
ਹਿਮਾਚਲ ਸਰਕਾਰ ਨੇ ਬਾਹਰਲੇ ਸੂਬਿਆਂ ਦੀਆਂ ਟੈਕਸੀਆਂ, ਟੈਂਪੋ ਅਤੇ ਟੂਰਿਸਟ ਬੱਸਾਂ 'ਤੇ ਲਗਾਇਆ ਭਾਰੀ ਟੈਕਸ
ਚੰਡੀਗੜ੍ਹ: ਸੈਲਾਨੀਆਂ ਲਈ ਹੁਣ ਹਿਮਾਚਲ ਦੇ ਪਹਾੜਾਂ ਦੀ ਯਾਤਰਾ ਮਹਿੰਗੀ ਹੋ ਗਈ ਹੈ। ਦਰਅਸਲ ਆਮਦਨ ਵਧਾਉਣ ਲਈ ਸਰਕਾਰ ਨੇ ਬਾਹਰਲੇ ਸੂਬਿਆਂ ਦੀਆਂ ਟੈਕਸੀਆਂ, ਟੈਂਪੋ ਅਤੇ ਟੂਰਿਸਟ ਬੱਸਾਂ 'ਤੇ ਭਾਰੀ ਟੈਕਸ ਲਗਾ ਦਿਤਾ ਹੈ। ਇਸ ਤੋਂ ਨਾਰਾਜ਼ ਹੋ ਕੇ ਗੁਜਰਾਤ ਅਤੇ ਕੋਲਕਾਤਾ ਦੇ ਟਰੈਵਲ ਏਜੰਟਾਂ ਨੇ ਪਹਿਲਾਂ ਹੀ ਹਿਮਾਚਲ ਦਾ ਬਾਈਕਾਟ ਕਰ ਦਿਤਾ ਹੈ। ਹੁਣ ਚੰਡੀਗੜ੍ਹ-ਪੰਜਾਬ ਦੇ ਟੈਕਸੀ ਚਾਲਕਾਂ ਨੇ ਵੀ ਹਿਮਾਚਲ ਦਾ ਬਾਈਕਾਟ ਕਰਨ ਅਤੇ ਸਰਹੱਦ ਬੰਦ ਕਰਨ ਦੀ ਚਿਤਾਵਨੀ ਦਿਤੀ ਹੈ।
ਇਹ ਵੀ ਪੜ੍ਹੋ: 25 ਫੁੱਟ ਉੱਚੇ ਪੁਲ ਤੋਂ ਡਿੱਗੀ ਤੇਜ਼ ਰਫਤਾਰ ਕਾਰ; ਇਕ ਨੌਜਵਾਨ ਦੀ ਮੌਤ
ਇਨ੍ਹੀਂ ਦਿਨੀਂ ਚੰਡੀਗੜ੍ਹ-ਪੰਜਾਬ ਤੋਂ ਕੁੱਝ ਹੀ ਟੈਕਸੀਆਂ ਹਿਮਾਚਲ ਆ ਰਹੀਆਂ ਹਨ। ਇਸ ਦਾ ਅਸਰ ਸੂਬੇ ਦੇ ਸੈਰ ਸਪਾਟਾ ਸਨਅਤ 'ਤੇ ਸਾਫ਼ ਨਜ਼ਰ ਆ ਰਿਹਾ ਹੈ। ਵੱਖ-ਵੱਖ ਸੂਬਿਆਂ ਦੇ ਸੈਲਾਨੀਆਂ ਦੀ ਅਗਾਊਂ ਬੁਕਿੰਗ ਰੱਦ ਹੋ ਰਹੀ ਹੈ। ਟਰਾਂਸਪੋਰਟਰਾਂ ਦੇ ਨਾਲ-ਨਾਲ ਟਰੈਵਲ ਏਜੰਸੀਆਂ ਵੀ ਸੈਲਾਨੀਆਂ ਨੂੰ ਹਿਮਾਚਲ ਲਈ ਟੂਰ ਨਹੀਂ ਬਣਾ ਰਹੀਆਂ ਹਨ। ਆਜ਼ਾਦ ਟੈਕਸੀ ਯੂਨੀਅਨ ਚੰਡੀਗੜ੍ਹ-ਪੰਜਾਬ ਦੇ ਪ੍ਰਧਾਨ ਸ਼ਰਨਜੀਤ ਕਲਸੀ ਨੇ ਕਿਹਾ ਕਿ ਯੂਨੀਅਨ ਨੇ ਹਿਮਾਚਲ ਲਈ ਬੁਕਿੰਗ ਲੈਣੀ ਬੰਦ ਕਰ ਦਿਤੀ ਹੈ ਅਤੇ ਐਡਵਾਂਸ ਬੁਕਿੰਗ ਰੱਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਟੈਕਸੀ, ਟੈਂਪੂ ਅਤੇ ਬੱਸ ਅਪਰੇਟਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦੇਸ਼ ਦੇ ਇਨ੍ਹਾਂ ਸੂਬਿਆਂ ਵਿਚ ਸਸਤਾ ਹੋਇਆ ਪੈਟਰੋਲ; ਇਥੇ ਜਾਣੋ ਪੈਟਰੋਲ-ਡੀਜ਼ਲ ਦੀਆਂ ਤਾਜ਼ਾ ਕੀਮਤਾਂ
ਇਸ ਤੋਂ ਬਾਅਦ ਵੀ ਜੇਕਰ ਹਿਮਾਚਲ ਸਰਕਾਰ ਨੇ ਆਲ ਇੰਡੀਆ ਟੂਰਿਸਟ ਪਰਮਿਟ ਵਾਲੇ ਵਾਹਨਾਂ 'ਤੇ ਲਗਾਇਆ ਟੈਕਸ ਖਤਮ ਨਾ ਕੀਤਾ ਤਾਂ ਉਹ 15 ਅਕਤੂਬਰ ਤਕ ਬਾਰਡਰ ਬੰਦ ਕਰਨ ਲਈ ਮਜਬੂਰ ਹੋਣਗੇ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ-ਪੰਜਾਬ ਦੇ ਟੈਕਸੀ ਚਾਲਕ ਸਰਹੱਦ ਨੂੰ ਸੀਲ ਕਰਨ ਦੀ ਤਿਆਰੀ ਕਰ ਰਹੇ ਸਨ। ਇਸ ਮਗਰੋਂ ਡੀਸੀ ਸੋਲਨ ਦੇ ਭਰੋਸੇ ’ਤੇ ਉਨ੍ਹਾਂ ਅਪਣੀ ਹੜਤਾਲ ਮੁਲਤਵੀ ਕਰ ਦਿਤੀ।
ਇਹ ਵੀ ਪੜ੍ਹੋ: ਬਠਿੰਡਾ ਤੋਂ ਦਿੱਲੀ ਲਈ ਅੱਜ ਸ਼ੁਰੂ ਹੋਵੇਗੀ ਫਲਾਈਟ; ਸ਼ੁਰੂਆਤੀ ਕਿਰਾਇਆ ਮਹਿਜ਼ 1999 ਰੁਪਏ
ਉਧਰ ਸ਼ਿਮਲਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਐਮਕੇ ਸੇਠ ਨੇ ਦਸਿਆ ਕਿ ਬਾਹਰਲੇ ਸੂਬਿਆਂ ਤੋਂ ਟੈਕਸੀਆਂ ਅਤੇ ਬੱਸਾਂ ਵਿਚ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਖਾਸ ਤੌਰ 'ਤੇ ਇਨ੍ਹਾਂ ਦਿਨਾਂ 'ਚ ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਗੁਜਰਾਤ ਤੋਂ ਸੈਲਾਨੀ ਵੱਡੀ ਗਿਣਤੀ 'ਚ ਆਉਂਦੇ ਹਨ ਪਰ ਟੈਕਸ ਲਗਾਉਣ ਕਾਰਨ ਸੈਲਾਨੀ ਨਹੀਂ ਆ ਰਹੇ ਅਤੇ ਹੋਟਲ ਬੁਕਿੰਗ ਰੱਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਸੈਰ ਸਪਾਟਾ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ। ਇਸ ਲਈ ਇਹ ਟੈਕਸ ਵਾਪਸ ਲਿਆ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੈਰ ਸਪਾਟਾ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ।