
ਪ੍ਰੋ. ਦਰਸ਼ਨ ਸਿੰਘ ਦਾ ਸ਼੍ਰੋਮਣੀ ਕਮੇਟੀ ਨੂੰ ਦੋ-ਟੁਕ ਜਵਾਬ........
ਕੋਟਕਪੂਰਾ : ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਭੇਜੇ ਸੱਦਾ ਪੱਤਰ ਨੂੰ ਠੁਕਰਾਉਂਦਿਆਂ ਪ੍ਰੋ. ਦਰਸ਼ਨ ਸਿੰਘ ਨੇ ਆਖਿਆ ਹੈ ਕਿ ਭਲਿਉ ਲੋਕੋ ਤੁਹਾਨੂੰ ਪਤਾ ਹੈ ਕਿ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅੱਗੇ ਸਮਰਪਿਤ ਜੀਵਨ ਵਾਲਾ ਸਿੱਖ ਹਾਂ। ਤੁਸਾਂ 2009 ਵਿਚ ਮੈਨੂੰ ਛੇਕਣ ਵਰਗੇ ਪ੍ਰੈਸ਼ਰ ਨਾਲ ਵੀ ਪਰਖ ਕੇ ਦੇਖ ਲਿਆ ਹੈ। ਤੁਹਾਡੇ ਉਸ ਹਰਬੇ ਨਾਲ ਤੁਹਾਡੇ ਕਾਲਕਾ ਪੰਥ ਅਤੇ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਦੀ ਪਛਾਣ ਸਪੱਸ਼ਟ ਹੋ ਗਈ।
ਉਨ੍ਹਾਂ ਆਖਿਆ ਕਿ ਜਦੋਂ 2009-10 ਵਿਚ ਫ਼ੈਸਲਾ ਹੋ ਗਿਆ ਕਿ,''ਤੁਸੀ ਮੈਨੂੰ ਅਤੇ ਮੈਂ ਤੁਹਾਨੂੰ ਤਿਆਗ ਦਿਤਾ, ਮੈਂ ਤੁਹਾਡੇ ਘਰ ਵਲ ਜਾਂਦੇ ਰਾਹ ਨੂੰ ਵੀ ਭੁੱਲ ਗਿਆ ਹਾਂ ਪਰ ਤੁਸੀਂ ਕਈ ਵਾਰ ਕਈ ਵਿਅਕਤੀਆਂ ਰਾਹੀਂ ਅਤੇ ਕਈ ਵਾਰ ਅਪਣੀਆਂ ਚਿੱਠੀਆਂ ਜਾਂ ਜਥੇਦਾਰਾਂ ਦੇ ਬਿਆਨਾਂ ਰਾਹੀਂ ਅਪਣੇ ਘਰ ਪਰਤਣ ਲਈ ਸੱਦਾ ਦੇਣੋ ਨਹੀਂ ਰੁਕੇ।' ਪ੍ਰੋ. ਦਰਸ਼ਨ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ 'ਚ ਸਪੱਸ਼ਟ ਕੀਤਾ ਕਿ,''ਮੇਰਾ ਕਿਸੇ ਨਾਲ ਜਾਤੀ ਵਿਰੋਧ ਨਹੀਂ ਹੈ।
ਤੁਸੀਂ ਅਪਣੇ ਘਰ ਸੁਖੀ ਅਤੇ ਮੈਨੂੰ ਸਰਬ ਸੁਖਾ ਗੁਰ ਚਰਨਾਂ 'ਚ ਬਹੁਤ ਸੁੱਖ ਹੈ, ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਰਹਿੰਦਾ ਜੀਵਨ ਬਿਤਾਵਾਂਗਾ, ਇਸ ਲਈ ਮੈਨੂੰ ਵਾਰ-ਵਾਰ ਨਾ ਪਰਖੋ। ਜੇਕਰ ਤੁਹਾਡੇ ਕਾਲਕਾ ਪੰਥ ਵਿਚੋਂ ਕੋਈ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਰੂਪ ਕਾਫ਼ਲੇ 'ਚ ਆਉਣਾ ਚਾਹੇ ਤਾਂ ਜੀ ਆਇਆਂ ਨੂੰ।'' ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਇਹ ਸੋਚ ਲਵੋ ਕਿ ਕਾਲਕਾ ਪੰਥ ਵਾਲਿਉ ਇਹ ਫ਼ੈਸਲਾ ਕਰ ਸਕਦੇ ਹੋ?
ਸਪਸ਼ਟ ਫ਼ੈਸਲਾ ਹੈ ਕਿ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਰੂਪ ਕਾਫ਼ਲੇ 'ਚ ਸ਼ਾਮਲ ਅਤੇ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲਾ ਹਰ ਇਕ ਸਿੰਘ/ਸਿੰਘਣੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਹਾਜ਼ਰ ਹੋ ਕੇ ਹੇਠ ਲਿਖਿਆ ਪ੍ਰਣ ਕਰਨਾ ਜ਼ਰੂਰੀ ਹੈ। ਮੇਰਾ ਗੁਰੂ ਦੀ ਹਜ਼ੂਰੀ 'ਚ ਸਿਦਕ ਅਤੇ ਸਾਬਤ ਦਿਲੀ ਨਾਲ ਪ੍ਰਣ ਹੈ ਕਿ: ਮੇਰਾ ਇਕੋ ਇਕ ਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ (ਰਾਗ ਮਾਲਾ ਤੋਂ ਬਿਨਾ) ਨੂੰ ਹੀ ਗੁਰਬਾਣੀ ਮੰਨਦਾ/ਮੰਨਦੀ ਹਾਂ। ਮੇਰਾ ਨਿਤਨੇਮ, ਅੰਮ੍ਰਿਤ, ਰਹਿਤ ਮਰਿਆਦਾ ਦਾ ਆਧਾਰ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੀ ਹੈ। ਮੈਂ ਕਿਸੇ ਤਰ੍ਹਾਂ ਦੀ ਵੀ ਮੂਰਤੀ ਜਾਂ ਦੇਹਧਾਰੀ ਦੀ ਪੂਜਾ ਨਹੀਂ ਕਰਾਂਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨਾ, ਸੁਣਨਾ, ਵੀਚਾਰਨਾ ਅਤੇ ਜੀਵਨ 'ਚ ਧਾਰਨ ਕਰਨਾ ਹੀ ਮੇਰਾ ਕਰਤੱਵ ਹੋਵੇਗਾ।