
ਸਿੱਖ ਜਥੇਬੰਦੀਆਂ ਨੇ ਸੌਦਾ ਸਾਧ ਦੀ ਗ੍ਰਿਫ਼ਤਾਰੀ ਲਈ ਡੀ.ਜੀ.ਪੀ. ਨੂੰ ਮੰਗ ਪੱਤਰ ਦਿਤਾ
ਬੇਅਦਬੀ ਮਾਮਲੇ ’ਚ ਪੰਜਾਬ ਪੁਲਿਸ ਤੋਂ ਕੀਤੀ ਗ੍ਰਿਫ਼ਤਾਰੀ ਦੀ ਮੰਗ
ਚੰਡੀਗੜ੍ਹ, 10 ਫ਼ਰਵਰੀ (ਭੁੱਲਰ) : ਅਕਾਲ ਯੂਥ ਅਤੇ ਹੋਰ ਕਈ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਅੱਜ ਇਥੇ ਹਰਿਆਣਾ ਸਰਕਾਰ ਵਲੋਂ ਸੌਦਾ ਸਾਧ ਨੂੰ ਜੇਲ ਤੋਂ ਬਾਹਰ ਲਿਆਉਣ ਲਈ ਚੋਣਾਂ ਸਮੇਂ ਦਿਤੀ ਪੈਰੋਲ ਦਾ ਵਿਰੋਧ ਕਰਦਿਆਂ ਪੰਜਾਬ ’ਚ ਵੋਟਰਾਂ ਨੂੰ ਪ੍ਰਭਾਵਤ ਕਰਨ ਅਤੇ ਸੂਬੇ ’ਚ ਗੜਬੜੀ ਹੋਣ ਕਾਰਨ ਅਮਨ-ਕਾਨੂੰਨ ਲਈ ਖ਼ਤਰੇ ਦੀ ਸ਼ੰਕਾ ਪ੍ਰਗਟ ਕਰਦਿਆਂ ਡੀ.ਜੀ.ਪੀ. ਵੀ.ਕੇ. ਭਾਵਰਾ ਨੂੰ ਮੰਗ ਪੱਤਰ ਦਿਤਾ।
ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸੌਦਾ ਸਾਧ ਦਾ ਨਾਂ ਬਰਗਾੜੀ ਬੇਅਦਬੀ ਮਾਮਲੇ ’ਚ ਸ਼ਾਮਲ ਹੈ ਅਤੇ ਇਸ ਬਾਰੇ ਉਸ ਤੋਂ ਐਸ.ਆਈ.ਟੀ. ਪੁਛਗਿੱਛ ਵੀ ਕਰ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਸੌਦਾ ਸਾਧ ਨੂੰ ਪੰਜਾਬ ਪੁਲਿਸ ਲੋੜੀਂਦੇ ਕੇਸ ’ਚ ਗ੍ਰਿਫ਼ਤਾਰ ਕਰੇ ਤਾਂ ਜੋ ਚੋਣਾਂ ਸਮੇਂ ਅਮਨ-ਕਾਨੂੰਨ ਵੀ ਠੀਕ ਰਹਿ ਸਕੇ ਕਿਉਂਕਿ ਉਸ ਦੇ ਬਾਹਰ ਰਹਿਣ ਨਾਲ ਗੜਬੜੀ ਦੀ ਸ਼ੰਕਾ ਹੈ। ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੇ ਇਸ਼ਾਰੇ ਉਪਰ ਹਰਿਆਣਾ ਦੀ ਭਾਜਪਾ ਸਰਕਾਰ ਨੇ ਪੰਜਾਬ ਚੋਣਾਂ ’ਚ ਸਿਆਸੀ ਲਾਹਾ ਲੈਣ ਲਈ ਸੌਦਾ ਸਾਧ ਨੂੰ ਚੋਣਾਂ ਦੇ ਸਮੇਂ ਪੈਰੋਲ ਦੇ ਕੇ ਬਾਹਰ ਲਿਆਂਦਾ ਹੈ। ਬੇਅਦਬੀ ਮਾਮਲੇ ’ਚ ਮੁਲਜ਼ਮ ਹੋਣ ਕਾਰਨ ਸਿੱਖ ਭਾਈਚਾਰੇ ’ਚ ਭਾਰੀ ਰੋਸ ਹੈ।