
ਲੋਕਾਂ ਦਾ ਮ੍ਰਿਤਕਾਂ ਦੀ ਰਾਖ ਸਮੇਤ ਅਸਥੀਆਂ ਧਰਤੀ 'ਚ ਦੱਬਣ ਦਾ ਵਧਿਆ ਰੁਝਾਨ
ਕੋਟਕਪੂਰਾ (ਗੁਰਿੰਦਰ ਸਿੰਘ) : ਭਾਵੇਂ ਪੰਜਾਬ ਸਮੇਤ ਗੁਆਂਢੀ ਰਾਜਾਂ ਅਤੇ ਦੇਸ਼ ਦੇ ਕਈ ਜਾਗਰੂਕ ਸੂਬਿਆਂ ਦੇ ਵਸਨੀਕਾਂ ਨੇ ਪਾਣੀ ਦੇ ਸੰਕਟ ਦੇ ਮੱਦੇਨਜਰ ਮ੍ਰਿਤਕ ਵਿਅਕਤੀ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਅਰਥਾਤ ਵਹਿੰਦੇ ਪਾਣੀ 'ਚ ਤਾਰਨ ਦੀ ਬਜਾਇ ਆਪਣੇ ਖੇਤਾਂ, ਨਿੱਜੀ ਸਥਾਨਾ ਜਾਂ ਸਾਂਝੀਆਂ ਥਾਵਾਂ 'ਤੇ ਰਾਖ ਸਮੇਤ ਧਰਤੀ 'ਚ ਦੱਬਣ ਉਪਰੰਤ ਮ੍ਰਿਤਕ ਦੀ ਯਾਦ 'ਚ ਬੂਟੇ ਲਾਉਣ ਦੀ ਪਿਰਤ ਪਾ ਕੇ ਲੋਕਾਂ ਨੂੰ ਪਾਣੀ ਦੀ ਸੰਭਾਲ ਕਰਨ ਅਤੇ ਅੰਧ-ਵਿਸ਼ਵਾਸ਼ 'ਚੋਂ ਨਿਕਲਣ ਦਾ ਸੁਨੇਹਾ ਦਿੱਤਾ ਹੈ ਪਰ ਫਿਰ ਵੀ ਰੂੜੀਵਾਦੀ ਪ੍ਰੰਪਰਾਵਾਂ 'ਚ ਗ੍ਰਸਤ ਲੋਕ ਅਜੇ ਵੀ ਪਾਣੀ ਦੇ ਸੰਕਟ ਨੂੰ ਸਮਝਣ ਜਾਂ ਵਾਤਾਵਰਣ ਦੀ ਸੰਭਾਲ ਵਾਲੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਹੋਣ ਲਈ ਤਿਆਰ ਨਹੀਂ।
ਫਰੀਦਕੋਟ ਦੇ ਗੁਰਦਵਾਰਾ ਸਾਹਿਬ ਗਰੀਨ ਐਵੀਨਿਊ ਦੇ ਕੋਲੋਂ ਲੰਘਦੀ ਸਰਹੰਦ ਨਹਿਰ 'ਚ ਕੋਰੋਨਾ ਵਾਇਰਸ ਦੀ ਕਰੋਪੀ ਕਾਰਨ ਲੱਗੇ ਕਰਫੀਊ ਦੇ ਬਾਵਜੂਦ ਵੀ ਰੋਜਾਨਾ 3 ਦਰਜਨ ਦੇ ਕਰੀਬ ਮ੍ਰਿਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਵਾਲੇ ਲੋਕ ਪਹੁੰਚ ਰਹੇ ਹਨ। ਭਾਂਵੇ ਗੁਰਦਵਾਰਾ ਸਾਹਿਬ ਵਾਲੇ ਪ੍ਰਬੰਧਕ ਅਜਿਹੇ ਲੋਕਾਂ ਨੂੰ ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਸਮਾਜਿਕ ਦੂਰੀ (ਸ਼ੋਸ਼ਲ ਡਿਸਟੈਂਸ) ਰੱਖਣ ਬਾਰੇ ਜਰੂਰ ਸੁਚੇਤ ਕਰਦੇ ਹਨ ਪਰ ਉਨਾਂ ਨੂੰ ਪਾਣੀ ਪ੍ਰਦੂਸ਼ਿਤ ਕਰਨ ਅਤੇ ਅੰਧ-ਵਿਸ਼ਵਾਸ਼ 'ਚੋਂ ਨਿਕਲਣ ਵਾਲੇ ਨਹੀਂ ਆਖਿਆ ਜਾਂਦਾ, ਕਿਉਂਕਿ ਅਸਥੀਆਂ ਜਲ ਪ੍ਰਵਾਹ ਕਰਨ ਵਾਲਾ ਇਹ ਕੰਮ ਗੁਰਦਵਾਰਾ ਸਾਹਿਬ ਦੀ ਆਮਦਨ ਨਾਲ ਜੁੜਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਰਹੰਦ ਨਹਿਰ 'ਚ ਹਰਚਰਨ ਸਿੰਘ ਬਰਾੜ ਸਾਬਕਾ ਮੁੱਖ ਮੰਤਰੀ ਪੰਜਾਬ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਨਾਲ ਸ਼ੁਰੂਆਤ ਹੋਈ ਤਾਂ ਉਸ ਤੋਂ ਬਾਅਦ ਹੋਲੀ ਹੋਲੀ ਇਸ ਸਥਾਨ ਦੀ ਮਹੱਤਤਾ ਵਧਦੀ ਗਈ ਤੇ ਹੁਣ ਮਾਲਵਾ ਖੇਤਰ ਤੋਂ ਇਲਾਵਾ ਗੁਆਂਢੀ ਰਾਜਾਂ ਦੇ ਵੀ ਕਈ ਲੋਕ ਇੱਥੇ ਅਸਥੀਆਂ ਜਲ ਪ੍ਰਵਾਹ ਕਰਨ ਆਉਂਦੇ ਹਨ।
ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਟਿੱਕਾ ਸਿੰਘ ਅਨੁਸਾਰ ਭਾਵੇਂ ਪਹਿਲਾਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਆਉਣ ਵਾਲਿਆਂ ਦੀ ਗਿਣਤੀ 40 ਤੋਂ 60 ਤੱਕ ਹੁੰਦੀ ਸੀ ਪਰ ਹੁਣ 5 ਜਾਂ 7 ਦੀ ਗਿਣਤੀ 'ਚ ਆਉਣ ਵਾਲਿਆਂ ਨੂੰ ਇਕ ਦੂਜੇ ਤੋਂ ਦੂਰੀ, ਹੱਥ ਸੈਨੇਟਾਈਜ਼ ਕਰਨ, ਮੂੰਹ 'ਤੇ ਮਾਸਕ ਪਾਉਣ ਵਰਗੀਆਂ ਗੱਲਾਂ ਜਰੂਰ ਸਮਝਾਈਆਂ ਜਾਂਦੀਆਂ ਹਨ।