
ਖ਼ਾਲਸਾ ਏਡ ਦੇ ਮੁਖੀ ਨੇ ਲਿਆ ਹੜ੍ਹ ਪੀੜਤਾਂ ਲਈ ਬਣ ਰਹੇ ਘਰਾਂ ਦਾ ਜਾਇਜ਼ਾ
ਰੂਪਨਗਰ (ਸਵਰਨ ਸਿੰਘ ਭੰਗੂ) : ਬੀਤੇ ਅਗੱਸਤ ਮਹੀਨੇ ਆਏ ਹੜ੍ਹਾਂ ਦੌਰਾਨ, ਬੁਧਕੀ ਨਦੀ ਨੇ ਰੂਪਨਗਰ ਦੇ ਨੇੜਿਉ ਟੁੱਟ ਕੇ ਪਿੰਡ ਖੈਰਾਬਾਦ ਅਤੇ ਫੂਲ ਪੁਰ ਵਿਚ ਬਹੁਤ ਤਬਾਹੀ ਮਚਾਈ ਸੀ, ਉਸ ਵਿਚ ਜਿਨ੍ਹਾਂ ਮਕਾਨਾਂ ਨੂੰ ਨੁਕਸਾਨ ਪੁੱਜਾ ਸੀ, ਉਨ੍ਹਾਂ ਪਰਵਾਰਾਂ ਲਈ, ਕੌਮਾਂਤਰੀ ਸਮਾਜ-ਸੇਵੀ ਸੰਸਥਾ ਖ਼ਾਲਸਾ ਏਡ ਵਲੋਂ ਘਰਾਂ ਦਾ ਨਵ ਨਿਰਮਾਣ ਕਰਾਇਆ ਜਾ ਰਿਹਾ ਹੈ। ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਲਈ ਖ਼ਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਬੀਤੇ ਦਿਨ ਇਨ੍ਹਾਂ ਪਿੰਡਾਂ ਵਿਚ ਖ਼ੁਦ ਪਹੁੰਚੇ।
Ravi Singh
ਇਸੇ ਸਾਲ ਅਗੱਸ ਮਹੀਨੇ ਵਿਚ ਆਏ ਹੜ੍ਹਾਂ ਨਾਲ ਸੱਭ ਤੋਂ ਵੱਧ ਤਬਾਹੀ ਇਨ੍ਹਾਂ ਪਿੰਡਾਂ ਵਿਚ ਹੀ ਹੋਈ ਸੀ ਜਦੋਂ ਕਿ ਜ਼ਿਲ੍ਹਾ ਰੂਪਨਗਰ ਦੇ ਦਰਜਨਾਂ ਪਿੰਡਾਂ ਦੇ ਲੋਕ ਪ੍ਰਭਾਵਤ ਹੋਏ ਸਨ। ਹੜ੍ਹਾਂ ਦੋਰਾਨ ਵੱਖ ਵੱਖ ਸਮਾਜ-ਸੇਵੀ ਸੰਸਥਾਵਾਂ ਨੇ ਰਾਸ਼ਨ, ਕਪੜੇ ਆਦਿ ਦੀ ਮਦਦ ਤਾਂ ਪ੍ਰਭਾਵਤ ਲੋਕਾਂ ਦੀ ਕਾਫੀ ਕੀਤੀ ਸੀ ਪਰ ਬੇਘਰ ਹੋਏ ਲੋਕਾਂ ਦੀ ਬਾਂਹ ਕੇਵਲ ਖ਼ਾਲਸਾ ਏਡ ਨੇ ਹੀ ਫੜੀ ਹੈ।
Punjab Floods
ਖ਼ਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਨੇ 'ਸਪੋਕਸਮੈਨ' ਨੂੰ ਦਸਿਆ ਕਿ ਖ਼ਾਲਸਾ ਏਡ ਵਲੋਂ ਪੰਜਾਬ ਵਿਚ ਕਰੀਬ 48 ਲੋੜਵੰਦ ਗ਼ਰੀਬ ਪਰਵਾਰਾਂ ਨੂੰ ਪੱਕੇ ਘਰ ਬਣਾ ਕੇ ਦਿਤੇ ਜਾ ਰਹੇ ਹਨ ਜਿਨ੍ਹਾਂ ਵਿਚ 19 ਘਰ ਜ਼ਿਲ੍ਹਾ ਰੂਪਨਗਰ ਦੇ ਪਰਵਾਰਾਂ ਲਈ ਬਣਾਏ ਜਾ ਰਹੇ ਹਨ। ਉਨ੍ਹਾਂ ਗੱਲਬਾਤ ਦੌਰਾਨ ਦਸਿਆ ਕਿ ਅਜੇ ਇਹ ਨਿਰਮਾਣ 6-7 ਮਹੀਨੇ ਚੱਲੇਗਾ ਕਿਉਂਕਿ ਪੱਕੇ ਲੈਂਟਰ ਵਾਲੇ ਘਰ ਬਣਾਏ ਜਾ ਰਹੇ ਹਨ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਇਹ ਕੰਮ ਸਰਕਾਰਾਂ ਦੇ ਹਨ ਕਿਉਂਕਿ ਸਰਕਾਰਾਂ ਲੋਕਾਂ ਕੋਲੋਂ ਟੈਕਸ ਲੈਂਦੀਆਂ ਹਨ ਪਰ ਜਦੋਂ ਸਰਕਾਰਾਂ ਬਣਦੀ ਜਿੰਮੇਂਵਾਰੀ ਨਹੀਂ ਨਿਭਾਉਂਦੀਆਂ ਤਾਂ ਖ਼ਾਲਸਾ ਏਡ ਸਮੇਤ ਹੋਰ ਸਮਾਜ-ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਪੈਂਦਾ ਹੈ।
Punjab flood khalsa aid
ਉਨ੍ਹਾਂ ਕਿਹਾ ਕਿ ਸਾਡਾ ਕੰਮ ਲੋੜਵੰਦਾ ਕੋਲ ਜਾ ਕੇ ਉਨ੍ਹਾਂ ਦੀ ਮਦਦ ਕਰਨਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਉਨ੍ਹਾਂ ਨੇ ਅਪਣੀ ਇਕ ਪ੍ਰਣਾਲੀ ਵਿਕਸਤ ਕੀਤੀ ਹੋਈ ਹੈ ਜਿਸ ਤਹਿਤ ਏਡ ਦੇ ਵਲੰਟੀਅਰ, ਯੋਗ ਪੀੜਤਾਂ ਦੀ ਨਿਸ਼ਾਨਦੇਹੀ ਕਰਦੇ ਹਨ ਅਤੇ ਫਿਰ ਢੁਕਵੀਂ ਸਹਾਇਤਾ ਕੀਤੀ ਜਾਂਦੀ ਹੈ। ਭਾਈ ਰਵੀ ਸਿੰਘ ਅਨੁਸਾਰ ਉਹ ਹਮੇਸ਼ਾਂ ਸਰਬੱਤ ਦਾ ਭਲਾ ਮੰਗਦੇ ਹਨ ਪਰ ਅਜਿਹੀ ਕੁਦਰਤੀ ਆਫਤ ਸਮੇਂ ਪੰਜਾਬ ਉਨ੍ਹਾਂ ਦਾ ਪਹਿਲਾ ਫਿਕਰ ਹੁੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।