
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਨਵ ਗਠਿਤ 'ਪੰਜਾਬੀ ਏਕਤਾ ਪਾਰਟੀ' ਦੇ ਮੁਖੀ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ...
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਨਵ ਗਠਿਤ 'ਪੰਜਾਬੀ ਏਕਤਾ ਪਾਰਟੀ' ਦੇ ਮੁਖੀ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵਿਧਾਇਕ ਵਜੋਂ ਮੈਂਬਰੀ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ। ਭੁਲੱਥ ਵਿਧਾਨ ਸਭਾ ਹਲਕੇ ਵਿਚ ਪੈਂਦੇ ਪਿੰਡ ਮੇਟਲਾ ਦੇ ਰਹਿਣ ਹਰਸਿਮਰਨ ਸਿੰਘ ਪੁੱਤਰ ਰਣਜੀਤ ਸਿੰਘ ਨੇ ਦਲ -ਬਦਲ ਕਾਨੂੰਨ, ਭਾਰਤੀ ਸੰਵਿਧਾਨ ਅਤੇ ਸੁਪਰੀਮ ਕੋਰਟ ਦੀ ਸਾਲ 2013 ਦੀ ਇਕ ਜੱਜਮੈਂਟ ਦਾ ਹਵਾਲਾ ਦਿੰਦੇ ਹੋਏ ਇਹ ਮੰਗ ਕੀਤੀ ਹੈ।
ਖਹਿਰਾ ਵਲੋਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਅਤੇ ਨਵੀਂ ਪਾਰਟੀ ਬਣਾਉਣ ਬਾਰੇ ਛਪੀਆਂ ਖ਼ਬਰਾਂ ਦੀਆਂ ਕਤਰਨਾਂ ਇਸ ਪਟੀਸ਼ਨ ਨਾਲ ਨੱਥੀ ਕਰਦਿਆਂ ਦੋਸ਼ ਲਾਇਆ ਹੈ ਕਿ ਦਲ ਬਦਲ ਕਾਨੂੰਨ ਤਹਿਤ ਕੋਈ ਵੀ ਮੈਂਬਰ ਦੂਸਰੀ ਪਾਰਟੀ ਨਹੀਂ ਬਣਾ ਸਕਦਾ ਜਾਂ ਕੋਈ ਹੋਰ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕਦਾ।
ਪਟੀਸ਼ਨਰ ਨੇ ਸੁਪਰੀਮ ਕੋਰਟ ਦੀ ਸਾਲ 2013 ਵਿਚ 'ਉੜੀਸਾ ਵਿਧਾਨ ਸਭਾ ਬਨਾਮ ਉਟਕਲ ਕੇਸਰੀ' ਜੱਜਮੈਂਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਫੈਸਲੇ ਦੇ 'ਪੈਰਾ ਨੰਬਰ - ਛੇ ਦੇ ਦਸਵੇਂ ਸ਼ਡਿਊਲਡ' ਮੁਤਾਬਕ ਸਪੀਕਰ ਕੋਲ ਮੈਂਬਰਸ਼ਿਪ ਰੱਦ ਕਰਨ ਦੇ ਅਖਤਿਆਰ ਹਨ। ਪਟੀਸ਼ਨਰ ਨੇ ਕਿਹਾ ਕਿ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ 'ਤੇ 2017 ਚ ਭੁਲੱਥ ਹਲਕੇ ਤੋਂ ਚੋਣ ਜਿੱਤੀ ਸੀ। ਹੁਣ ਖਹਿਰਾ ਵਲੋਂ ਆਮ ਆਦਮੀ ਪਾਰਟੀ ਹੀ ਛੱਡ ਦਿਤੀ ਗਈ ਹੋਣ ਦੀ ਸੂਰਤ ਚ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਣੀ ਚਾਹੀਦੀ ਹੈ।