ਬਰਗਾੜੀ ਇਨਸਾਫ਼ ਮੋਰਚੇ 'ਚ ਤਰੇੜਾਂ ਪਈਆਂ
Published : Aug 9, 2018, 7:21 am IST
Updated : Aug 9, 2018, 7:21 am IST
SHARE ARTICLE
Bargari Morcha
Bargari Morcha

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ................

ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਮੋਰਚੇ ਦੇ ਆਗੂਆਂ ਵਿਚ ਆਪਸੀ ਮਤਭੇਦ ਉਭਰਨ ਲੱਗੇ ਹਨ। ਮੋਰਚੇ ਦੇ ਪ੍ਰਬੰਧਾਂ ਨੂੰ ਲੈ ਕੇ ਮੂਹਰਲੀ ਕਤਾਰ ਦੇ ਆਗੂਆਂ ਵਿਚ ਆਪਸੀ ਨੁਕਤਾਚੀਨੀ ਸ਼ੁਰੂ ਹੋ ਗਈ ਹੈ। ਦੂਜੀਆਂ ਜਥੇਬੰਦੀਆਂ ਦੇ ਮੋਰਚੇ ਦੀ ਹਮਾਇਤ ਵਿਚ ਸ਼ਿਰਕਤ ਕਰਨ ਆ ਰਹੇ ਆਗੂਆਂ ਦੇ 'ਗਰਮ-ਸਰਦ' ਭਾਸ਼ਣਾਂ ਨੂੰ ਲੈ ਕੇ ਵੀ ਆਪਸੀ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਹੈ। ਉਂਝ ਮਤਭੇਦਾਂ ਦੇ ਬਾਵਜੂਦ ਸਾਰੀਆਂ ਜਥੇਬੰਦੀਆਂ ਇਸ ਨੂੰ ਨਿਰਵਿਘਨ ਚਾਲੂ ਰੱਖਣ ਲਈ ਇਕਮੁਠ ਹਨ।

ਭਰੋਸੇਯੋਗ ਸੂਤਰਾਂ ਦਾ ਦਸਣਾ ਹੈ ਕਿ ਮੋਰਚੇ ਦੇ ਬਾਨੀ ਆਗੂ ਭਾਈ ਧਿਆਨ ਸਿੰਘ ਮੰਡ ਦੇ ਸਖ਼ਤ ਰੌਂਅ ਨੂੰ ਲੈ ਕੇ ਬਹੁਤੀ ਵਾਰ ਦੂਜੇ ਆਗੂਆਂ ਨੇ ਇਤਰਾਜ਼ ਜਤਾਉਣਾ ਸ਼ੁਰੂ ਕਰ ਦਿਤਾ ਹੈ। ਭਾਈ ਮੰਡ ਦੀ ਕਥਿਤ ਮਨਮਰਜ਼ੀ ਵੀ ਇਨ੍ਹਾਂ ਅਗੂਆਂ ਨੂੰ ਰੜਕਣ ਲੱਗ ਪਈ ਹੈ। ਪੰਜਾਬ ਸਰਕਾਰ ਵਲੋਂ ਮੰਗਾਂ ਮੰਨਣ ਲਈ ਭਰੇ ਨਰਮ ਹੁੰਗਾਰੇ ਨੂੰ ਲੈ ਕੇ ਵੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਰਗਾੜੀ ਆਉਣ 'ਤੇ ਅੜੇ ਹੋਏ ਸਨ ਜਦਕਿ ਦੂਜੇ ਸਾਥੀ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਅਮਲ ਪੂਰਾ ਹੋਣ ਨੂੰ ਹੀ ਅਪਣੀ ਫ਼ਤਹਿ ਮੰਨ ਲੈਣ ਦੇ ਹੱਕ ਵਿਚ ਸਨ।

ਮੋਰਚੇ ਵਿਚ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿਤੇ ਭਾਸ਼ਨ ਨੂੰ ਭਾਈ ਅਮਰੀਕ ਸਿੰਘ ਅਜਨਾਲਾ ਨੇ ਅਪਣੀਆਂ ਟਿਪਣੀਆਂ ਨਾਲ ਸੋਸ਼ਲ ਮੀਡੀਆ 'ਤੇ ਪਾ ਦਿਤਾ ਸੀ ਜਿਸ 'ਤੇ ਦੂਜੇ ਆਗੂਆਂ ਨੇ ਇਤਰਾਜ਼ ਕੀਤਾ ਹੈ। ਅਜੇ ਇਹ ਮਸਲਾ ਠੰਢਾ ਨਹੀਂ ਹੋਇਆ ਸੀ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦਾ ਭਾਸ਼ਨ ਵੀ ਭਾਈ ਅਜਨਾਲਾ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿਤਾ ਜਿਸ ਨਾਲ ਦੋਹਾਂ ਧਿਰਾਂ ਵਿਚ ਦੂਰੀ ਹੋਰ ਵੱਧ ਗਈ ਹੈ।

ਸੰਗਤਾਂ ਵਲੋਂ ਮੋਰਚੇ ਲਈ ਦਿਤੀ ਜਾ ਰਹੀ ਮਾਇਆ ਦਾ ਸਾਰਾ ਹਿਸਾਬ-ਕਿਤਾਬ ਭਾਈ ਧਿਆਨ ਸਿੰਘ ਮੰਡ ਨੇ ਅਪਣੇ ਕੋਲ ਰਖਿਆ ਹੋਇਆ ਹੈ ਅਤੇ ਉਹ ਮੋਰਚਾ ਫ਼ਤਿਹ ਹੋਣ ਤੋਂ ਬਾਅਦ ਇਸ ਦਾ ਖ਼ਰਚ-ਆਮਦਨ ਦਾ ਵੇਰਵਾ ਦੇਣ ਬਾਰੇ ਬਜ਼ਿੱਦ ਹਨ।  ਮੋਰਚੇ ਦੇ ਦੂਜੇ ਆਗੂਆਂ ਨੂੰ ਇਹ ਦਲੀਲ ਭਾਅ ਨਹੀ ਰਹੀ। ਫ਼ੰਡ ਨੂੰ ਲੈ ਕੇ ਵੀ ਆਪਸ ਵਿਚ ਰੌਲਾ ਪੈਣ ਦੀ ਚਰਚਾ ਹੈ। ਪਰ ਮੋਰਚੇ ਦੇ ਆਗੂ ਇਸ ਨਾਲ ਸਹਿਮਤ ਨਹੀਂ ਹਨ ਸਗੋਂ ਉਹ ਇਸ ਨੂੰ ਸਰਕਾਰੀ ਏਜੰਸੀਆਂ ਦੀ ਸੰਘਰਸ਼ ਫ਼ੇਲ੍ਹ ਕਰਨ ਦੀ ਚਾਲ ਦੱਸ ਰਹੇ ਹਨ।

ਬਰਗਾੜੀ ਮੋਰਚਾ ਪਹਿਲੀ ਜੂਨ ਨੂੰ ਸ਼ੁਰੂ ਕੀਤਾ ਗਿਆ ਸੀ। ਸੰਗਤਾਂ ਦਾ ਇਸ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਮੋਰਚੇ ਦੇ ਆਗੂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਹੁਰਮਤੀ ਦੇ ਦੋਸ਼ੀ ਮੋਰਚਾ ਸ਼ੁਰੂ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਜਾ ਚੁਕੇ ਹਨ।  ਦਲ ਖ਼ਾਲਸਾ ਦੇ ਆਗੂ ਵਕੀਲ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸਿੱਖਾਂ ਨੂੰ ਟਕਰਾਅ ਵਿਰਾਸਤ 'ਚ ਮਿਲਿਆ ਹੈ। ਸਿੱਖ ਇਕੱਠੇ ਹੋ ਕੇ ਲੜਾਈ ਲੜ ਸਕਦੇ ਹਨ।

ਪਰ ਉਨ੍ਹਾਂ ਦਾ ਰਲ-ਮਿਲ ਕੇ ਇਕੱਠੇ ਬੈਠਣਾ ਮੁਸ਼ਕਲ ਹੈ। ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਹੈ ਕਿ ਇਕ ਪ੍ਰਵਾਰ ਦੇ ਮੈਂਬਰਾਂ ਦਾ ਸੁਭਾਅ ਅੱਡ-ਅੱਡ ਹੁੰਦਾ ਹੈ ਅਤੇ ਮੋਰਚੇ ਵਿਚ ਵੀ ਕਈ ਤਰ੍ਹਾਂ ਦੀ ਅਕਲ ਦੇ ਆਗੂ ਸ਼ਾਮਲ ਹਨ, ਜਿਸ ਕਰ ਕੇ ਆਪਸੀ ਅਸਹਿਮਤੀ ਦੇ ਆਸਾਰ ਬਣੇ ਰਹਿੰਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੰਗਾਂ ਮੰਨੇ ਜਾਣ ਤਕ ਸਾਰੇ ਆਗੂ ਮੋਰਚੇ ਨੂੰ ਜਾਰੀ ਰੱਖਣ ਲਈ ਦ੍ਰਿੜ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement