
ਭਾਵੇਂ ਬੇਅਦਬੀ ਕਾਂਡ ਸਬੰਧੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅਕਾਲੀ ਦਲ ਬਾਦਲ ਦੇ ਹੋਏ ਸ਼ੋਸ਼ਣ, ਬਾਦਲ ਦਲ ਵਿਰੁਧ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ 'ਚ..........
ਕੋਟਕਪੂਰਾ : ਭਾਵੇਂ ਬੇਅਦਬੀ ਕਾਂਡ ਸਬੰਧੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅਕਾਲੀ ਦਲ ਬਾਦਲ ਦੇ ਹੋਏ ਸ਼ੋਸ਼ਣ, ਬਾਦਲ ਦਲ ਵਿਰੁਧ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ 'ਚ ਉਠੀ ਲਹਿਰ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਬਾਦਲ ਦਲ ਵਿਰੁਧ ਛੱਡੇ ਜਾ ਰਹੇ ਤੀਰਾਂ ਦਾ ਜਵਾਬ ਦੇਣ ਲਈ ਅਕਾਲੀ ਦਲ ਵੀ ਚਾਰਾਜੋਈ ਕਰ ਰਿਹਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਨੇ ਇਕ ਤੋਂ ਵੱਧ ਨਿਊਜ਼ ਟੀਵੀ ਚੈਨਲਾਂ ਰਾਹੀਂ ਦਿਤੀ ਇੰਟਰਵਿਊ 'ਚ ਕਾਂਗਰਸ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਬੇਅਦਬੀ ਕਾਂਡ 'ਚ ਅਕਾਲੀ ਦਲ ਦਾ ਕੋਈ ਕਸੂਰ ਨਹੀਂ ਪਰ 5 ਸਤੰਬਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਨੀਲ
ਜਾਖੜ ਦੀ ਅਗਵਾਈ 'ਚ ਕੈਬਨਿਟ ਮੰਤਰੀਆਂ ਅਤੇ ਸੂਬਾ ਪਧਰੀ ਸੀਨੀਅਰ ਆਗੂਆਂ ਦੀ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਬਹਿਬਲ ਆਦਿਕ ਇਲਾਕਿਆਂ 'ਚ ਆਮਦ ਅਤੇ ਪੀੜਤ ਪਰਵਾਰਾਂ ਨਾਲ ਕੀਤੀ ਜਾਣ ਵਾਲੀ ਮੁਲਾਕਾਤ ਇਕ ਵਾਰ ਫਿਰ ਬਾਦਲ ਦਲ ਵਿਰੁਧ ਲਹਿਰ ਤੇਜ਼ ਕਰਨ ਦਾ ਸਬੱਬ ਬਣੇਗੀ।
ਹਲਕਾ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਦਸਿਆ ਕਿ ਹਾਲ ਹੀ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਚ ਅਕਾਲੀਆਂ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ, ਕਿਉਂਕਿ ਜਾਂਚ ਰੀਪੋਰਟ 'ਚ ਸ਼ੀਸ਼ੇ ਦੀ ਤਰ੍ਹਾਂ ਸਾਹਮਣੇ ਆ ਚੁਕਾ ਹੈ ਕਿ ਕਿਵੇਂ ਬੇਅਦਬੀ ਮਾਮਲਾ ਸਾਹਮਣੇ ਆਉਣ ਤੋਂ
ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਅਕਾਲੀਆਂ ਨੇ ਸਿੱਖਾਂ ਉਪਰ ਹੀ ਜ਼ੁਲਮ ਢਾਹਿਆ ਅਤੇ ਗੋਲੀ ਤਕ ਚਲਾਉਣ ਦੇ ਹੁਕਮ ਦੇ ਦਿਤੇ। ਉਨ੍ਹਾਂ ਦਸਿਆ ਕਿ ਜਾਂਚ ਰੀਪੋਰਟ ਦੇ ਆਧਾਰ 'ਤੇ ਅਕਾਲੀਆਂ ਦੀ ਕਰਤੂਤ ਨੂੰ ਜੱਗ ਜ਼ਾਹਰ ਕਰਨ ਲਈ ਸੁਨੀਲ ਜਾਖੜ ਦੀ ਅਗਵਾਈ 'ਚ ਕੈਬਨਿਟ ਮੰਤਰੀਆਂ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ ਹੋਰ ਕਈ ਮੰਤਰੀਆਂ ਤੇ ਸੀਨੀਅਰ ਕਾਂਗਰਸੀ ਆਗੂਆਂ ਦਾ ਵਫ਼ਦ 5 ਸਤੰਬਰ ਨੂੰ ਫ਼ਰੀਦਕੋਟ ਪੁੱਜੇਗਾ।
ਉਕਤ ਵਫ਼ਦ ਬੇਅਦਬੀ ਕਾਂਡ ਨਾਲ ਜੁੜੀਆਂ ਘਟਨਾਵਾਂ ਪਿੰਡ ਬੁਰਜ ਜਵਾਹਰ ਸਿੰਘ, ਬਰਗਾੜੀ, ਬਹਿਬਲ ਅਤੇ ਕੋਟਕਪੂਰਾ ਦਾ ਦੌਰਾ ਕਰੇਗਾ ਅਤੇ ਲੋਕਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਦੀ ਸੱਚਾਈ ਤੋਂ ਜਾਣੂ ਕਰਵਾਏਗਾ। ਕਿੱਕੀ ਢਿੱਲੋਂ ਨੇ ਦਸਿਆ ਕਿ ਉਕਤ ਵਫ਼ਦ ਦੀ ਬਹਿਬਲ ਗੋਲੀ ਕਾਂਡ 'ਚ ਮਾਰੇ ਗਏ ਦੋਵੇਂ ਨੌਜਵਾਨਾਂ ਦੇ ਪਰਵਾਰਾਂ ਅਤੇ ਜ਼ਖ਼ਮੀਆਂ ਨਾਲ ਵੀ ਮੁਲਾਕਾਤ ਹੋਵੇਗੀ।