
ਸ਼੍ਰੋਮਣੀ ਅਕਾਲੀ ਦਲ- ਭਾਜਪਾ ਗਠਜੋੜ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ (2007-12 ਤੇ 2012-17) ਪੰਜਾਬ ਦੇ ਰਾਜ ਪ੍ਰਬੰਧ ਵਿਚ ਆਈਆਂ ਖ਼ਾਮੀਆਂ..............
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ- ਭਾਜਪਾ ਗਠਜੋੜ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ (2007-12 ਤੇ 2012-17) ਪੰਜਾਬ ਦੇ ਰਾਜ ਪ੍ਰਬੰਧ ਵਿਚ ਆਈਆਂ ਖ਼ਾਮੀਆਂ ਤੇ ਉਨ੍ਹਾਂ ਵਲੋਂ ਵਿਖਾਈ ਮਾੜੀ ਕਾਰਗੁਜ਼ਾਰੀ 'ਤੇ ਟਿਪਣੀ ਕਰਦਿਆਂ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਇਸ ਸਮੇਂ ਦੌਰਾਨ ਸਰਹੱਦੀ ਸੂਬਾ ਲਗਭਗ ਸਾਰੇ ਖੇਤਰਾਂ ਵਿਚ ਬਹੁਤ ਪਿੱਛੇ ਚਲਾ ਗਿਆ ਸੀ। ਸੂਬੇ ਵਿਚ ਵਿੱਤੀ ਸੰਕਟ ਆ ਗਿਆ ਅਤੇ 2,08,000 ਕਰੋੜ ਦਾ ਕਰਜ਼ ਪੰਜਾਬ ਸਿਰ ਚੜ੍ਹ ਗਿਆ, ਵਿਕਾਸ ਪ੍ਰਾਜੈਕਟ ਸਾਰੇ ਅਧੂਰੇ ਰਹੇ, ਸਿਹਤ ਸੇਵਾਵਾਂ ਤੇ ਸਿਖਿਆ ਖੇਤਰ ਦਾ ਬੁਰਾ ਹਾਲ ਹੋ ਗਿਆ ਸੀ।
ਅੱਜ ਇਥੇ ਅਪਣੀ ਸਰਕਾਰੀ ਰਿਹਾਇਸ਼ 'ਤੇ ਉਤਰੀ ਪੂਰਬੀ ਸੂਬੇ ਮੇਘਾਲਿਆ ਤੋਂ ਯੋਜਨਾ ਬੋਰਡ ਦੇ ਚੇਅਰਮੈਨ ਲੌਂਬੋ ਮਲਨਿਆਂਗ ਦੀ ਅਗਵਾਈ ਵਿਚ ਆਏ 7 ਮੈਂਬਰੀ ਵਫ਼ਦ ਦਾ ਸਨਮਾਨ ਕਰਦੇ ਹੋਏ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਪੰਜਾਬ ਵਿਚ ਹੁਣ 20661 ਕਰੋੜ ਦੀਆਂ ਭਲਾਈ ਸਕੀਮਾਂ ਨੇਪਰੇ ਚਾੜ੍ਹੀਆਂ ਜਾਣਗੀਆਂ। ਇਨ੍ਹਾਂ ਵਿਚ ਸਰਹੱਦੀ ਜ਼ਿਲ੍ਹਿਆਂ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਦੇ 20 ਬਲਾਕਾਂ ਵਿਚ ਵਸਦੀ 40 ਲੱਖ ਦੀ ਅਬਾਦੀ ਵਾਸਤੇ ਵਿਸ਼ੇਸ਼ ਧਿਆਨ ਦਿਤਾ ਜਾਵੇਗਾ।
ਇਨ੍ਹਾਂ ਬਲਾਕਾਂ ਦੇ 553 ਕਿਲੋਮੀਟਰ ਦੀ ਅੰਤਰਰਾਸ਼ਟਰੀ ਸਰਹੱਦ ਨੇੜੇ ਵਸਦੇ ਪਿੰਡਾਂ ਵੱਲ ਸਾਰੀਆਂ ਲੋੜਾਂ ਦੀ ਪੂਰਤੀ ਕੀਤੀ ਜਾਵੇਗੀ। ਬੀਬੀ ਭੱਠਲ ਪੰਜਾਬ ਦੇ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਹਨ। 'ਰੋਜ਼ਾਨਾ ਸਪੋਕਸਮੈਨ' ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਬੀਬੀ ਭੱਠਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ ਤੇ ਹੋਰ ਥਾਵਾਂ 'ਤੇ 2015 ਵਿਚ ਹੋਈਆਂ ਧਾਰਮਕ ਬੇਅਦਬੀਆਂ ਦੀ ਪ੍ਰਵਾਹ ਨਹੀਂ ਕੀਤੀ, ਲੀਪਾ-ਪੋਚੀ ਕਰਨ ਵਾਸਤੇ ਜ਼ੋਰਾ ਸਿੰਘ ਕਮਿਸ਼ਨ ਦੀ ਰੀਪੋਰਟ ਦੀ ਅਣਦੇਖੀ ਕੀਤੀ ਜਿਸ ਨੂੰ ਧਾਰਮਕ ਲੋਕਾਂ, ਵਿਸ਼ੇਸ਼ ਕਰ ਕੇ ਸਿੱਖੀ ਨਾਲ ਜੁੜੇ ਸਿਆਣੇ ਸੂਝਵਾਨਾਂ ਨੇ ਵੀ ਬਹੁਤ ਬੁਰਾ ਮਨਾਇਆ।
ਉਨ੍ਹਾਂ ਕਿਹਾ ਕਿ ਉਂਜ ਤਾਂ ਪੰਜਾਬ ਦੇ ਵੋਟਰਾਂ ਨੇ ਅਕਾਲੀ ਦਲ ਦੇ ਵਿਧਾਇਕਾਂ ਤੇ ਮੁੱਖ ਲੀਡਰਾਂ ਨੂੰ ਸਬਕ ਸਿਖਾ ਦਿਤਾ ਅਤੇ ਅਸੈਂਬਲੀ ਚੋਣਾਂ ਵਿਚ ਮਾਤ ਦੇ ਕੇ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਦੀ ਗਿਣਤੀ 14 'ਤੇ ਲਿਆਂਦੀ ਹੈ ਪਰ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਦਾ ਪੂਰਾ ਸਫ਼ਾਇਆ ਹੋ ਜਾਵੇਗਾ। ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੀ ਲੀਡਰਸ਼ਿਪ ਹੇਠ ਕਾਫ਼ੀ ਮਜ਼ਬੂਤ ਹੋਈ ਹੈ ਅਤੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਗੁਰਦਾਸਪੁਰ ਜੇਤੂ ਸੀਟਾਂ ਦੇ ਨਾਲ ਨਾਲ ਬਾਕੀ 9 ਸੀਟਾਂ 'ਤੇ ਵੀ ਪਾਰਟੀ ਕਾਮਯਾਬ ਹੋਵੇਗੀ।
ਇਹ ਪੁਛੇ ਜਾਣ 'ਤੇ ਕਿ 2019 ਲੋਕ ਸਭਾ ਚੋਣਾਂ ਵਿਚ ਉਹ ਟਿਕਟ ਦੇ ਦਾਅਵੇਦਾਰ ਹੋਣਗੇ, ਦੇ ਜਵਾਬ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸੱਭ ਕੁੱਝ ਹਾਈ ਕਮਾਂਡ ਦੇ ਫ਼ੈਸਲੇ 'ਤੇ ਨਿਰਭਰ ਹੈ। ਜੇ ਪੰਜਾਬ ਦੇ ਚੋਟੀ ਦੇ ਨੇਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਹਾਈ ਕਮਾਂਡ ਹੁਕਮ ਕਰਨ ਤਾਂ ਸੰਗਰੂਰ ਦੀ ਲੋਕ ਸਭਾ ਸੀਟ 'ਤੇ ਕਾਮਯਾਬੀ ਹਾਸਲ ਹੋ ਸਕਦੀ ਹੈ।
ਪੰਜਾਬ ਵਿਚ ਅਕਾਲੀ ਦਲ ਤੇ ਕਾਂਗਰਸ ਵਰਕਰਾਂ ਤੇ ਲੀਡਰਾਂ ਵਲੋਂ ਕਈ ਥਾਵਾਂ 'ਤੇ ਟਕਰਾਅ ਦੀ ਮੌਜੂਦਾ ਸਥਿਤੀ ਸਬੰਧੀ ਬੀਬੀ ਭੱਠਲ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਵਿਰੁਧ ਕਾਨੂੰਨੀ ਕਾਰਵਾਈ ਸਖ਼ਤ ਹੋਣੀ ਚਾਹੀਦੀ ਹੈ ਪਰ ਸੜਕਾਂ 'ਤੇ ਆਹਮੋ ਸਾਹਮਣੇ ਤਕਰਾਰ ਸੂਬੇ ਦੇ ਹਾਲਾਤ ਖ਼ਰਾਬ ਕਰੇਗਾ।