਜ ਹੋਤਾ ਹੈ। ਸ਼ਰਾਬ ਦੇ ਮੁੱਦੇ ’ਤੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਭ ਕੁਝ ਸ਼ਰੇਆਮ ਹੋਣਾ ਚਾਹੀਦਾ ਹੈ। ਵਿਰੋਧੀ ਹਮੇਸ਼ਾ ਸ਼ਰਾਬ ਨੂੰ ਲੈ ਕੇ ਮੁੱਦਾ ਬਣਾ ਲੈਂਦੇ ਸੀ, ਜਿਸ ਤੋਂ ਬਾਅਦ ਮੈਂ ਸੋਚਿਆ ਕਿ ਮੇਰੀ ਨਿੱਜੀ ਆਦਤ ਪੰਜਾਬ ਦੀ ਖੁਸ਼ਹਾਲੀ ਵਿਚ ਰੋੜਾ ਬਣ ਰਹੀ ਹੈ ਤਾਂ ਮੈਂ ਸ਼ਰਾਬ ਛੱਡਣਾ ਹੀ ਠੀਕ ਸਮਝਿਆ ਕਿਉਂਕਿ ਪੰਜਾਬ ਮੇਰੇ ਲਈ ਸਭ ਤੋਂ ਉਪਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪੰਜਾਬ ਭਾਜਪਾ 'ਚ ਵੱਡੀ ਬਗਾਵਤ! ਆਹ ਵੱਡੇ ਲੀਡਰ ਨੂੰ ਸੱਦ ਲਿਆ ਦਿੱਲੀ,ਚੰਡੀਗੜ੍ਹ ਬੈਠਕ ਬੇਸਿੱਟਾ,LIVE

17 Apr 2024 3:17 PM

'ਆਪ' ਦੀ ਸਿਆਸੀ ਰਾਜਧਾਨੀ 'ਚ ਕੌਣ ਕਿਸ 'ਤੇ ਭਾਰੀ ? ਸੰਗਰੂਰ ਤੋਂ ਮੌਜੂਦਾ ਸਾਂਸਦ ਮੁਕਾਬਲੇ ਮੰਤਰੀ ਕਾਂਗਰਸ ਨੇ ਸੁਖਪਾਲ..

17 Apr 2024 1:08 PM

ਟਿਕਟ ਕੱਟਣ 'ਤੇ ਰੁੱਸ ਗਏ ਲੀਡਰ, ਬਗ਼ਾਵਤ ਦੇ ਡਰੋਂ ਕੰਬੀ ਹਾਈਕਮਾਨ!

17 Apr 2024 12:26 PM

ਟਿਕਟ ਕੱਟਣ 'ਤੇ ਰੁੱਸ ਗਏ ਲੀਡਰ, ਬਗ਼ਾਵਤ ਦੇ ਡਰੋਂ ਕੰਬੀ ਹਾਈਕਮਾਨ!

17 Apr 2024 12:01 PM

AAP ਨੇ ਬਾਹਰਲਿਆਂ ਨੂੰ ਦਿੱਤੀਆਂ ਟਿਕਟਾਂ, ਆਮ ਘਰਾਂ ਦੇ ਮੁੰਡੇ ਰਹਿ ਗਏ ਦਰੀਆਂ ਵਿਛਾਉਂਦੇ : ਕਾਂਗਰਸ

17 Apr 2024 10:53 AM
Advertisement