
ਕੁਦਰਤੀ ਵਗਦੇ ਦਰਿਆਵਾਂ ਦੇ ਪਾਣੀਆਂ ਦੀ ਕੀਮਤ ਨਹੀਂ ਹੁੰਦੀ, ਨਹਿਰਾਂ ਬਣਾ ਕੇ ਦਿੱਤੇ ਜਾਣ ਵਾਲੇ ਪਾਣੀਆਂ ਦਾ ਮੁੱਲ ਜ਼ਰੂਰੀ : ਬੈਂਸ
ਲੁਧਿਆਣਾ: ਪੰਜਾਬ ਦਾ ਪਾਣੀ ਰਾਜਸਥਾਨ ਨੂੰ ਮੁਫ਼ਤ ਦੇਣ ਦੇ ਮੁੱਦੇ ’ਤੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਚਾਲੇ ਬਹਿਸ ਛਿੜ ਗਈ ਹੈ। ਬਾਜਵਾ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਪਾਣੀ ਦੇਣ ਦੇ ਬਦਲੇ ਰਾਜਸਥਾਨ ਤੋਂ ਪੈਸੇ ਮੰਗਦਾ ਹੈ ਤਾਂ ਹਿਮਾਚਲ ਵੀ ਪੰਜਾਬ ਤੋਂ ਅਪਣਾ ਹਿੱਸਾ ਮੰਗੇਗਾ। ਸਿਮਰਜੀਤ ਬੈਂਸ ਨੇ ਬਾਜਵਾ ਦੀ ਇਸ ਗੱਲ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਅਗਿਆਨੀ ਤੱਕ ਕਹਿ ਦਿਤਾ।
Tripat Rajinder Singh Bajwa
ਬੈਂਸ ਨੇ ਕਿਹਾ ਕਿ ਕੁਦਰਤੀ ਪਾਣੀਆਂ ਦੀ ਕੋਈ ਵਸੂਲੀ ਨਹੀਂ ਹੁੰਦੀ, ਸਿਰਫ਼ ਉਨ੍ਹਾਂ ਪਾਣੀਆਂ ਦੀ ਵਸੂਲੀ ਹੁੰਦੀ ਹੈ, ਜੋ ਕਿਸੇ ਸੂਬੇ ਵਲੋਂ ਦੂਜੇ ਸੂਬੇ ਨੂੰ ਨਹਿਰ, ਸੂਏ ਜਾਂ ਨਾਲਿਆਂ ਰਾਹੀਂ ਦਿਤਾ ਜਾਂਦਾ ਹੈ। ਹਿਮਾਚਲ ਤੋਂ ਪੰਜਾਬ ਆਉਣ ਆਉਣ ਵਾਲਾ ਪਾਣੀ ਕੁਦਰਤੀ ਪਾਣੀ ਹੈ, ਜਿਸ ਦੀ ਹਿਮਾਚਲ ਵਸੂਲੀ ਨਹੀਂ ਕਰ ਸਕਦਾ ਪਰ ਪੰਜਾਬ ਵਲੋਂ ਰਾਜਸਥਾਨ ਨੂੰ ਨਹਿਰਾਂ ਰਾਹੀਂ ਪਾਣੀ ਦਿਤਾ ਜਾ ਰਿਹਾ ਹੈ, ਜਿਸ ਦੀ ਪੰਜਾਬ ਵਸੂਲੀ ਕਰ ਸਕਦਾ ਹੈ।
Simarjit Singh Bains
ਇਸ ਦੌਰਾਨ ਬੈਂਸ ਨੇ ਕਿਹਾ ਕਿ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਵਲੋਂ ਸੂਬੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਗਿਆ, ਸਗੋਂ ਇਨ੍ਹਾਂ ਨੇ ਮਿਲ ਕੇ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾਇਆ ਹੈ।