
ਹਰਬੰਸ ਸਿੰਘ ਸੰਧੂ ਨੇ ਕੀਤੀ 24ਵੇਂ ਜਥੇ ਦੀ ਅਗਵਾਈ
ਵਾਸ਼ਿੰਗਟਨ ਡੀਸੀ, 9 ਅਪ੍ਰੈਲ (ਸੁਰਿੰਦਰ ਗਿੱਲ) : ਵਾਈਟ ਹਾਊਸ ਸਾਹਮਣੇ ਦਾ ਕਿਸਾਨ ਹਮਾਇਤੀ ਅੰਦੋਲਨ 24ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ, ਜਿਸ ਦੀ ਅਗਵਾਈ ਹਰਬੰਸ ਸਿੰਘ ਸੰਧੂ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਕੀਤੀ। ਇਸੇ ਤਰ੍ਹਾਂ ਕਈ ਪ੍ਰੀਵਾਰ ਦੇ ਸੰਘਰਸ਼ ਵਿਚ ਸ਼ਾਮਲ ਹੋਣ ਨਾਲ ਕਾਫ਼ੀ ਹੋਰ ਪ੍ਰੀਵਾਰ ਵੀ ਭਾਰਤੀ ਕਿਸਾਨਾਂ ਦੀ ਹਮਾਇਤ ਵਿਚ ਉਤਰ ਆਏ ਹਨ। ਫ਼ੋਨ ਰਾਹੀਂ ਮਨਸਿਮਰਨ ਸਿੰਘ ਕਾਹਲੋਂ ਤੇ ਮੋਨੀ ਗਿੱਲ ਦੇ ਪ੍ਰੀਵਾਰ ਨੇ ਅੰਦੋਲਨ ਵਿਚ ਸ਼ਾਮਲ ਹੋਣ ਲਈ ਪਹਿਲਾਂ ਹੀ ਬੁਕਿੰਗ ਕਰਵਾ ਲਈ ਹੈ। ਇਸ ਮੌਕੇ ਹਰਬੰਸ ਸਿੰਘ ਸੰਧੂ ਨੇ ਕਿਹਾ ਕਿ ਕਿਸਾਨੀ ਸਟੇਟ ਦਾ ਮਸਲਾ ਹੈ। ਮੋਦੀ ਸਰਕਾਰ ਕਿਸਾਨੀ ਨੂੰ ਕਾਰਪੋਰੇਟ ਕੋਲ ਵੇਚ ਰਹੀ ਹੈ ਤੇ ਕਿਸਾਨਾਂ ਨੂੰ ਬੰਧੂਆ ਮਜ਼ਦੂਰ ਬਣਾ ਰਹੀ ਹੈ ਜੋ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਇਸ ਉਲੰਘਣਾ ਸਬੰਧੀ ਅੰਤਰ-ਰਾਸ਼ਟਰੀ ਕੋਰਟ ਦਖ਼ਲ ਦੇ ਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਉਥੋਂ ਦੇ ਕਿਸਾਨਾਂ ਨੂੰ ਐਮ.ਐਸ.ਪੀ. (ਘੱਟੋ ਘੱਟ ਸਮਰਥਨ ਮੁੱਲ) ਦੇ ਰਹੀ ਹੈ ਜਿਸ ਕਰ ਕੇ ਕਿਸਾਨ ਗ਼ਰੀਬ ਹੁੰਦਾ ਜਾ ਰਿਹਾ ਹੈ। ਉਸ ਨੂੰ ਅਪਣੀ ਫ਼ਸਲ ਦਾ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ। ਸ. ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮੰਡੀਆਂ ਖ਼ਤਮ ਕਰ ਕੇ ਆੜ੍ਹਤੀਆਂ ਨੂੰ ਘਰੋ ਬੇਘਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਅਜਿਹੀਆਂ ਕਿਸਾਨ ਮਾਰੂ ਨੀਤੀਆਂ ਦਾ ਹਰ ਭਾਰਤੀ ਕਿਸਾਨ ਡੱਟ ਕੇ ਵਿਰੋਧ ਕਰਨਗੇ ਅਤੇ ਵਿਰੋਧ ਕਰਦਿਆਂ ਭਾਵੇਂ ਉਨ੍ਹਾਂ ਦੀ ਜਾਨ ਚਲੀ ਜਾਵੇ ਪਰ ਉਹ ਅੰਡਾਨੀ ਅੰਬਾਨੀ ਦੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕੇ ਤੁਹਾਡੀਆਂ ਏਜੰਸੀਆਂ ਤੁਹਾਨੂੰ ਸਹੀ ਰੀਪੋਰਟ ਨਹੀਂ ਕਰ ਰਹੀਆਂ ਹਨ। ਸ. ਸੰਧੂ ਨੇ ਕਿਹਾ ਕਿ ਸਰਕਾਰਾਂ ਆਮ ਜਨਤਾ ਵਲੋਂ ਚੁਣੀਆਂ ਜਾਂਦੀਆਂ ਹਨ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਪਣੇ ਦੇਸ਼ ਦੇ ਲੋਕਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ, ਵਿਕੀ ਮਾਨ, ਸੋਨੀਆਂ ਮਾਨ, ਸੁਰਿੰਦਰ ਸਿੰਘ, ਹਰਜੀਤ ਸਿੰਘ ਹੁੰਦਲ, ਤੇ ਹਰਬੰਸ ਸਿੰਘ ਸੰਧੂ ਨੇ ਕਿਸਾਨ ਹਮਾਇਤੀ ਅੰਦੋਲਨ ਨੂੰ ਹੁਲਾਰਾ ਦਿਤਾ।