
ਸਕੂਲਾਂ ਵਿਚ ਵੀ ਜਮਾਤਾਂ ਸੁੰਨੀਆਂ ਰਹੀਆਂ
ਸ੍ਰੀਨਗਰ : ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਬੁਧਵਾਰ ਨੂੰ ਘਾਟੀ ਵਿਚ ਕਾਲਜ ਖੋਲ੍ਹਣ ਦੇ ਯਤਨ ਨਾਕਾਮ ਰਹੇ ਕਿਉਂਕਿ ਵਿਦਿਆਰਥੀ ਜਮਾਤਾਂ ਵਿਚ ਨਾ ਪਹੁੰਚੇ। ਜੰਮੂ ਕਸ਼ਮੀਰ ਤੋਂ ਪੰਜ ਅਗੱਸਤ ਨੂੰ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲਏ ਜਾਣ ਮਗਰੋਂ ਇਥੇ ਪਾਬੰਦੀਆਂ ਲਾਈਆਂ ਗਈਆਂ ਸਨ ਜਿਨ੍ਹਾਂ ਵਿਚੋਂ ਬਹੁਤੀਆਂ ਅੱਜ ਤਕ ਜਾਰੀ ਹਨ। 66 ਦਿਨਾਂ ਮਗਰੋਂ ਵੀ ਵਾਦੀ ਵਿਚ ਜਨਜੀਵਨ ਠੱਪ ਹੈ।
Jammu & Kashmir
ਕਸ਼ਮੀਰ ਦੇ ਮੰਡਲ ਕਮਿਸ਼ਨਰ ਬਸ਼ੀਰ ਖ਼ਾਨ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਕਸ਼ਮੀਰ ਵਿਚ ਤਿੰਨ ਅਕਤੂਬਰ ਨੂੰ ਸਕੂਲ ਅਤੇ ਨੌਂ ਅਕਤੂਬਰ ਨੂੰ ਕਾਲਜ ਦੁਬਾਰਾ ਖੋਲ੍ਹੇ ਜਾਣਗੇ। ਅਧਿਕਾਰੀਆਂ ਨੇ ਦਸਿਆ ਕਿ ਕਾਲਜਾਂ ਵਿਚ ਮੁਲਾਜ਼ਮ ਤਾਂ ਪਹੁੰਚ ਗਏ ਪਰ ਵਿਦਿਆਰਥੀ ਨਾ ਪਹੁੰਚੇ। ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਕੂਲਾਂ ਵਿਚ ਵੀ ਵਿਦਿਆਰਥੀ ਨਾ ਪਹੁੰਚੇ। ਘਾਟੀ ਦੇ ਬਹੁਤੇ ਹਿੱਸਿਆਂ ਵਿਚ ਬੰਦ ਅਤੇ ਸੰਚਾਰ ਸੇਵਾਵਾਂ 'ਤੇ ਰੋਕ ਕਾਰਨ ਸੁਰੱਖਿਆ ਕਾਰਨਾਂ ਕਰਕੇ ਮਾਪੇ ਅਪਣੇ ਬੱਚਿਆਂ ਨੂੰ ਸਕੂਲ ਜਾ ਕਾਲਜ ਭੇਜਣ ਤੋਂ ਡਰ ਰਹੇ ਹਨ।
Jammu Kashmir
ਸ਼ਹਿਰ ਵਿਚ ਜਨਤਕ ਵਾਹਨ ਸੜਕਾਂ ਤੋਂ ਨਾਦਾਰਦ ਰਹੇ ਪਰ ਜਹਾਂਗੀਰ ਚੌਕ 'ਤੇ ਨਿਜੀ ਵਾਹਨਾਂ ਦੀ ਆਵਾਜਾਈ ਕਾਰਨ ਭਾਰੀ ਜਾਮ ਵੇਖਿਆ ਗਿਆ। ਦੁਕਾਨਦਾਰਾਂ ਨੇ ਰਾਜ ਤੋਂ ਵਿਸ਼ੇਸ਼ ਰੁਤਬਾ ਵਾਪਸ ਲਏ ਜਾਣ ਦੇ ਵਿਰੋਧ ਵਿਚ ਅਪਣੀਆਂ ਦੁਕਾਨਾਂ ਤੜਕੇ ਤੋਂ ਲੈ ਕੇ ਸਵੇਰੇ ਕਰੀਬ 11 ਵਜੇ ਤਕ ਹੀ ਖੋਲ੍ਹੀਆਂ। ਪੂਰੀ ਘਾਟੀ ਵਿਚ ਲੈਂਡਲਾਈਨ ਟੈਲੀਫ਼ੋਨ ਸੇਵਾਵਾਂ ਬਹਾਲ ਹਨ ਪਰ ਕਸ਼ਮੀਰ ਦੇ ਬਹੁਤੇ ਹਿੱਸਿਬਆਂ ਵਿਚ ਮੋਬਾਈਲ ਟੈਲੀਫ਼ੋਨ ਸੇਵਾਵਾਂ ਅਤੇ ਇੰਟਰਨੈਟ ਸੇਵਾਵਾਂ ਪੰਜ ਅਗੱਸਤ ਤੋਂ ਬੰਦ ਹਨ।