
ਬਨੂੜ ਵਿਚ ਕਿਸਾਨਾਂ ਨੇ ਵਿਧਾਇਕ ਤੇ ਪੁਲਿਸ
ਬਨੂੜ, 8 ਅਗੱਸਤ (ਅਵਤਾਰ ਸਿੰਘ): ਬਨੂੜ ਵਿਚ ਕਿਸਾਨਾਂ ਨੇ ਅੱਜ ਹਲਕਾ ਵਿਧਾਇਕ ਦਾ ਵਿਰੋਧ ਕਰਨ ਲਈ ਅੱਜ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਬਨੂੜ ਬੱਸ ਨੇੜੇ ਕੌਮੀ ਮਾਰਗ ਉਤੇ ਕਿਸਾਨੀ ਝੰਡੇ ਲੈ ਕੇ ਖੜੇ ਹੋ ਗਏ। ਉਹ ਹਲਕਾ ਵਿਧਾਇਕ ਅਤੇ ਪ੍ਰਸ਼ਾਸਨ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕਰਦੇ ਹੋਏ ਬੁੱਢਣਪੁਰ ਦੇ ਸੰਘਰਸ਼ੀ ਕਿਸਾਨੀ ਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕਰ ਰਹੇ ਸਨ। ਕਿਸਾਨਾਂ ਦਾ ਰੋਹ ਵੇਖਦਿਆਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਕੁੱਝ ਦੇਰ ਬਾਅਦ ਬੱਸ ਸਟੈਂਡ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ। ਅੱਜ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਖੇਡ ਸਟੇਡੀਅਮ ਦਾ ਉਦਘਾਟਨ ਕਰਨਾ ਆਉਣਾ ਸੀ।
ਕਿਸਾਨ ਆਗੂਆਂ ਕਿਰਪਾਲ ਸਿੰਘ, ਲਖਵਿੰਦਰ ਸਿੰਘ ਲੱਖੀ, ਜਗਜੀਤ ਸਿੰਘ ਕਰਾਲਾ, ਧਰਮਿੰਦਰ ਸਿੰਘ ਸੇਖਨਮਾਜਰਾ ਆਦਿ ਰੋਹ ਪ੍ਰਗਟਾ ਰਹੇ ਕਿਸਾਨਾਂ ਨੇ ਦੋਸ਼ ਲਾਇਆ ਕਿ ਪਿਛਲੇ ਦਿਨੀਂ ਬੁੱਢਣਪੁਰ ਵਿਖੇ ਵਿਧਾਇਕ ਦੇ ਹੋਏ ਵਿਰੋਧ ਕਾਰਨ ਉਥੋਂ ਦੇ ਕਿਸਾਨਾਂ ਨੂੰ ਕੁੱਟਿਆ ਗਿਆ ਅਤੇ ਉਨ੍ਹਾਂ ਵਿਰੁਧ ਸਿਆਸੀ ਸ਼ਹਿ ’ਤੇ ਪੁਲਿਸ ਵਲੋਂ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ। ਬੱਸ ਸਟੈਂਡ ਤੇ ਇਕੱਠੇ ਹੋਏ ਕਿਸਾਨਾਂ ਨੇ ਸਵੇਰੇ ਛੇ ਵਜੇ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਜਿਸ ਦਾ ਪਤਾ ਲੱਗਦਿਆਂ ਹੀ ਥਾਣਾ ਮੁਖੀ ਬਲਵਿੰਦਰ ਸਿੰਘ ਭਾਰੀ ਫ਼ੋਰਸ ਸਮੇਤ ਮੌਕੇ ਤੇ ਪੁੱਜੇ। ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਸਮੇਤ ਸਥਾਨਕ ਕਾਂਗਰਸੀ ਆਗੂ ਵੀ ਮੌਕੇ ਤੇ ਪਹੁੰਚ ਗਏ। ਕੌਮੀ ਮਾਰਗ ਦੇ ਇਕ ਪਾਸੇ ਪ੍ਰਦਰਸ਼ਨ ਕਰ ਰਹੇ ਕਿਸਾਨ ਵੀ ਸੜਕ ਦੇ ਵਿਚਕਾਰ ਡਿਵਾਈਡਰ ਉਤੇ ਆ ਗਏ। ਇਸ ਮੌਕੇ ਥਾਣਾ ਮੁਖੀ ਅਤੇ ਕਿਸਾਨ ਆਗੂਆਂ ਵਿਚਕਾਰ ਕਾਫ਼ੀ ਤਕਰਾਰ ਹੋਇਆ। ਪੁਲਿਸ ਅਤੇ ਕਾਂਗਰਸੀ ਆਗੂਆਂ ਨੇ ਬੜੀ ਮੁਸ਼ਕਲ ਨਾਲ ਪਰਚਾ ਰੱਦ ਕਰਨ ਦਾ ਭਰੋਸਾ ਦੇ ਕੇ ਕਿਸਾਨਾਂ ਨੂੰ ਸ਼ਾਂਤ ਕੀਤਾ ਤੇ ਡਿਵਾਈਡਰ ਤੋਂ ਪਿੱਛੇ ਸੜਕ ਦੇ ਦੂਜੇ ਪਾਸੇ ਭੇਜਿਆ ਜਿਸ ਮਗਰੋਂ ਵਿਧਾਇਕ ਕੰਬੋਜ ਨੇ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਤੇ ਮੈਰਾਥਨ ਦੌੜ ਦੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਇਸ ਮਗਰੋਂ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਿਸਾਨ ਜਥੇਬੰਦੀਆਂ ਦੇ ਉਪਰੋਕਤ ਆਗੂਆਂ ਅਤੇ ਵਿਧਾਇਕ ਕੰਬੋਜ ਵਿਚਾਲੇ ਮੀਟਿੰਗ ਹੋਈ। ਇਸ ਵਿਚ ਰਾਜਪੁਰਾ ਦੇ ਡੀਐਸਪੀ ਗੁਰਬੰਸ ਸਿੰਘ ਬੈਂਸ ਅਤੇ ਥਾਣਾ ਮੁਖੀ ਨੇ ਵੀ ਸ਼ਿਰਕਤ ਕੀਤੀ। ਕਿਸਾਨ ਆਗੂ ਕਿਰਪਾਲ ਸਿੰਘ ਸਿਆਊ ਨੇ ਦਸਿਆ ਕਿ ਬੁੱਢਣਪੁਰ ਵਿਖੇ ਦਰਜ ਹੋਏ ਸਾਰੇ ਪਰਚਿਆਂ ਨੂੰ ਰੱਦ ਕਰਨ ਅਤੇ ਕਿਸਾਨ ਆਗੂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਕਾਰਵਾਈ ਕਰਨ ਸਬੰਧੀ ਫ਼ੈਸਲਾ ਹੋਇਆ ਹੈ। ਉਨ੍ਹਾਂ ਕਿਹਾ ਕਿ 10 ਅਗੱਸਤ ਨੂੰ ਡੀਐਸਪੀ ਰਾਜਪੁਰਾ ਦੀ ਨਿਗਰਾਨੀ ਹੇਠ ਅਗਲੀ ਮੀਟਿੰਗ ਵਿਚ ਸਾਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।