ਪ੍ਰਵੀਨ ਕੌਰ ਦੀਆਂ ਦੋ ਧੀਆਂ ਸਨ
ਮਾਛੀਵਾੜਾ: ਨੇੜਲੇ ਪਿੰਡ ਮੰਡ ਜੋਧਵਾਲ ਵਿਖੇ ਇਕ ਵਿਆਹੁਤਾ ਲੜਕੀ ਨੇ ਅਪਣੇ ਸਹੁਰੇ ਘਰ ਵਿਚ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ 25 ਸਾਲਾ ਪ੍ਰਵੀਨ ਕੌਰ ਅਪਣੀ ਨਵਜੰਮੀ ਬੱਚੀ ਦੀ ਮੌਤ ਤੋਂ ਦੁਖੀ ਸੀ। ਮ੍ਰਿਤਕ ਦੀ ਮਾਤਾ ਰੇਸ਼ਮ ਕੌਰ ਨੇ ਪੁਲਿਸ ਨੂੰ ਦਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ 2018 'ਚ ਪਲਵਿੰਦਰ ਸਿੰਘ ਵਾਸੀ ਮੰਡ ਜੋਧਵਾਲ ਨਾਲ ਹੋਇਆ ਸੀ।
ਇਹ ਵੀ ਪੜ੍ਹੋ: ਨੋਇਡਾ 'ਚ ਪੀਐਚਡੀ ਵਿਦਿਆਰਥਣ ਸਮੇਤ ਛੇ ਹੋਰ ਲੋਕਾਂ ਨੇ ਕੀਤੀ ਖ਼ੁਦਕੁਸ਼ੀ
ਪ੍ਰਵੀਨ ਕੌਰ ਦੀਆਂ ਦੋ ਧੀਆਂ ਸਨ। ਕਰੀਬ ਡੇਢ ਮਹੀਨਾ ਪਹਿਲਾਂ ਹੀ ਵੱਡੇ ਆਪਰੇਸ਼ਨ ਨਾਲ ਤੀਜੀ ਧੀ ਦਾ ਜਨਮ ਹੋਇਆ ਸੀ, ਜਿਸ ਦੀ ਜਨਮ ਤੋਂ 14 ਦਿਨ ਬਾਅਦ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਨਵਜੰਮੀ ਧੀ ਦੀ ਮੌਤ ਤੋਂ ਬਾਅਦ ਪ੍ਰਵੀਨ ਕੌਰ ਡਿਪ੍ਰੈਸ਼ਨ 'ਚ ਸੀ। 8 ਮਈ ਨੂੰ ਜਦ ਪ੍ਰਵੀਨ ਦਾ ਪਤੀ ਪਲਵਿੰਦਰ ਸਿੰਘ ਅਤੇ ਸਹੁਰਾ ਭਜਨ ਸਿੰਘ ਰੋਜ਼ਾਨਾ ਦੀ ਤਰ੍ਹਾਂ ਅਪਣੇ ਕੰਮ ’ਤੇ ਚਲੇ ਗਏ ਤਾਂ ਪ੍ਰਵੀਨ ਕੌਰ ਨੇ ਘਰ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਕਾਰਵਾਈ ਪੱਖੋਂ ਲਟਕ ਰਹੇ ਮਾਮਲਿਆਂ 'ਤੇ ਭੜਕੇ ਅਨਿਲ ਵਿੱਜ, ਪੁਲਿਸ ਅਧਿਕਾਰੀਆਂ ਤੋਂ ਮੰਗਿਆ ਸਪੱਸ਼ਟੀਕਰਨ
ਪ੍ਰਵੀਨ ਕੌਰ ਦੀ ਮਾਤਾ ਦਾ ਕਹਿਣਾ ਹੈ ਕਿ ਇਸ ਵਿਚ ਪ੍ਰਵੀਨ ਕੌਰ ਦੇ ਸਹੁਰੇ ਪ੍ਰਵਾਰ ਦਾ ਕੋਈ ਕਸੂਰ ਨਹੀਂ, ਸਗੋਂ ਉਸ ਨੇ ਡਿਪ੍ਰੈਸ਼ਨ 'ਚ ਖ਼ੁਦਕੁਸ਼ੀ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਦਾਗਰ ਸਿੰਘ ਨੇ ਦਸਿਆ ਮ੍ਰਿਤਕ ਦੀ ਮਾਤਾ ਵਲੋਂ ਦਿਤੇ ਬਿਆਨਾਂ ਦੇ ਆਧਾਰ ’ਤੇ ਧਾਰਾ-174 ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ।