
ਟਵਿੱਟਰ ਰਾਹੀਂ ਅਪਣਾ ਏਜੰਡਾ ਲਾਗੂ ਕਰਨ ਵਾਲਿਆਂ ਨੂੰ ਹਾਈਕਮਾਨ ਗੰਭੀਰਤਾ ਨਾਲ ਲਵੇ : ਤਿਵਾੜੀ
ਚੰਡੀਗੜ੍ਹ, 8 ਜੁਲਾਈ (ਗੁਰਉਪਦੇਸ਼ ਭੁੱਲਰ) : ਸੀਨੀਅਰ ਕਾਂਗਰਸ ਆਗੂ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਟਵਿੱਟਰ ਆਦਿ ਰਾਹੀਂ ਬਿਆਨਬਾਜ਼ੀਆਂ ਕਰ ਕੇ ਅਪਣਾ ਏਜੰਡਾ ਲਾਗੂ ਕਰਨ ਵਾਲਿਆਂ ਵਿਰੁਧ ਕਾਂਗਰਸ ਹਾਈਕਮਾਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਕਰਨੀ ਚਾਹੀਦੀ ਹੈ | ਤਿਵਾੜੀ ਨੇ ਅੱਜ ਟਵੀਟ ਕਰ ਕੇ ਅਸਿੱਧੇ ਤੌਰ 'ਤੇ ਬਿਨਾਂ ਨਾਂ ਨਵਜੋਤ ਸਿੰਘ ਸਿੱਧੂ 'ਤੇ ਹੀ ਨਿਸ਼ਾਨਾ ਸਾਧਿਆ ਹੈ, ਜੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਿਜਲੀ ਮੱੁਦੇ 'ਤੇ ਟਵੀਟਾਂ ਰਾਹੀਂ ਅਪਣੀ ਹੀ ਸਰਕਾਰ 'ਤੇ ਸਵਾਲ ਖੜੇ ਕਰ ਰਹੇ ਹਨ |
ਜ਼ਿਕਰਯੋਗ ਹੈ ਕਿ ਇਸ ਸਮੇਂ ਪਾਰਟੀ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਾਏ ਜਾਣ ਦੀ ਚਰਚਾ ਚਲ ਰਹੀ ਹੈ ਅਤੇ ਜ਼ਿਕਰਯੋਗ ਹੈ ਕਿ ਤਿਵਾੜੀ ਵੀ ਪ੍ਰਧਾਨਗੀ ਦੌੜ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਇਕ ਹਿੰਦੂ ਚਿਹਰੇ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਹੋਰ ਨਾਵਾਂ ਦੇ ਨਾਲ ਹਾਈਕਮਾਨ ਕੋਲ ਕੀਤੀ ਹੋਈ ਹੈ | ਤਿਵਾੜੀ ਨੇ ਕੀਤੇ ਟਵੀਟ ਵਿਚ ਇਹ ਵੀ ਕਿਹਾ ਕਿ ਕਾਂਗਰਸ ਅਖੰਡ ਹੈ, ਸਸ਼ਕਤ ਹੈ ਅਤੇ ਮਜ਼ਬੂਤੀ ਨਾਲ ਆਉਂਦੀਆਂ ਚੋਣਾਂ ਲੜੇਗੀ |