
ਲਾਭਪਾਤਰੀਆਂ ਨੂੰ ਲਗਭਗ 32,54,733 ਈ-ਕਾਰਡ ਜਾਰੀ : ਸਿੱਧੂ
ਚੰਡੀਗੜ੍ਹ : ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਕਾਇਮ ਰਖਦਿਆਂ ਸੂਬਾ ਸਰਕਾਰ ਨੇ ਅੱਜ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 125 ਹੋਰ ਨਿੱਜੀ ਹਸਪਤਾਲਾਂ ਨੂੰ ਸੂਚੀਬੱਧ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਇਹ ਜਾਣਕਾਰੀ ਸਿਹਤ ਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਥੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਦਿਤੀ।
Sarbat Sehat Bima Yojna
ਇਸ ਸਬੰਧੀ ਵੇਰਵੇ ਦਿੰਦਿਆਂ ਸਿੱਧੂ ਨੇ ਦਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 125 ਨਿੱਜੀ ਹਸਪਤਾਲਾਂ ਨੂੰ ਸੂਚੀਬੱਧ ਕਰਨ ਨਾਲ ਹੁਣ ਕੁੱਲ 361 ਨਿੱਜੀ ਹਸਪਤਾਲ ਲਾਭਪਾਤਰੀਆਂ ਨੂੰ ਦੂਜੇ ਅਤੇ ਤੀਜੇ ਦਰਜੇ ਦੀਆਂ ਸਿਹਤ ਸੇਵਾਵਾਂ (ਆਪ੍ਰੇਸ਼ਨ ਅਤੇ ਸਰਜਰੀ) ਮੁਹਈਆ ਕਰਵਾ ਰਹੇ ਹਨ। ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ 202 ਸਰਕਾਰੀ ਹਸਪਤਾਲ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪਹਿਲਾਂ ਹੀ ਸੂਚੀਬੱਧ ਹਨ ਅਤੇ ਇਸ ਅੰਕੜੇ ਨਾਲ ਹੁਣ ਸੂਬੇ ਵਿਚ 563 ਸਰਕਾਰੀ ਅਤੇ ਨਿੱਜੀ ਹਸਪਤਾਲ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
Balbir Singh Sidhu
ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਮੁੱਖ ਸਕੀਮ ਤਹਿਤ ਅਗਲੇ ਪੜਾਅ ਵਿਚ 45 ਹੋਰ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਜਾਣਗੇ ਅਤੇ ਨਾਲ ਹੀ ਦਸਿਆ ਕਿ 70 ਨਿੱਜੀ ਹਸਪਤਾਲਾਂ ਦੀਆਂ ਅਰਜ਼ੀਆਂ ਪੜਤਾਲ ਅਧੀਨ ਹਨ ਜਿਹਨਾਂ ਦੀ ਸੂਚੀਬੱਧ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪੁਸ਼ਟੀ ਕਰ ਦਿਤੀ ਜਾਵੇਗੀ। ਵਿਭਾਗ ਵਲੋਂ ਇੰਨੇ ਘੱਟ ਸਮੇਂ ਵਿਚ ਕੀਤੇ ਉੱਤਮ ਯਤਨਾਂ ਦੀ ਸ਼ਲਾਘਾ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਲਾਭਪਾਤਰੀਆਂ ਨੂੰ ਤਕਰੀਬਨ 32,54,733 ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।