ਕਰਤਾਰਪੁਰ ਲਾਂਘੇ ਦੇ ਮਾਮਲੇ 'ਚ ਪਾਕਿਸਤਾਨ ਫੌਜ ਦੀ ਵੱਡੀ ਸਾਜਿਸ਼ : ਮੁੱਖ ਮੰਤਰੀ ਪੰਜਾਬ
Published : Dec 9, 2018, 7:27 pm IST
Updated : Dec 9, 2018, 7:27 pm IST
SHARE ARTICLE
Captain Amarinder Singh
Captain Amarinder Singh

ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕਣ ਤੋਂ ਪਹਿਲਾਂ ਪਾਕਿਸਤਾਨ ਫ਼ੌਜ ਦੇ ਜਨਰਲ ਜਾਵੇਦ ਬਾਜਵਾ ਵਲੋਂ ਕਰਤਾਰਪੁਰ ਲਾਂਘੇ...

ਚੰਡੀਗੜ੍ਹ (ਸਸਸ) : ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕਣ ਤੋਂ ਪਹਿਲਾਂ ਪਾਕਿਸਤਾਨ ਫ਼ੌਜ ਦੇ ਜਨਰਲ ਜਾਵੇਦ ਬਾਜਵਾ ਵਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਸਬੰਧੀ ਨਵਜੋਤ ਸਿੰਘ ਸਿੱਧੂ ਕੋਲ ਪ੍ਰਗਟਾਏ ਵਿਚਾਰਾਂ ਸਬੰਧੀ ਤੱਥਾਂ ਦੇ ਸੰਦਰਭ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪਾਕਿਸਤਾਨ ਫ਼ੌਜ ਵਲੋਂ ਘੜੀ ਗਈ ਇਕ ਬਹੁਤ ਵੱਡੀ ਸਾਜਿਸ਼ ਦੱਸਿਆ ਹੈ। ਅੱਜ ਇਕ ਟੀਵੀ ਚੈਨਲ ਨੂੰ ਦਿਤੀ ਗਈ ਇੰਟਰਵਿਊ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਸਪੱਸ਼ਟ ਤੌਰ 'ਤੇ ਆਈ.ਐਸ.ਆਈ ਦੀ ਯੋਜਨਾ ਦਾ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਪਾਕਿਸਤਾਨ ਫ਼ੌਜ ਨੇ ਭਾਰਤ ਵਿਰੁੱਧ ਇਕ ਬਹੁਤ ਵੱਡੀ ਸਾਜਿਸ਼ ਘੜੀ ਹੈ। ਪਾਕਿਸਤਾਨ ਵਲੋਂ ਪੰਜਾਬ ਵਿਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੇ ਜਾਣ ਨੂੰ ਪ੍ਰਵਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਮੁੱਦੇ ਨੂੰ ਗੈਰ ਜ਼ਰੂਰੀ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ ਅਤੇ ਜਿਹੜੇ ਇਸ ਨੂੰ ਉਭਾਰ ਰਹੇ ਹਨ ਉਹ ਸੱਪਸ਼ਟ ਤੌਰ 'ਤੇ ਆਈ.ਐਸ.ਆਈ. ਦੀ ਯੋਜਨਾ ਨੂੰ ਦੇਖਣ ਤੋਂ ਅਸਮਰਥ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੰਤਰੀ ਨੂੰ ਪਾਕਿਸਤਾਨ ਪ੍ਰਧਾਨ ਮੰਤਰੀ ਦਾ ਹੱਥ ਠੋਕਾ ਦੱਸਣ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ। ਮੁੱਖ ਮੰਤਰੀ ਦੇ ਸਿੱਧੂ ਨਾਲ ਸਬੰਧਾਂ ਦੇ ਮੁੱਦੇ ਉਤੇ ਗ਼ੈਰ ਜ਼ਰੂਰੀ ਵਿਵਾਦ ਖੜ੍ਹਾ ਕਰਨ ਲਈ ਅਕਾਲੀਆਂ ਅਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਅਪਣੀ ਪਿੱਠ ਠੋਕਣ ਦੀ ਜੰਗ ਤੋਂ ਇਲਾਵਾ ਹੋਰ ਕੁੱਝ ਵੀ ਨਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਵਿੱਚ ਅਸਥਿਰਤਾ ਪੈਦਾ ਕਰਨਾ ਪਾਕਿਸਤਾਨ ਦਾ ਉਦੇਸ਼ ਹੈ

ਅਤੇ ਇਸ ਦੇ ਵਾਸਤੇ ਪੰਜਾਬ ਵਿਚ ਅਤਿਵਾਦੀ ਸਰਗਰਮੀਆਂ ਦੇ ਰਾਹੀਂ ਪਾਕਿਸਤਾਨ ਜਾਣਬੁਝ ਕੇ ਲਗਾਤਾਰ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਅਕਾਲੀ-ਭਾਜਪਾ ਇਸ ਅਹਿਮ ਮੁੱਦੇ ਤੋਂ ਲੋਕਾਂ ਦਾ ਧਿਆਨ ਲਾਂਬੇ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸਿੱਧੂ ਦਾ ਮੁੱਦਾ ਉਭਾਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਟਵਾਰੇ ਦੇ ਸਮੇਂ ਤੋਂ ਹੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦੀ ਮੰਗ ਲੰਬਿਤ ਪਈ ਹੋਈ ਹੈ। ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਰਗੇ ਬਹੁਤ ਸਾਰੇ ਸਿੱਖਾਂ ਦੇ ਧਾਰਮਿਕ ਸਥਾਨ ਬਟਵਾਰੇ ਕਾਰਨ ਪਾਕਿਸਤਾਨ ਵਿਚ ਰਹਿ ਗਏ।

ਇਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੇ ਵੀ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਮੁੱਦਾ ਪਾਕਿਸਤਾਨ ਕੋਲ ਉਠਾਇਆ ਸੀ। ਉਨ੍ਹਾਂ ਨੇ ਖ਼ੁਦ ਪਾਕਿਸਤਾਨ ਪੰਜਾਬ ਦੇ ਹਮਰੁਤਬਾ ਪਰਵੇਜ ਇਲਾਹੀ ਅਤੇ ਰਾਸ਼ਟਰਪਤੀ ਪਰਵੇਜ ਮੁਸ਼ਰਫ ਕੋਲ ਇਹ ਮੁੱਦਾ ਅਪਣੇ ਪਿਛਲੇ ਕਾਲ ਦੌਰਾਨ ਮੁੱਖ ਮੰਤਰੀ ਵਜੋਂ ਉਠਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਬਿਨਾਸ਼ੱਕ ਇਮਰਾਨ ਖ਼ਾਨ ਭਾਰਤ ਨਾਲ ਸ਼ਾਂਤੀ ਅਤੇ ਸਦਭਾਵਨਾ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਪਾਕਿਸਤਾਨ ਫ਼ੌਜ ਦੇ ਮੁੱਖੀ 'ਤੇ ਇਹ ਜ਼ੋਰ ਵੀ ਪਾਉਣਾ ਚਾਹੀਦਾ ਹੈ

ਕਿ ਸਰਹੱਦ ਉਤੇ ਸਾਡੇ ਫ਼ੌਜੀਆਂ ਦੀਆਂ ਹੱਤਿਆਵਾਂ ਨੂੰ ਤੁਰੰਤ ਰੋਕੇ ਜਾਣਾ ਯਕੀਨੀ ਬਣਾਇਆ ਜਾਵੇ। ਪਾਕਿਸਤਾਨ ਦਾ ਇਤਿਹਾਸ ਇਹ ਦੱਸਦਾ ਹੈ ਕਿ ਜੇ ਕਿਸੇ ਪ੍ਰਧਾਨ ਮੰਤਰੀ ਸੱਤਾ ਵਿਚ ਰਹਿਣਾ ਤਾਂ ਉਸ ਨੂੰ ਫੌਜ ਦੀ ਲਾਈਨ 'ਤੇ ਤੁਰਨਾ ਪੈਂਦਾ ਹੈ। ਮੁੱਖ ਮੰਤਰੀ ਨੇ ਇਸ ਸਬੰਧ ਵਿਚ ਨਵਾਜ ਸ਼ਰੀਫ ਵਲੋਂ ਦੁਬਈ ਵਿਖੇ ਪਾਕਿਸਤਾਨੀ ਫ਼ੌਜ ਦੇ ਨਾਲ ਕੀਤੇ ਸਮਝੋਤੇ ਦੀ ਵੀ ਮਿਸਾਲ ਦਿਤੀ ਜਿਸ ਦੇ ਨਤੀਜੇ ਵਜੋਂ ਉਹ ਲਗਾਤਾਰ ਪ੍ਰਧਾਨ ਮੰਤਰੀ ਰਹੇ। ਕਰਤਾਰਪੁਰ ਸਾਹਿਬ ਲਾਂਘੇ ਲਈ ਨੀਂਹ ਪੱਥਰ ਰੱਖਣ ਮੌਕੇ ਪਾਕਿਸਤਾਨ ਨਾ ਜਾਣ ਬਾਰੇ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ

ਕਿ ਉਨ੍ਹਾਂ ਨੇ ਇਹ ਸੱਦਾ ਪ੍ਰਵਾਨ ਕਰਨ ਤੋਂ ਇਸ ਕਰਕੇ ਇਨਕਾਰ ਕੀਤਾ ਸੀ ਕਿਉਂਕਿ ਉਹ ਓਨ੍ਹਾਂ ਚਿਰ ਪਾਕਿਸਤਾਨ ਜਾਣ ਬਾਰੇ ਸੋਚ ਨਹੀਂ ਸਕਦੇ ਜਿਨ੍ਹਾਂ ਚਿਰ ਪਾਕਿਸਤਾਨ ਫ਼ੌਜ ਵਲੋਂ ਭਾਰਤੀ ਫੌਜੀਆਂ ਅਤੇ ਆਮ ਲੋਕਾਂ ਦੀ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਨੀਂਹ ਪੱਥਰ ਰੱਖਣ ਲਈ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਜਾਣ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵਲੋਂ ਆਏ ਸੱਦੇ ਨੂੰ ਲਿਖਤੀ ਤੌਰ 'ਤੇ ਰੱਦ ਕਰ ਦਿਤਾ ਹੈ ਅਤੇ ਉਸ ਦੀ ਕਾਪੀ ਸੋਸ਼ਲ ਮੀਡਾਆ 'ਤੇ ਸਾਂਝੀ ਵੀ ਕੀਤੀ ਸੀ।

ਪਾਕਿਸਤਾਨ ਨਾ ਜਾਣ ਦੀ ਸਲਾਹ ਦਿਤੇ ਜਾਣ ਦੇ ਬਾਵਜੂਦ ਸਿੱਧੂ ਇਮਰਾਨ ਖ਼ਾਨ ਨਾਲ ਅਪਣੀ ਦੋਸਤੀ ਕਾਰਨ ਉੱਥੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਇਹ ਗ਼ੈਰ ਤਰਕਸੰਗਤ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵੀ ਉਥੇ ਬਹੁਤ ਸਾਰੇ ਦੋਸਤ ਹਨ ਜਿਨ੍ਹਾਂ ਵਿਚ ਪਾਕਿਸਤਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਵੇਜ ਇਲਾਹੀ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਪਿਛਲੇ ਕਾਰਜਕਾਲ ਦੌਰਾਨ ਲਗਾਤਾਰ ਮਿਲਦੇ ਰਹੇ ਹਾਂ। ਇਲਾਹੀ ਉਨ੍ਹਾਂ ਨੂੰ ਮਿਲਣ ਲਈ ਪਟਿਆਲਾ ਵਿਖੇ ਵੀ ਆਏ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਕ 'ਪੰਸਦੀਦਾ' ਵਿਅਕਤੀ ਹੈ। ਉਨ੍ਹਾਂ ਦੇ ਸਿੱਧੂ ਦੇ ਮਾਪਿਆਂ ਨਾਲ ਵੀ ਨਿੱਘੇ ਸਬੰਧ ਹਨ ਜਦੋਂ ਇਹ ਕ੍ਰਿਕਟ ਖਿਡਾਰੀ ਮੰਤਰੀ ਬਣਿਆ ਤਾਂ ਉਨ੍ਹਾਂ ਦੇ ਪਿਤਾ ਕਾਂਗਰਸ ਦੀ ਪਟਿਆਲਾ ਜਿਲ੍ਹਾ ਇਕਾਈ ਦੇ ਪ੍ਰਧਾਨ ਸਨ ਅਤੇ ਉਨ੍ਹਾਂ (ਕੈਪਟਨ) ਦੀ ਮਾਤਾ ਮਹਿੰਦਰ ਕੌਰ ਪਟਿਆਲਾ ਤੋਂ ਸੰਸਦ ਮੈਂਬਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਤੇ ਸਿੱਧੂ ਵਿਚਕਾਰ ਕਦੀ ਵੀ ਟਕਰਾਅ ਪੈਦਾ ਨਹੀ ਹੋਇਆ ਜਿਸ ਤਰ੍ਹਾਂ ਕਿ ਮੀਡੀਆ ਵਿਚ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚਲਾਉਂਦੇ ਸਮੇਂ ਉਨ੍ਹਾਂ ਦੀ ਸਿੱਧੂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸੱਮਸਿਆ ਨਹੀਂ ਆਈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਹਮੇਸ਼ਾਂ ਸਿੱਧ ਪੱਧਰੇ ਤਰੀਕੇ ਨਾਲ ਗੱਲ ਕਰਦੇ ਹਨ ਅਤੇ ਉਨ੍ਹਾਂ ਦੀ ਇੱਕੋ-ਇਕ ਸੱਮਸਿਆ ਇਹ ਹੈ ਕਿ ਉਹ ਕਈ ਵਾਰੀ ਸੋਚਣ ਤੋਂ ਪਹਿਲਾਂ ਹੀ ਬੋਲ ਜਾਂਦੇ ਹਨ। ਰਾਹੁਲ ਗਾਂਧੀ ਦੇ ਅਪਣੇ ਕੈਪਟਨ ਹੋਣ ਦੇ ਸਿੱਧੂ ਦੀ ਟਿਪਣੀ ਸਬੰਧੀ ਪੁਛੇ ਗਏ ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਵੀ ਮੁੱਦਾ ਨਹੀ ਹੈ। ਸਿੱਧੂ ਨੇ ਹਮੇਸ਼ਾਂ ਉਨ੍ਹਾਂ (ਕੈਪਟਨ) ਨੂੰ ਅਪਣੇ ਪਿਤਾ ਸਮਾਨ ਸਮਝਿਆ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਸਵਾਲ ਦੇ ਜਵਾਬ ਵਿਚ ਪਾਕਿਸਤਾਨ ਨੂੰ ਉਸ ਦੀਆਂ ਘਿਨਾਉਣੀਆਂ ਹਰਕਤਾਂ ਵਿਰੁੱਧ ਚੇਤਾਵਨੀ ਦਿਤੀ

ਅਤੇ ਉਸ ਨੂੰ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਪੈਦਾ ਕਰਨ ਤੋਂ ਬਾਜ ਆਉਣ ਲਈ ਆਖਿਆ। ਉਨ੍ਹਾਂ ਨੇ ਸਰਹੱਦ 'ਤੇ ਭਾਰਤੀ ਫੌਜੀਆਂ ਦੀਆਂ ਹੱਤਿਆਵਾਂ ਰੋਕੇ ਜਾਣ ਲਈ ਵੀ ਪਾਕਿਸਤਾਨ ਨੂੰ ਕਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਫੌਜ ਦੇ ਜਨਰਲ ਜਾਵੇਦ ਬਾਜਵਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਪਾਕਿਸਤਾਨ ਨਾਲ ਸਿੱਧੀ ਟੱਕਰ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਜੇ ਉਸ ਨੇ ਅੱਤਵਾਦ ਦੇ ਰਾਹੀਂ ਸੂਬੇ ਦੇ ਸ਼ਾਤੀਪੂਰਣ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਤਾਂ ਇਹ ਉਨ੍ਹਾਂ ਦੀ ਗਲਤੀ ਹੋਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਜਨਰਲ ਬਾਜਵਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਪੰਜਾਬ ਪੁਲਿਸ 1970 ਅਤੇ 1980 ਵਾਲੀ ਪੁਲਿਸ ਨਹੀਂ ਹੈ ਜਦੋ ਇਸ ਦੀ ਸੰਖਿਆ ਸਿਰਫ 16000-17000 ਹੁੰਦੀ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਪੁਲਿਸ ਫੋਰਸ ਉੱਚ ਤਕਨੀਕ ਦੇ ਹਥਿਆਰਾਂ ਅਤੇ ਗੋਲੀ-ਸਿੱਕਾ ਨਾਲ ਲੈਸ ਹੈ। ਇਸ ਦੀਆਂ ਪੇਸ਼ੇਵਰ ਕਮਾਂਡੋ ਬਟਾਲੀਅਨਾਂ ਅਤੇ ਪੰਜਾਬ ਆਰਮਡ ਫੋਰਸ ਵੀ ਹੈ ਜੋ ਕਿਸੇ ਵੀ ਚੁਣੌਤੀ ਦੇ ਪੂਰੀ ਤਰ੍ਹਾਂ ਟਾਕਰੇ ਲਈ ਤਿਆਰ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਦਲੀਵਾਲ ਪਿੰਡ ਵਿਚ ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ ਦੇ 2 ਦੋਸ਼ੀਆਂ ਨੂੰ ਦਿਨਾਂ ਵਿਚ ਹੀ ਫੜ ਕੇ ਹਾਲ ਹੀ ਵਿਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਜਿਨ੍ਹਾਂ ਦੇ ਆਈ.ਐਸ.ਆਈ ਦੇ ਏਜੰਟਾਂ ਨਾਲ ਸਾਂਝ ਸੀ। ਪੰਜਾਬ ਦੀ ਅਤਿ ਸਰਗਰਮ ਪੁਲਿਸ ਫੋਰਸ ਨੇ ਆਈ.ਐਸ.ਆਈ ਦਾ ਸਮਰਥਨ ਪ੍ਰਾਪਤ 19 ਅੱਤਵਾਦੀ ਗਿਰੋਹਾਂ ਨੂੰ ਸਫ਼ਲਤਾਪੂਰਣ ਖ਼ਤਮ ਕੀਤਾ ਹੈ ਅਤੇ ਇਨ੍ਹਾਂ ਦੇ 81 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਤਿਵਾਦ ਦੀ ਰੀਡ ਦੀ ਹੱਡੀ ਤੋੜਨ ਸਬੰਧੀ ਅਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਅਤਿਵਾਦ ਦੇ ਕਾਲੇ ਦਿਨਾਂ ਵਿਚ ਧੱਕਣ ਦੀ ਕਿਸੇ ਨੂੰ ਆਗਿਆ ਨਹੀਂ ਦਿਤੀ ਜਾਵੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਸਰਗਰਮ ਬਹੁਤ ਸਾਰੇ ਅਤਿਵਾਦੀ ਸੰਗਠਨ ਪੂਰੀ ਤਰ੍ਹਾਂ ਖ਼ਤਮ ਕਰ ਦਿਤੇ ਗਏ ਹਨ ਅਤੇ ਆਈ.ਐਸ.ਆਈ ਪੰਜਾਬ ਵਿਚ ਗੜਬੜ ਪੈਦਾ ਕਰਨ ਲਈ ਇਨ੍ਹਾਂ ਨੂੰ ਪੰਜਾਬ ਵਿਚ ਸਰਗਰਮ ਕਰ ਰਹੀ ਸੀ।

ਇਸ ਵਲੋਂ ਕਨੈਡਾ, ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ਵਿਚ ਵੀ ਬੇਗੁਨਾਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਤੋਂ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਵਲੋਂ ਅਪਣੇ ਮਕਸਦਾਂ ਲਈ ਇਨ੍ਹਾਂ ਨੂੰ ਹੱਥਿਆਰ ਅਤੇ ਫੰਡ ਦਿਤੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਤੋਂ ਫ਼ਾਇਦਾ ਉਠਾ ਕੇ ਪੰਜਾਬ ਵਿਚ ਅਤਿਵਾਦ ਨੂੰ ਪੈਦਾ ਕਰਨ ਦੇ ਲਈ 'ਸਿੱਖਜ਼ ਫਾਰ ਜਸਟਿਸ' ਦੀ ਤਿੱਖੀ ਆਲੋਚਨਾ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਖਾਸਕਰ ਦੇਹਾਤੀ ਇਲਾਕਿਆਂ ਦੇ ਸਿੱਖ ਅਖੌਤੀ 'ਰਾਇਸ਼ੁਮਾਰੀ-2020' ਦਾ ਸਮਰਥਨ ਨਹੀ ਕਰਣਗੇ। ਐਸ.ਐਫ.ਜੇ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਦਾ ਇਕ ਤੋਹਫਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਫ.ਜੇ ਦੀ ਗੱਲ ਕਰਨ ਵਾਲਾ ਪੰਜਾਬ ਵਿਚ ਕੋਈ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement