
ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰ ਕੇ 2 ਲੱਖ ਰੁਪਏ ਵਸੂਲਣ ਦਾ ਲੱਗਿਆ ਇਲਜ਼ਾਮ
ਮੋਹਾਲੀ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਰਿਸ਼ਵਤਖੋਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਤਹਿਤ ਵਿਜੀਲੈਂਸ ਨੇ ਇੱਕ ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰਨ ਅਤੇ ਉਸ ਤੋਂ ਕਰੀਬ ਦੋ ਲੱਖ ਰੁਪਏ ਦੀ ਵਸੂਲੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਨਾਭਾ ਦਾ ਪ੍ਰਾਪਰਟੀ ਏਜੰਟ ਉਮਰਦੀਨ, ਸਲੀਮ ਅਤੇ ਇੱਕ ਨਿੱਜੀ ਚੈਨਲ ਨਾਲ ਸਬੰਧਤ ਪੱਤਰਕਾਰ ਰੁਪਿੰਦਰ ਕੁਮਾਰ ਉਰਫ ਡਿੰਪਲ ਸ਼ਾਮਲ ਹਨ।
ਮੁਲਜ਼ਮਾਂ ਨੂੰ ਪਟਿਆਲਾ ਦੇ ਰਹਿਣ ਵਾਲੇ ਅਤੇ ਨਾਭਾ ਤਹਿਸੀਲ ਵਿੱਚ ਬਤੌਰ ਰਜਿਸਟਰੀ ਕਲਰਕ ਵਜੋਂ ਤਾਇਨਾਤ ਰੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਨਾਭਾ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਰੁਪਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਉਮਰਦੀਨ ਅਤੇ ਉਸ ਦੇ ਸਾਥੀ ਉਸ ਨੂੰ ਬਲੈਕਮੇਲ ਕਰ ਰਹੇ ਸਨ। ਮੁਲਜ਼ਮ ਰੁਪਿੰਦਰ ਸਿੰਘ ਦੀ ਕਥਿਤ 500 ਰੁਪਏ ਦੀ ਰਿਸ਼ਵਤ ਦੀ ਵੀਡੀਓ ਵਾਇਰਲ ਨਾ ਕਰਨ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਨਾ ਕਰਨ ਦੇ ਬਦਲੇ 5 ਲੱਖ ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਸਨ।
ਸ਼ਿਕਾਇਤਕਰਤਾ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇਕ ਰਜਿਸਟਰੀ ਦੌਰਾਨ ਰਿਸ਼ਵਤ ਨਹੀਂ ਲਈ ਸੀ, ਜਿਸ ਵਿਚ ਉਮਰਦੀਨ ਗਵਾਹ ਸੀ, ਜਦਕਿ ਉਹ ਇਕ ਵਿਅਕਤੀ ਨੂੰ ਛੋਟੇ ਨੋਟ ਦੇਣ ਬਦਲੇ ਪੰਜ ਸੌ ਰੁਪਏ ਲੈ ਰਿਹਾ ਸੀ। ਇਸ ਦੇ ਨਾਲ ਹੀ ਮੁਲਜ਼ਮ ਨੇ ਪੈਸੇ ਵਸੂਲਣ ਦੀ ਨੀਅਤ ਨਾਲ ਆਪਣੇ ਮੋਬਾਈਲ ਨਾਲ ਉਸ ਦੀ ਵੀਡੀਓ ਬਣਾ ਲਈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਦਾ ਮੁਲਜ਼ਮ ਨਾਲ ਢਾਈ ਲੱਖ ਰੁਪਏ ਵਿੱਚ ਸੌਦਾ ਹੋਇਆ ਸੀ। ਦੋਸ਼ੀ ਉਮਰਦੀਨ ਉਸ ਤੋਂ ਪਹਿਲੀ ਕਿਸ਼ਤ ਦੇ 50,000 ਰੁਪਏ ਪਹਿਲਾਂ ਹੀ ਲੈ ਚੁੱਕਾ ਸੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ ਟੀਮ ਨੇ ਜਾਲ ਵਿਛਾਇਆ। ਫਿਰ ਦੋਸ਼ੀ ਉਮਰਦੀਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਰੁਪਿੰਦਰ ਸਿੰਘ ਤੋਂ ਦੂਜੀ ਕਿਸ਼ਤ ਦੇ ਡੇਢ ਲੱਖ ਰੁਪਏ ਦੀ ਰਕਮ ਵਸੂਲਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਦੇ ਕਬਜ਼ੇ ’ਚੋਂ ਪਹਿਲੀ ਕਿਸ਼ਤ ਦੇ 50 ਹਜ਼ਾਰ ਰੁਪਏ ’ਚੋਂ 40 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਗਏ ਹਨ।
ਵਿਜੀਲੈਂਸ ਨੇ ਐਸ.ਏ.ਐਸ.ਨਗਰ ਵਿਜੀਲੈਂਸ ਸਟੇਸ਼ਨ ਵਿਖੇ ਕੇਸ ਦਰਜ ਕਰਕੇ ਇਸ ਮਾਮਲੇ ਵਿੱਚ ਹੋਰ ਸਾਥੀ ਮੁਲਜ਼ਮਾਂ ਸਲੀਮ ਅਤੇ ਰੁਪਿੰਦਰ ਕੁਮਾਰ ਉਰਫ਼ ਡਿੰਪਲ ਨੂੰ ਨਾਭਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਐਸ.ਏ.ਐਸ ਨਗਰ ਸਥਿਤ ਫਲਾਇੰਗ ਸਕੁਐਡ-1 ਥਾਣੇ ਵਿੱਚ ਆਈਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।