
ਫ਼ਾਰੂਕ ਅਬਦੁੱਲਾ ਨੇ ਕੋਰੋਨਾ ਜੰਗ ਲਈ ਐਮ. ਪੀ. ਫ਼ੰਡ 'ਚੋਂ ਦਿਤੇ 1.40 ਕਰੋੜ ਰੁਪਏ
ਸ਼੍ਰੀਨਗਰ, 8 ਮਈ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਨੇ ਕਸ਼ਮੀਰ ਘਾਟੀ ਵਿਚ ਕੋਵਿਡ-19 ਵਿਰੁਧ ਜੰਗ ਨਾਲ ਨਜਿੱਠਣ ਲਈ ਸੰਸਦ ਮੈਂਬਰ (ਐਮ. ਪੀ.) ਸਥਾਨਕ ਖੇਤਰ ਵਿਕਾਸ ਫ਼ੰਡ ਤੋਂ 1.40 ਕਰੋੜ ਰੁਪਏ ਜਾਰੀ ਕੀਤੇ | ਕਸ਼ਮੀਰ ਘਾਟੀ ਵਿਚ ਸ਼ੁਕਰਵਾਰ ਨੂੰ 3,575 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 21 ਹੋਰ ਮਰੀਜ਼ਾਂ ਦੀ ਮੌਤ ਹੋ ਗਈ | ਸ਼੍ਰੀਨਗਰ ਚੋਣ ਖੇਤਰ ਦੇ ਸੰਸਦ ਮੈਂਬਰ ਡਾ. ਅਬਦੁੱਲਾ ਨੇ ਡਿਪਟੀ ਕਮਿਸ਼ਨਰ ਮੁਹੰਮਦ ਏਜਾਜ਼ ਅਸਦ ਨੂੰ ਲਿਖੀ ਇਕ ਚਿੱਠੀ ਵਿਚ ਕਿਹਾ ਕਿ ਕਸ਼ਮੀਰ ਘਾਟੀ ਵਿਚ ਕੋਰੋਨਾ ਖ਼ਤਰਨਾਕ ਤਰੀਕੇ ਨਾਲ ਫੈਲ ਰਿਹਾ ਹੈ | ਮੈਨੂੰ ਲਗਦਾ ਹੈ ਕਿ ਹਾਲ ਹੀ 'ਚ ਭਾਰਤ ਸਰਕਾਰ ਵਲੋਂ ਜਾਰੀ ਸੰਸਦ ਮੈਂਬਰ ਖੇਤਰ ਵਿਕਾਸ ਫ਼ੰਡ ਦੀ ਵਰਤੋਂ ਮੇਰੇ ਸੰਸਦੀ ਖੇਤਰ ਦੇ ਅਧਿਕਾਰ ਖੇਤਰ 'ਚ ਆਉਣ ਵਾਲੇ ਹਸਪਤਾਲਾਂ 'ਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਕਰਨੀ ਚਾਹੀਦੀ ਹੈ | ਫ਼ਾਰੂਕ ਨੇ ਚਿੱਠੀ ਦੀ ਕਾਪੀ ਜਾਰੀ ਕਰਦੇ ਹੋਏ ਦਸਿਆ ਕਿ ਉਨ੍ਹਾਂ ਨੇ ਡੀ. ਐਚ. ਐਸ. ਕਸ਼ਮੀਰ ਲਈ 50 ਲੱਖ, ਸਰਕਾਰੀ ਹਸਪਤਾਲ ਸ਼੍ਰੀਨਗਰ, ਐਸ. ਕੇ. ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਮੈਡੀਕਲ ਕਾਲਜ ਲਈ 30-30 ਲੱਖ ਰੁਪਏ ਜਾਰੀ ਕੀਤੇ | (ਏਜੰਸੀ)