
ਛੇਤੀ ਹੋਣਗੇ ਇਹ ਐਲਾਨ ਜੋ ਬਾਜ਼ ਅੱਖ ਰਖਣ ਵਾਲਿਆਂ ਨੂੰ ਵੀ ਕਰ ਦੇਣਗੇ ਹੱਕਾ-ਬੱਕਾ.............
ਤਰਨਤਾਰਨ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਬਾਅਦ ਪੰਥਕ ਰਾਜਨੀਤੀ ਵਿਚ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਅਕਾਲੀ ਦਲ ਵਲੋਂ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਰਣਨੀਤੀ ਤਹਿਤ ਅਕਾਲੀ ਦਲ ਨੇ 'ਹੁਕਮ ਦਾ ਯੱਕਾ' ਖੇਡਣ ਲਈ ਤਿਆਰੀ ਖਿੱਚ ਲਈ ਹੈ ਤੇ ਜਲਦ ਹੀ ਅਜਿਹੇ ਐਲਾਨ ਸੁਣਨ ਨੂੰ ਮਿਲ ਸਕਦੇ ਹਨ ਜੋ ਪੰਥਕ ਰਾਜਨੀਤੀ 'ਤੇ ਬਾਜ਼ ਅੱਖ ਰਖਣ ਵਾਲਿਆਂ ਨੂੰ ਵੀ ਹੱਕਾ ਬੱਕਾ ਕਰ ਸਕਦੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਜਿਸ ਤਰ੍ਹਾਂ ਨਾਲ ਅਕਾਲੀ ਦਲ ਵਿਚ ਪਾਰਟੀ ਲੀਡਰਸ਼ਿਪ ਵਿਰੁਧ ਬਾਗ਼ੀ ਸੁਰਾਂ ਉਠ ਰਹੀਆਂ ਹਨ
ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਨੀਂਦ ਤਾਂ ਉਡਾਈ ਹੀ ਹੈ, ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਦੇ ਤੋਤੇ ਵੀ ਉੱਡ ਗਏ ਹਨ। ਪਹਿਲਾਂ ਜਥੇਦਾਰ ਸੇਵਾ ਸਿੰਘ ਸੇਖਵਾਂ, ਫਿਰ ਸੁਖਦੇਵ ਸਿੰਘ ਢੀਂਡਸਾ, ਅਵਤਾਰ ਸਿੰਘ ਮੱਕੜ ਤੇ ਹੁਣ ਸ. ਰਣਜੀਤ ਸਿੰਘ ਬ੍ਰਹਮਪੁਰਾ ਦੇ ਬਾਗ਼ੀ ਸੁਰ ਰਖਦੇ ਬਿਆਨਾਂ ਨੇ ਪਾਰਟੀ ਵਿਚ ਖਲਬਲੀ ਮਚਾ ਦਿਤੀ ਹੈ। ਪਾਰਟੀ ਵਿਚ ਹਰ ਹੀਲੇ ਅਪਣੀ ਸਾਖ ਬਣਾਈ ਰੱਖਣ ਲਈ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਚਨ ਕੈਬਨਿਟ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।
Sukhbir Singh Badal
ਸ. ਬਾਦਲ ਇਸ ਬਗ਼ਾਵਤ ਤੋਂ ਚਿੰਤਤ ਹਨ ਤੇ ਉਹ ਪਾਰਟੀ ਦੇ ਵਕਾਰ ਨੂੰ ਬਚਾਉਣ ਲਈ ਯਤਨਸ਼ੀਲ ਹਨ ਪਰ ਹਾਲਾਤ ਅਜਿਹੇ ਹਨ ਕਿ ਪੈਦਾ ਹੋਏ ਨੁਕਸਾਨ ਨੂੰ ਕੰਟਰੋਲ ਕਰਨ ਦੀ ਬਜਾਏ ਹੋਰ ਵਧਦਾ ਜਾ ਰਿਹਾ ਹੈ। ਹੁਣ ਸਾਰੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਣਨੀਤੀ ਮੁਤਾਬਕ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਕੇ ਸਾਰੀ ਲੀਡਰਸ਼ਿਪ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਅਪਣੀਆਂ ਭੁੱਲਾਂ ਦੀ ਮਾਫ਼ੀ ਮੰਗ ਲਵੇ ਤਾਕਿ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਜਾ ਸਕੇ ਕਿ ਅਕਾਲੀ ਦਲ ਅੱਜ ਵੀ ਧਰਮ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕਰਦਾ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੇਵਾ ਗਿਆਨੀ ਗੁਰਬਚਨ ਸਿੰਘ ਤੋਂ ਲੈ ਕੇ ਕਿਸੇ ਅਜਿਹੇ ਵਿਅਕਤੀ ਨੂੰ ਸੌਂਪ ਦਿਤੀ ਜਾਵੇ ਜੋ ਗਰਮ ਖਿਆਲੀਆਂ ਦੇ ਵੀ ਪਸੰਦ ਦਾ ਹੋਵੇ ਅਤੇ ਗਰਮ ਖਿਆਲੀ ਧਿਰਾਂ ਚਾਹ ਕੇ ਵੀ ਇਸ ਦਾ ਵਿਰੋਧ ਨਾ ਕਰ ਸਕਣ। ਅਜਿਹੇ 'ਜਥੇਦਾਰ' ਕੋਲ ਬਾਦਲਾਂ ਦੀ ਜੋੜੀ ਪੇਸ਼ ਹੋ ਕੇ ਅਪਣਾ ਪੱਖ ਰੱਖ ਕੇ ਬਰੀ ਕਰਵਾ ਲਵੇ। ਇਸ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸੇਵਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਲੈ ਕੇ ਧੱਕੜ ਅਕਾਲੀ ਆਗੂ ਨੂੰ ਸੌਂਪੀ ਜਾ ਸਕਦੀ ਹੈ। ਭਾਈ ਲੌਂਗੋਵਾਲ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦੇਣ ਦੀਆਂ ਤਿਆਰੀਆਂ ਵੀ ਪੂਰੀਆਂ ਕੀਤੀਆਂ ਜਾ ਚੁਕੀਆਂ ਹਨ।