
ਸ਼ੋਅ ਵਿਚ ਉਚੀ ਆਵਾਜ਼ ਵਿਚ ਮਿਊਜ਼ਿਕ ਵੱਜਣ ਕਾਰਨ ਪ੍ਰਸ਼ਾਸਨ ਵਲੋਂ ਕਾਰਵਈ ਦਾ ਨੋਟਿਸ ਦਿਤਾ ਗਿਆ ਸੀ।
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ’ਚ ਹੋਏ ਸ਼ੋਅ ਦੌਰਾਨ ਤੈਅ ਨਿਯਮਾਂ ਦੀ ਉਲੰਘਣਾ ਹੋਣ ’ਤੇ ਕਾਰਵਾਈ ਲਈ ਸ਼ੋਅ ਕਰਵਾਉਣ ਵਾਲਿਆਂ ਨੂੰ ਨੋਟਿਸ ਦੇਣ ਦੀ ਜਾਣਕਾਰੀ ਦਿਤੇ ਜਾਣ ਨਾਲ ਹੀ ਹਾਈ ਕੋਰਟ ਨੇ ਇਸ ਮਾਮਲੇ ਦਾ ਨਿਬੇੜਾ ਕਰ ਦਿਤਾ ਹੈ। ਸ਼ੋਅ ਵਿਚ ਉਚੀ ਆਵਾਜ਼ ਵਿਚ ਮਿਊਜ਼ਿਕ ਵੱਜਣ ਕਾਰਨ ਪ੍ਰਸ਼ਾਸਨ ਵਲੋਂ ਕਾਰਵਈ ਦਾ ਨੋਟਿਸ ਦਿਤਾ ਗਿਆ ਸੀ।
ਯੂਟੀ ਪ੍ਰਸ਼ਾਸਨ ਨੇ ਸੈਕਟਰੀ ਇਨਵਾਇਰਮੈਂਟ ਨੂੰ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਵਿਰੁਧ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ। ਸ਼ੋਅ ਵਿਚ ਮਿਊਜ਼ਿਕ 75 ਡੈਸੀਬਲ ਆਵਾਜ਼ ਪੱਧਰ ਤਕ ਹੀ ਵਜਾਇਆ ਜਾ ਸਕਦਾ ਸੀ ਪਰ ਪ੍ਰਸ਼ਾਸਨ ਮੁਤਾਬਕ ਸੰਗੀਤ ਦਾ ਪੱਧਰ ਤੈਅ ਸੀਮਾ ਤੋਂ ਵੱਧ ਰਿਹਾ ਅਤੇ ਇਹ ਪੱਧਰ 93 ਡੈਸੀਬਲ ਤਕ ਜਾ ਪਹੁੰਚਿਆ। ਇਹ ਜਾਣਕਾਰੀ ਪ੍ਰਸ਼ਾਸਨ ਨੇ ਹਾਈ ਕੋਰਟ ਵਿਚ ਦਾਖ਼ਲ ਕੀਤੀ ਪਾਲਣਾ ਰਿਪੋਰਟ ਵਿਚ ਦਿਤੀ ਸੀ।
ਯੂਟੀ ਚੰਡੀਗੜ੍ਹ ਨੇ ਪੰਜਾਬ ਅਤੇ ਹਰਿਆਣਾ ਹਾਈ ਨੂੰ ਦਸਿਆ ਕਿ 14 ਦਸੰਬਰ ਨੂੰ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਗਮ ਵਿਚ ਸ਼ੋਰ ਸੀਮਾ ਦੀ ਉਲੰਘਣਾ ਕੀਤੀ ਗਈ ਸੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ। ਯੂਟੀ ਪ੍ਰਸ਼ਾਸਕ ਦੀ ਤਰਫ਼ੋਂ ਦਾਖ਼ਲ ਕੀਤੇ ਹਲਫ਼ਨਾਮੇ ਅਨੁਸਾਰ, ਦਿਲਜੀਤ ਦੇ ਸੰਗੀਤ ਸਮਾਰੋਹ ਦੌਰਾਨ ਵੱਖ-ਵੱਖ ਥਾਵਾਂ ’ਤੇ ਸ਼ੋਰ ਦੇ ਪੱਧਰਾਂ ਦੀ ਨਿਗਰਾਨੀ ਕੀਤੀ ਗਈ ਸੀ ਅਤੇ ਇਹ ਦੇਖਿਆ ਗਿਆ ਸੀ ਕਿ ਸ਼ੋਰ ਪ੍ਰਦੂਸ਼ਣ (ਨਿਯਮ ਅਤੇ ਨਿਯੰਤਰਣ) ਨਿਯਮ, 2000 ਦੇ ਅਧੀਨ ਨਿਰਧਾਰਤ ਸੀਮਾਵਾਂ ਤੋਂ ਵੱਧ ਗਿਆ ਸੀ। ਹਾਲਾਂਕਿ, ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਧੀਰ ਸਿੰਘ ਦੇ ਬੈਂਚ ਨੇ ਕਾਰਵਾਈ ਦੇ ਭਰੋਸੇ ਉਪਰੰਤ ਮਾਮਲੇ ਦਾ ਨਿਬੇੜਾ ਕਰ ਦਿਤਾ ਹੈ।