
ਪੰਜਾਬ ਵਿਚ 17 ਮੈਂਬਰੀ ਵਿਰੋਧੀ ਅਕਾਲੀ-ਭਾਜਪਾ ਵਫਦ ਨੇ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਲੋਕਪਾਲ 'ਤੇ ਕਈ ਤਰ੍ਹਾਂ ਦੇ ਕਾਨੂੰਨੀ, ਸਿਆਸੀ.............
ਚੰਡੀਗੜ੍ਹ : ਪੰਜਾਬ ਵਿਚ 17 ਮੈਂਬਰੀ ਵਿਰੋਧੀ ਅਕਾਲੀ-ਭਾਜਪਾ ਵਫਦ ਨੇ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਲੋਕਪਾਲ 'ਤੇ ਕਈ ਤਰ੍ਹਾਂ ਦੇ ਕਾਨੂੰਨੀ, ਸਿਆਸੀ ਅਤੇ ਸੱਤਾਧਾਰੀ ਕਾਂਗਰਸ ਨਾਲ ਘਿਉ-ਖਿਚੜੀ ਹੋਣ ਦੇ ਦੋਸ਼ ਲਗਾਏ ਹਨ। ਇਸ ਵਫਦ ਨੇ ਇਹ ਵੀ ਕਿਹਾ ਕਿ ਜਸਟਿਸ ਮਹਿਤਾਬ ਸਿੰਘ ਗਿੱਲ ਪੱਕਾ ਕਾਂਗਰਸੀ ਹੈ, ਅਸੈਂਬਲੀ ਚੋਣਾਂ ਵੇਲੇ ਸ. ਗਿੱਲ ਪਾਰਟੀ ਦੇ ਚੋਣ ਮੈਨੀਫ਼ੈਸਟੋ ਕਮੇਟੀ ਦਾ ਮੈਂਬਰ ਸੀ ਅਤੇ ਉਸ ਤੋਂ ਪਹਿਲਾਂ ਮੋਗਾ ਉਪ-ਚੋਣ ਵੇਲੇ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨ ਮੌਕੇ, ਜਸਟਿਸ ਦੀ ਮੋਗਾ ਵਾਲੀ ਕੋਠੀ, ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਲੀਡਰ ਵਰਤਦੇ ਰਹੇ ਸਨ।
ਉਨ੍ਹਾਂ ਰਾਜਪਾਲ ਨੂੰ ਕਿਹਾ ਕਿ ਉਹ ਇਸ ਨਿਯੁਕਤੀ ਨੂੰ ਪ੍ਰਵਾਨਗੀ ਨਾ ਦੇਣ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਕ ਵਾਰ ਫਿਰ ਰਾਜਪਾਲ ਕੋਲ ਪੁਕਾਰ ਕੀਤੀ ਹੈ ਕਿ ਸਿੱਖ ਬੀਬੀਆਂ, ਜਿਨ੍ਹਾਂ ਦੇ ਨਾਮ ਨਾਲ ਕੌਰ ਲੱਗਾ ਹੈ, ਚੰਡੀਗੜ੍ਹ ਵਿਚ ਸਕੂਟਰ ਚਲਾਉਣ ਵੇਲੇ ਹੈਲਮੈਟ ਤੋਂ ਛੋਟ ਦਿੱਤੀ ਜਾਵੇ। ਲੋਕਪਾਲ ਦੀ ਨਿਯੁਕਤੀ 'ਤੇ ਗੰਭੀਰ ਸਵਾਲ ਉਠਾਉਣ, ਜਸਟਿਸ ਗਿੱਲ ਦੀ ਨਿਯੁਕਤੀ ਰੱਦ ਕਰਨ ਅਤੇ ਲੋਕਪਾਲ ਦੀ ਇਸ ਨਿਯੁਕਤੀ ਨੂੰ ਵਿਰੋਧੀ ਧਿਰ ਵਿਰੁਧ ਵਰਤਣ ਤੇ ਹੋਰ ਤਰੁੱਟੀਆਂ ਦੱਸਣ ਲਈ ਇਕ ਉਚ-ਪਧਰੀ ਵਫ਼ਦ
ਅੱਜ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਰਾਜ ਭਵਨ 'ਚ ਮਿਲਿਆ।ਵਫ਼ਦ 'ਚ ਅਕਾਲੀ, ਭਾਜਪਾ ਨੇਤਾ, ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਸਨ। ਵਫ਼ਦ ਨੇ ਰਾਜਪਾਲ ਨੂੰ ਇਹ ਵੀ ਦਸਿਆ ਕਿ ਜਸਟਿਸ ਗਿੱਲ ਦੀ ਨਿਯੁਕਤੀ ਇਸ ਕਰ ਕੇ ਵੀ ਰੱਦ ਹੋਣੀ ਬਣਦੀ ਹੈ ਕਿਉਂਕਿ 1996 ਦੇ ਲੋਕਪਾਲ ਐਕਟ ਮੁਤਾਬਕ, ਉਮੀਦਵਾਰ ਕਿਸੇ ਵੀ ਸਿਆਸੀ ਦਲ ਨਾਲ ਸਬੰਧ ਨਾ ਰਖਦਾ ਹੋਵੇ।
ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨਾਲ ਜਸਟਿਸ ਗਿੱਲ ਦੀ ਨੇੜਤਾ ਬਾਰੇ ਵੀ ਸੁਖਬੀਰ ਬਾਦਲ ਨੇ ਦੱਸਿਆ ਕਿ ਬਤੌਰ ਜੱਜ ਜਸਟਿਸ ਗਿੱਲ ਨੇ 17 ਮਾਮਲਿਆਂ 'ਚ ਖਹਿਰਾ ਵਿਰੁਧ ਇਨਕੁਆਰੀਆਂ ਖ਼ਤਮ ਕੀਤੀਆਂ। ਬਤੌਰ ਵਿਰੋਧੀ ਧਿਰ ਦੇ ਨੇਤਾ ਸ. ਖਹਿਰਾ ਨੇ ਜਸਟਿਸ ਗਿੱਲ ਦੀ (ਬਾਕੀ ਸਫ਼ਾ 10 'ਤੇ)
ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਸੀ। ਹੁਣ ਖਹਿਰਾ ਨੂੰ ਅਹੁਦੇ ਤੋਂ ਲਾਹ ਦਿਤਾ ਹੈ, ਜਸਟਿਸ ਗਿੱਲ ਦੀ ਬਾਕਾਇਦਾ ਨਿਯੁਕਤੀ ਦੀ ਰਾਇ ਨਵੇਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੋਂ ਲੈਣੀ ਬਣਦੀ ਹੈ।
ਰਾਜਪਾਲ ਨਾਲ ਵਫ਼ਦ ਦੀ ਹੋਈ ਅੱਧੇ ਘੰਟੇ ਦੀ ਬੈਠਕ ਤੋਂ ਬਾਅਦ, ਰਾਜ ਭਵਨ ਤੋਂ ਬਾਹਰ ਆ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨੂੰ ਦਸਿਆ ਕਿ ਕਾਂਗਰਸ ਸਰਕਾਰ ਨੇ ਇਸ ਕਾਂਗਰਸ ਪੱਖੀ ਲੋਕਪਾਲ ਨੂੰ ਵਿਰੋਧੀ ਦਲਾਂ ਦੇ ਲੀਡਰਾਂ ਵਿਰੁਧ ਕੇਸ ਦਰਜ ਕਰਨ, ਝੂਠੇ ਤੇ ਮਨਘੜਤ ਮਾਮਲੇ ਉਠਾਉਣ ਅਤੇ ਪੰਜਾਬ ਤੇ ਸਿੱਖ ਕੌਮ ਦੇ ਨੇਤਾਵਾਂ ਵਿਰੁਧ ਬਦਲੇ ਦੀ ਭਾਵਨਾ ਨਾਲ ਸਿਆਸੀ ਕਿੜਾਂ ਕੱਢਣ ਲਈ ਵਰਤਣਾ ਹੈ।
ਸੁਖਪਾਲ ਖਹਿਰਾ ਨੂੰ 'ਆਪ' ਦੇ ਨੇਤਾ ਵਜੋਂ ਲਾਹੁਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਖਹਿਰਾ ਤਾਂ ਇਕ ਬੰਬ ਦੀ ਤਰ੍ਹਾਂ ਹੈ, ਜਿਸ ਪਾਰਟੀ ਵਿਚ ਜਾਂਦਾ ਹੈ, ਪਟਾਕਾ ਪੈ ਜਾਂਦਾ ਹੈ। ਹੁਣ ਬੈਂਸ ਭਰਾਵਾਂ ਨਾਲ ਮਿਲ ਕੇ 'ਮੁਹੱਲਾ' ਰੂਪੀ ਪਾਰਟੀ ਬਣਾਏਗਾ। ਸੁਖਬੀਰ ਨੇ ਕਿਹਾ 'ਆਪ' ਦਾ ਨਾ ਕੋਈ ਸਿਧਾਂਤ ਹੈ, ਨਾ ਟੀਚਾ ਹੈ, ਨਾ ਮਿਸ਼ਨ ਹੈ ਅਤੇ ਨਾ ਹੀ ਕੋਈ ਵੱਡਾ ਸਿਆਸੀ ਉਦੇਸ਼ ਹੈ।