
ਇਨਸਾਫ ਮੋਰਚੇ ਦੀ ਅਗਵਾਈ ਕਰ ਰਹੇ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਆਦਿ ਬੁਲਾਰਿਆਂ.............
ਬਰਗਾੜੀ : ਇਨਸਾਫ ਮੋਰਚੇ ਦੀ ਅਗਵਾਈ ਕਰ ਰਹੇ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਆਦਿ ਬੁਲਾਰਿਆਂ ਨੇ ਕਿਹਾ ਕਿ ਮੋਰਚੇ 'ਚ ਹਰ ਰੋਜ ਸੰਗਤਾਂ ਦੀ ਗਿਣਤੀ ਵੱਧ ਰਹੀ ਹੈ। ਕਿਉਂਕਿ ਇਹ ਸੱਚਾ ਸੁੱਚਾ ਮੋਰਚਾ ਹੈ ਅਤੇ ਇਹ ਮੋਰਚਾ ਅਰਦਾਸ ਕਰਕੇ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਲਾਇਆ ਗਿਆ ਹੈ ਅਤੇ ਇਹ ਮੋਰਚਾ ਜਿੱਤਿਆ ਹੋਇਆ ਅਤੇ ਇਹ ਕਦੇ ਫੇਲ੍ਹ ਨਹੀਂ ਹੋਵੇਗਾ। ਕਿਉਂਕਿ ਇਹ ਕਿਸੇ ਧੜੇ, ਪਾਰਟੀ ਜਾਂ ਬੰਦੇ ਵੱਲੋਂ ਲਾਇਆ ਗਿਆ ਮੋਰਚਾ ਨਹੀਂ ਸਗੋਂ ਇਹ ਮੋਰਚਾ ਪੰਥ ਦਾ ਮੋਰਚਾ ਹੈ ਅਤੇ ਅਸੀਂ ਇਨਸਾਫ ਲੈ ਕੇ ਹੀ ਉੱਠਾਂਗੇ।
ਉਨ੍ਹਾਂ ਕਿਹਾ ਕਿ ਬਹਿਬਲ ਗੋਲੀਕਾਂਡ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦਾ ਮਤਲਬ ਹੈ ਇਸ ਮਸਲੇ ਨੂੰ ਹੋਰ ਲਟਕਾਉਣਾ। ਉਨ੍ਹਾਂ ਕਿਹਾ ਕਿ ਜਦ ਜਸਟਿਸ ਰਣਜੀਤ ਸਿੰਘ ਵੱਲੋਂ ਦਿੱਤੀ ਰਿਪੋਰਟ ਸਵੀਕਾਰ ਕਰ ਲਈ ਗਈ ਹੈ ਤਾਂ ਸੀਬੀਆਈ ਨੂੰ ਜਾਂਚ ਲਈ ਦੇਣ ਦਾ ਕੋਈ ਤੁੱਕ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਸ ਮਸਲੇ ਲਈ ਪੂਰੀ ਤਰ੍ਹਾਂ ਸੰਜੀਦਾ ਨਹੀਂ ਹੈ।
ਉਨ੍ਹਾਂ ਮੰਗ ਕੀਤੀ ਕਿ ਕਸੂਰਵਾਰ ਐਲਾਨੇ ਵਿਅਕਤੀ 'ਤੇ ਤੁਰਤ ਮੁਕੱਦਮੇ ਦਰਜ ਕਰਕੇ ਸਪੈਸ਼ਲ ਕੋਰਟ ਬਣਾ ਕੇ ਇਸ ਮਸਲੇ ਨੂੰ ਜਲਦੀ ਨਿਪਟਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਬਰਗਾੜੀ ਮੋਰਚੇ ਦੀਆਂ ਗਤੀਵਿਧੀਆਂ ਨੂੰ ਕਾਨੂੰਨੀ ਦਾਇਰੇ 'ਚ ਰਹਿੰਦਿਆਂ ਹੋਰ ਤੇਜ਼ ਕਰਨਗੇ ਅਤੇ ਇਨਸਾਫ ਲੈ ਕੇ ਹੀ ਉੱਠਣਗੇ। ਇਸ ਸਬੰਧ 'ਚ ਜਲਦੀ ਹੀ ਆਗੂਆਂ ਦੀ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ।