
ਨਿਯਮਾਂ ਅਨੁਸਾਰ ਹਰ ਥਾਣੇ ਵਿਚ ਦਰਜ ਕੀਤੀ ਗਈ ਐਫਆਈਆਰ ਨੂੰ 24 ਘੰਟਿਆਂ ਦੇ ਅੰਦਰ ਪੁਲਿਸ ਸਾਂਝ ਦੇ ਆਨਲਾਈਨ ਪੋਰਟਲ 'ਤੇ ਅਪਲੋਡ ਕਰਨਾ ਲਾਜ਼ਮੀ ਹੁੰਦਾ ਹੈ
ਮੁਹਾਲੀ: ਭ੍ਰਿਸ਼ਟਾਚਾਰ ਖਤਮ ਕਰਨ ਲਈ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਵਿਚ ਆਨਲਾਈਨ ਸਿਸਟਮ ਲਾਗੂ ਕੀਤਾ ਗਿਆ ਸੀ ਪਰ ਮੁਹਾਲੀ ਪੁਲਿਸ ਦਾ ਆਨਲਾਈਨ ਸਿਸਟਮ ਪਛੜਦਾ ਨਜ਼ਰ ਆ ਰਿਹਾ ਹੈ। ਪੁਲਿਸ ਅਤੇ ਲੋਕਾਂ ਦੀ ਸਹੂਲਤ ਲਈ ਹਰੇਕ ਐਫਆਈਆਰ ਨੂੰ ਆਨਲਾਈਨ ਪੋਰਟਲ ’ਤੇ ਅਪਲੋਡ ਕਰਨਾ ਜ਼ਰੂਰੀ ਹੁੰਦਾ ਹੈ। ਦਰਅਸਲ ਲੋਕਾਂ ਦੀਆਂ ਕਈ ਸ਼ਿਕਾਇਤਾਂ ਸਨ ਕਿ ਸਰਕਾਰੀ ਦਫ਼ਤਰਾਂ ਵਿਚ ਪੈਸੇ ਤੋਂ ਬਿਨਾਂ ਕੰਮ ਨਹੀਂ ਹੁੰਦੇ। ਛੋਟੀਆਂ-ਛੋਟੀਆਂ ਚੀਜ਼ਾਂ ਲਈ ਵੀ ਪੈਸੇ ਦੇਣੇ ਪੈਂਦੇ ਹਨ। ਇਸ ਤੋਂ ਬਾਅਦ ਸਰਕਾਰ ਵੱਲੋਂ ਸਾਰੇ ਵਿਭਾਗਾਂ ਵਿਚ ਆਨਲਾਈਨ ਸਿਸਟਮ ਸ਼ੁਰੂ ਕਰ ਦਿੱਤਾ ਗਿਆ।
ਅਰਜਿੰਦਰ ਸਿੰਘ, ਐਸਪੀ ਹੈੱਡ ਕੁਆਟਰ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਤੁਰੰਤ ਸਾਰੇ ਥਾਣਿਆਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਥਾਣੇ ਵਿਚ ਦਰਜ ਹੋਣ ਵਾਲੀ ਐਫਆਈਆਰ ਨੂੰ ਨਾਲ ਦੀ ਨਾਲ ਹੀ ਆਨਲਾਈਨ ਅਪਲੋਡ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।
ਨਿਯਮਾਂ ਅਨੁਸਾਰ ਹਰ ਥਾਣੇ ਵਿਚ ਦਰਜ ਕੀਤੀ ਗਈ ਐਫਆਈਆਰ ਨੂੰ 24 ਘੰਟਿਆਂ ਦੇ ਅੰਦਰ ਪੁਲਿਸ ਸਾਂਝ ਦੇ ਆਨਲਾਈਨ ਪੋਰਟਲ 'ਤੇ ਅਪਲੋਡ ਕਰਨਾ ਲਾਜ਼ਮੀ ਹੁੰਦਾ ਹੈ ਪਰ ਕਈ ਥਾਣਿਆਂ ਵਿਚ ਐਫਆਈਆਰ ਸਮੇਂ ਸਿਰ ਅਪਲੋਡ ਨਹੀਂ ਕੀਤੀ ਜਾਂਦੀ।
ਲੋਕਾਂ ਨੂੰ ਆਨਲਾਈਨ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਲਈ ਸਾਂਝ ਐਪ ਲਾਂਚ ਕੀਤੀ ਗਈ ਸੀ। ਐਪ ਵਿਚ ਲੋਕ ਆਪਣੇ ਐਪ ਦੇ ਨਾਲ-ਨਾਲ ਪੁਲਿਸ ਨਾਲ ਸਬੰਧਤ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਮੁਹਾਲੀ ਦੇ ਥਾਣਾ ਮਟੌਰ ਵਿਚ ਆਖਰੀ ਐਫਆਈਆਰ 18 ਜੁਲਾਈ 2022 ਨੂੰ ਅਪਲੋਡ ਹੋਈ ਸੀ ਜਦਕਿ ਬਲੌਂਗੀ ਵਿਚ 2 ਫਰਵਰੀ 2022 ਨੂੰ ਆਖਰੀ ਐਫਆਈਆਰ ਅਪਲੋਡ ਹੋਈ ਸੀ। ਇਸ ਤੋਂ ਇਲਾਵਾ ਫੇਜ਼-11 ਵਿਚ 3 ਜੁਲਾਈ 2022, ਫੇਜ਼-8 ਵਿਚ 22 ਜੂਨ 2022, ਸੋਹਾਣਾ ਵਿਚ 27 ਅਗਸਤ 2022 ਅਤੇ ਫੇਜ਼-1 ਵਿਚ 24 ਜੂਨ ਨੂੰ ਆਖਰੀ ਐਫਆਈਆਰ ਅਪਲੋਡ ਹੋਈ ਸੀ।