
ਨਵਜੋਤ ਸਿੱਧੂ ਲਗਾਤਾਰ ਕਰ ਰਹੇ ਨੇ ਟਵੀਟ
ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀਂ ਲੈ ਰਹੇ ਹਨ। ਨਵਜੋਤ ਸਿੱਧੂ ਲਗਾਤਾਰ ਆਪਣੇ ਟਵੀਟ ਰਾਂਹੀ ਮੁੱਖ ਮੰਤਰੀ ਨੂੰ ਸਵਾਲ ਕਰ ਰਹੇ ਹਨ। ਅੱਜ ਫਿਰ ਨਵਜੋਤ ਸਿੱਧੂ ਨੇ ਇਕ ਟਵੀਟ ਕੀਤਾ ਅਤੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਿਆ।
ਉਹਨਾਂ ਨੇ ਆਪਣੇ ਟਵੀਟ ਵਿਚ ਲਿਖਿਆ, ''ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ’ਤੇ ਸਹਿਮਤੀ ਹੈ ਕਿ ਪੰਜਾਬ ’ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਨਣ ਦੀ ਬਜਾਏ ਅਫ਼ਸਰਸ਼ਾਹੀ ਅਤੇ ਪੁਲਿਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੇ ਹਨ। ਸਰਕਾਰ ਲੋਕ ਭਲਾਈ ਲਈ ਨਹੀਂ ਸਗੋਂ ਮਾਫੀਆ ਰਾਜ ਨੂੰ ਬਰਕਰਾਰ ਰੱਖਣ ਲਈ ਚੱਲ ਰਹੀ ਹੈ।''
ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਸੀ ਜਿਸ ਵਿਚ ਲਿਖਿਆ ਸੀ, ‘ਅਫ਼ਸੋਸ ! ਗ੍ਰਹਿ ਮੰਤਰੀ ਦੀ ਨਾਕਾਬਲੀਅਤ ਕਰਕੇ ਸਰਕਾਰ ਹਾਈਕੋਰਟ ਦੇ ਉਹ ਹੁਕਮ ਮੰਨਣ ਲਈ ਮਜ਼ਬੂਰ ਹੈ, ਜਿਸਦੇ ਵਿਰੋਧ ’ਚ ਪੰਜਾਬ ਦੇ ਲੋਕ ਖੜ੍ਹੇ ਹਨ। ਨਵੀਂ ਸਿਟ (SIT) ਨੂੰ 6 ਮਹੀਨੇ ਹੋਰ ਦੇਣ ਦਾ ਮਤਲਬ ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਬਦਕਿਸਮਤੀ ਨਾਲ ਆਉਣ ਵਾਲੀਆਂ ਚੋਣਾਂ ਦੀ ਆਚਾਰ ਸੰਹਿਤਾ ਲਾਗੂ ਹੋਣ ਤੱਕ ਹੋਰ ਲਟਕਾਉਣਾ ਹੈ।’ ਸਰਕਾਰ ਦੇ ਫ਼ੈਸਲੇ ’ਤੇ ਸਵਾਲ ਚੁੱਕਦੇ ਹੋਏ ਸਿੱਧੂ ਨੇ ਆਖਿਆ ਕਿ ‘ਇਨਸਾਫ਼ ਵਿਚ ਜਾਣ-ਬੁੱਝ ਕੇ ਦੇਰੀ ਲੋਕਮਤ ਨਾਲ ਵਿਸ਼ਵਾਸ਼ਘਾਤ ਹੈ। 6 ਸਾਲਾਂ ਦੌਰਾਨ ਕਈ ਜਾਂਚ ਕਮਿਸ਼ਨ ਤੇ ਸਿਟਾਂ (SITs) ਬਨਣ ਕਰਕੇ ਸਬੂਤ ਕਮਜ਼ੋਰ ਹੋ ਗਏ ਹਨ ਤੇ ਇਕੋ ਦੋਸ਼ ਬਾਰੇ ਵਾਰ-ਵਾਰ ਪੜਤਾਲ ਹੋਣ ਕਾਰਨ ਦੋਸ਼ੀ ਆਪਣਾ ਬਚਾਅ ਮਜ਼ਬੂਤ ਕਰਨ ਲਈ ਹੋਰ ਸਿਆਣੇ ਹੋ ਗਏ ਹਨ।