
ਮੁੱਖ ਮੰਤਰੀ ਦੀ ਕੋਠੀ ਘੇਰਨ ਗਈ 'ਆਪ' ਨੂੰ ਪੁਲਿਸ ਨੇ ਖਦੇੜਿਆ
ਚੰਡੀਗੜ੍ਹ : 'ਆਪ' ਵਲੋਂ ਪਹਿਲਾਂ ਕੀਤੇ ਐਲਾਨ ਮੁਤਾਬਕ ਸ਼ੁੱਕਰਵਾਰ ਨੂੰ ਭਗਵੰਤ ਮਾਨ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਗਿਆ। ਪੁਲਿਸ ਵਲੋਂ ਬੈਰੀਕੇਡ ਲਾ ਕੇ ਆਪ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
Photo
ਜਦੋਂ ਆਪ ਵਰਕਰਾਂ ਨੇ ਬੈਰੀਕੇਡ ਤੋੜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਆਪ ਵਰਕਰਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਉਨ੍ਹਾਂ ਨੂੰ ਖਦੇੜ ਦਿਤਾ। ਇਸ ਦੌਰਾਨ ਕਈ ਵਰਕਰਾਂ ਦੀਆਂ ਪੱਗਾਂ ਵੀ ਲਹਿ ਗਈਆਂ।
Photo
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਪ੍ਰਾਈਵੇਟ ਬਿਜਲੀ ਮਾਫ਼ੀਆ ਨਾਲ ਮਿਲ ਕੇ ਪੰਜਾਬ ਵਾਸੀਆਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਖਿਲਾਫ਼ ਪਹਿਲਾਂ ਕੀਤੇ ਐਲਾਨ ਮੁਤਾਬਕ ਆਮ ਆਦਮੀ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਕੋਠੀ ਦਾ ਘਿਰਾਓ ਕਰਨ ਆਈ ਸੀ।
Photo
ਇਸ ਦੌਰਾਨ ਕੈਪਟਨ ਦੇ ਇਸ਼ਾਰੇ 'ਤੇ ਪੁਲਿਸ ਨੇ ਉਨ੍ਹਾਂ 'ਤੇ ਸਖ਼ਤੀ ਵਰਤਿਆਂ ਪਾਣੀ ਦੀ ਬੁਛਾੜਾਂ ਮਾਰੀਆਂ ਹਨ ਜੋ ਵਰਕਰਾਂ ਨਾਲ ਧੱਕਾ ਹੈ।
Photo
ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਕੀਤਾ ਕਿ ਉਹ ਪੰਜਾਬ ਵਾਸੀਆਂ ਨੂੰ 9 ਤੋਂ 12 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਬਿਜਲੀ ਬਾਰੇ ਸਪੱਸ਼ਟੀਕਰਨ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਖੁਦ ਵੀ ਬਿਜਲੀ ਪੈਦਾ ਕਰਦਾ ਹੈ, ਇਸ ਦੇ ਬਾਵਜੂਦ ਪੰਜਾਬ ਵਾਸੀਆਂ ਨੂੰ ਵੱਡੇ ਬਿੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਦਿੱਲੀ ਵਰਗਾ ਸੂਬਾ, ਜੋ ਸਾਰੀ ਦੀ ਸਾਰੀ ਬਿਜਲੀ ਬਾਹਰੋਂ ਖਰੀਦਦਾ ਹੈ, ਉੱਥੇ ਕੇਜਰੀਵਾਲ ਸਰਕਾਰ ਵਲੋਂ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।
Photo
ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਮਹਿੰਗੀ ਬਿਜਲੀ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਿਰਫ਼ ਬਾਦਲ ਹੀ ਨਹੀਂ ਸਗੋਂ ਤੁਸੀਂ (ਕੈਪਟਨ-ਜਾਖੜ ਤੇ ਪੂਰੀ ਕਾਂਗਰਸ ਸਰਕਾਰ) ਹੁਣ ਬਾਦਲਾਂ ਨਾਲੋਂ ਵੀ ਵੱਡੇ ਗੁਨਾਹਗਾਰ ਹੋ, ਜੋ ਅਪਣੇ ਮੈਨੀਫੈਸਟੋ ਅਨੁਸਾਰ ਪਾਵਰਕਾਮ ਦਾ ਪਿਛਲੇ ਸਾਲਾਂ ਦਾ ਆਡਿਟ ਅਤੇ ਪੀਪੀਏਜ਼ ਰੱਦ ਕਰਨ ਦੀ ਥਾਂ ਬਾਦਲਾਂ ਦੇ ਨਕਸ਼ੇ ਕਦਮ 'ਤੇ ਚਲਦਿਆਂ ਬਿਜਲੀ ਮਾਫ਼ੀਆ ਦੀ ਲੁੱਟ 'ਚ ਭਾਈਵਾਲ ਬਣੇ ਹੋਏ ਹਨ।
Photo
ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਦੀਆਂ ਮੁਸ਼ਕਲਾਂ ਵਧਣਾ ਤੈਅ ਹੈ। ਬਿਜਲੀ ਦੇ ਰੇਟਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸਿਆਸੀ ਗਲਿਆਰਿਆਂ ਅੰਦਰ ਗਰਮਾਹਟ ਵੇਖਣ ਨੂੰ ਮਿਲ ਰਹੀ ਹੈ। 'ਆਪ' ਵਲੋਂ ਸਰਕਾਰ ਵਿਰੁਧ ਛੇੜੀ ਮੁਹਿੰਮ ਆਉਂਦੇ ਦਿਨਾਂ 'ਚ ਹੋਰ ਵੀ ਸਿਖਰ ਛੋਹ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਵਿਚਾਲੇ ਤਲਖ-ਬਿਆਨੀ ਪਹਿਲਾਂ ਹੀ ਜਾਰੀ ਹੈ। 'ਆਪ' ਦੇ ਅੱਜ ਦੇ ਹੱਲੇ ਬਾਅਦ ਬਾਅਦ ਦਿਨਾਂ 'ਚ ਇਸ ਮੁੱਦੇ 'ਤੇ ਸਰਕਾਰ ਦੀਆਂ ਮੁਸੀਬਤਾਂ ਹੋਰ ਵਧਣ ਦੇ ਅਸਾਰ ਹਨ।