
ਸਿਵਲ ਸਰਜਨ ਡਾ. ਮਨਜੀਤ ਸਿੰਘ ਸਿਹਤ ਵਿਭਾਗ ਦੇ ਡਾਇਰੈਕਟਰ ਬਣੇ
ਚੰਡੀਗੜ੍ਹ, 8 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਜ਼ਿਲ੍ਹਾ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਤਰੱਕੀ ਹਾਸਲ ਕਰਨ ਮਗਰੋਂ ਸਿਹਤ ਅਤੇ ਪਰਵਾਰ ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਬਣ ਗਏ ਹਨ। ਡਾ. ਗੁਰਿੰਦਰਬੀਰ ਸਿੰਘ ਨੂੰ ਮੋਹਾਲੀ ਦੇ ਨਵੇਂ ਸਿਵਲ ਸਰਜਨ ਵੀ ਨਿਯੁਕਤ ਕੀਤੇ ਗਏ ਹਨ। ਉਹ ਬਰਨਾਲਾ ਵਿਖੇ ਅਪਣੀਆਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਦੀ ਨਵੀਂ ਨਿਯੁਕਤੀ ਸਬੰਧੀ ਹੁਕਮ ਅੱਜ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਆਈ.ਏ.ਐਸ. ਅਧਿਕਾਰੀ ਸ਼੍ਰੀ ਹੁਸਨ ਲਾਲ ਵਲੋਂ ਜਾਰੀ ਕੀਤੇ ਗਏ। ਉਨ੍ਹਾਂ ਨੇ ਚੰਡੀਗੜ੍ਹ ਵਿਚ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅੱਜ ਦੁਪਹਿਰ ਅਪਣਾ ਅਹੁਦਾ ਸੰਭਾਲ ਲਿਆ। ਕੁੱਝ ਸਾਲ ਪਹਿਲਾਂ ਬਲੱਡ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਸਿਹਤਯਾਬ ਹੋਣ ਵਾਲੇ ਡਾ. ਮਨਜੀਤ ਸਿੰਘ ਈਮਾਨਦਾਰ ਅਤੇ ਮਿਹਨਤੀ ਅਫ਼ਸਰ ਵਜੋਂ ਜਾਣੇ ਜਾਂਦੇ ਹਨ। ਉਹ ਸਿਹਤ ਵਿਭਾਗ ਵਿਚ ਸਾਲ 1985 ਵਿਚ ਬਤੌਰ ਮੈਡੀਕਲ ਅਫ਼ਸਰ ਭਰਤੀ ਹੋਏ ਸਨ। ਉਨ੍ਹਾਂ ਦੀ ਪਹਿਲੀ ਨਿਯੁਕਤੀ ਸਬਸਾਇਡਰੀ ਹੈਲਥ ਸੈਂਟਰ ਚਲਹੇੜੀ ਖ਼ੁਰਦ ਜ਼ਿਲ੍ਹਾ ਪਟਿਆਲਾ ਵਿਖੇ ਹੋਈ ਸੀ। ਇਸ ਤੋਂ ਬਾਅਦ ਉਹ ਡਕਾਲਾ, ਸਮਾਣਾ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਵੱਖ ਵੱਖ ਸਮੇਂ ਦੌਰਾਨ ਰਹੇ। ਸਾਲ 2010 ਵਿਚ ਉਹ ਸੀਨੀਅਰ ਮੈਡੀਕਲ ਅਫ਼ਸਰ ਬਣੇ ਅਤੇ ਤ੍ਰਿਪੜੀ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਨਿਯੁਕਤ ਹੋਏ। ਇਸ ਤੋਂ ਬਾਅਦ 2017 ਵਿਚ ਉਹ ਸਿਵਲ ਸਰਜਨ ਬਣੇ ਅਤੇ ਪਹਿਲੀ ਨਿਯੁਕਤੀ ਮੋਗਾ imageਵਿਖੇ ਹੋਈ। ਫਿਰ ਕੁਝ ਸਮਾਂ ਸੰਗਰੂਰ ਵਿਖੇ ਰਹਿਣ ਤੋਂ ਬਾਅਦ ਉਹ 21 ਜੂਨ 2019 ਨੂੰ ਮੋਹਾਲੀ ਦੇ ਸਿਵਲ ਸਰਜਨ ਬਣੇ।