
ਇੰਸਟਾਗ੍ਰਾਮ ’ਤੇ ਵੀ ਵਧੀ ਦਿਲਜੀਤ ਦੇ ਫਾਲੋਅਰਜ਼ ਦੀ ਗਿਣਤੀ
ਚੰਡੀਗੜ੍ਹ : ਦਿਲਜੀਤ ਦੁਸਾਂਝ ਨਾਲ ਪੰਗਾ ਲੈਣਾ ਜਿੱਥੇ ਕੰਗਣਾ ਨੂੰ ਭਾਰੀ ਪਿਆ ਹੈ ਉਥੇ ਹੀ ਦਿਲਜੀਤ ਨੂੰ ਇਸ ਦਾ ਫਾਇਦਾ ਹੋਣ ਲੱਗਾ ਹੈ। ਕੰਗਣਾ ਨੇ ਕਿਸਾਨ ਧਰਨਿਆਂ ’ਚ ਸ਼ਾਮਲ ਇਕ ਬਜ਼ੁਰਗ ਮਹਿਲਾ ’ਤੇ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਉਸ ਦੀ ਭਾਰੀ ਮੁਖਾਲਫਤ ਹੋਈ ਸੀ। ਇਸੇ ਦੌਰਾਨ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਕੰਗਣਾ ਦੀ ਇਸ ਹਰਕਤ ਪ੍ਰਤੀ ਟਵਿੱਟਰ ਤੇ ਰੋਸ ਜਾਹਰ ਕੀਤਾ ਸੀ। ਇਸ ਤੋਂ ਬਾਅਦ ਕੰਗਣਾ ਨੇ ਦਿਲਜੀਤ ਬਾਰੇ ਭੱਦੀ ਟਿੱਪਣੀ ਕੀਤੀ ਜਿਸ ਦਾ ਦਿਲਜੀਤ ਨੇ ਵੀ ਕਰਾਰਾ ਜਵਾਬ ਦਿਤਾ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ।
daljit and kangna
ਬਾਅਦ ’ਚ ਸਮੂਹ ਪੰਜਾਬੀ ਕਲਾਕਾਰ ਭਾਈਚਾਰਾ ਦਿਲਜੀਤ ਦੇ ਹੱਕ ’ਚ ਆਇਆ ਤੇ ਸੋਸ਼ਲ ਮੀਡੀਆ ’ਤੇ ਦਿਲਜੀਤ ਦੋਸਾਂਝ ਟਰੈਂਡ ਕਰਨ ਲੱਗ ਗਏ। ਟਰੈਂਡਿੰਗ ’ਚ ਆਉਣ ਕਰਕੇ ਦਿਲਜੀਤ ਦੇ ਫਾਲੋਅਰਜ਼ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਗਈ। ਦਿਲਜੀਤ ਦੇ ਟਵਿਟਰ ਅਕਾਊਂਟ ਦੀ ਗੱਲ ਕਰੀਏ ਤਾਂ ਮੰਗਲਵਾਰ ਤਕ ਦਿਲਜੀਤ ਦੇ 38 ਲੱਖ 49 ਹਜ਼ਾਰ ਫਾਲੋਅਰਜ਼ ਸਨ, ਉਥੇ ਬੁੱਧਵਾਰ ਤੇ ਵੀਰਵਾਰ ਨੂੰ ਦਿਲਜੀਤ ਦੇ 12 ਹਜ਼ਾਰ ਦੇ ਹਿਸਾਬ ਨਾਲ ਫਾਲੋਅਰਜ਼ ਵਧੇ ਪਰ ਸ਼ੁੱਕਰਵਾਰ ਨੂੰ ਦਿਲਜੀਤ ਦੇ ਫਾਲੋਅਰਜ਼ ਰਿਕਾਰਡ 3 ਲੱਖ ਤੋਂ ਵੱਧ ਗਿਣਤੀ ’ਚ ਵਧੇ। ਇਸ ਨਾਲ ਦਿਲਜੀਤ ਦੇ ਫਾਲੋਅਰਜ਼ 38 ਲੱਖ ਤੋਂ ਸਿੱਧਾ 42 ਲੱਖ ’ਤੇ ਪਹੁੰਚ ਗਏ।
Kangana Ranaut
ਹਾਲਾਂਕਿ ਇਸ ਤੋਂ ਬਾਅਦ ਵੀ ਦਿਲਜੀਤ ਦੇ ਫਾਲੋਅਰਜ਼ ਟਵਿਟਰ ’ਤੇ ਸ਼ਨੀਵਾਰ ਨੂੰ 1 ਲੱਖ 44 ਹਜ਼ਾਰ ਤੇ ਐਤਵਾਰ ਨੂੰ 75 ਹਜ਼ਾਰ ਵਧੇ। ਖ਼ਬਰ ਲਿਖੇ ਜਾਣ ਤਕ ਦਿਲਜੀਤ ਦੇ ਟਵਿਟਰ ’ਤੇ ਫਾਲੋਅਰਜ਼ 45 ਲੱਖ ਤੋਂ ਵੱਧ ਹਨ। ਇੰਸਟਾਗ੍ਰਾਮ ’ਤੇ ਵੀ ਦਿਲਜੀਤ ਦੇ ਫਾਲੋਅਰਜ਼ ਦੀ ਗਿਣਤੀ ਤੇਜ਼ੀ ਨਾਲ ਵਧੀ।
Diljit and Kangana
ਇੰਸਟਾਗ੍ਰਾਮ ’ਤੇ ਦਿਲਜੀਤ ਦੇ ਜਿਥੇ 4 ਦਸੰਬਰ ਨੂੰ 1 ਲੱਖ ਦੇ ਕਰੀਬ ਫਾਲੋਅਰਜ਼ ਵਧੇ, ਉਥੇ ਸ਼ਨੀਵਾਰ 49 ਹਜ਼ਾਰ ਤੇ ਐਤਵਾਰ ਨੂੰ 56 ਹਜ਼ਾਰ ਤੋਂ ਵੱਧ ਫਾਲੋਅਰਜ਼ ਵਧੇ। ਦਿਲਜੀਤ ਦੇ ਬੁੱਧਵਾਰ ਨੂੰ 1 ਕਰੋੜ 5 ਲੱਖ ਤੋਂ ਵੱਧ ਫਾਲੋਅਰਜ਼ ਸਨ, ਜੋ ਹੁਣ 1 ਕਰੋੜ 8 ਲੱਖ ਤੋਂ ਵੱਧ ਹੋ ਗਏ ਹਨ। ਭਾਵ ਦਿਲਜੀਤ ਨੂੰ ਇਸ ਹਫਤੇ ਇੰਸਟਾਗ੍ਰਾਮ ’ਤੇ 3 ਲੱਖ ਤੋਂ ਵੱਧ ਫਾਲੋਅਰਜ਼ ਮਿਲੇ ਹਨ।