
ਅਸਲ ਦੋਸ਼ੀਆਂ ਦੀ ਥਾਂ ਨਿਰਦੋਸ਼ਿਆਂ ਨੂੰ ਫਸਾਣ ਦੇ ਲਾਏ ਦੋਸ਼
ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਪੰਜਾਬ ਕਾਂਗਰਸ ਦੇ ਦਿਗਜ਼ ਆਗੂਆਂ ਵਿਚਾਲੇ ਸ਼ੁਰੂ ਹੋਇਆ ਖਿੱਚੋਤਾਣ ਅਪਣੀ ਚਰਮ ਸੀਮਾਂ 'ਤੇ ਪਹੁੰਚ ਚੁੱਕਾ ਹੈ। ਦੋਵੇਂ ਧਿਰਾਂ ਇਕ-ਦੂਜੇ ਨੂੰ ਸਿਆਸੀ ਤੇ ਸ਼ਖ਼ਸੀਅਤੀ ਠਿੱਬੀ ਲਾਉਣ ਲਈ ਸਰਗਰਮ ਹਨ। ਇਕ ਪਾਸੇ ਜਿੱਥੇ ਪ੍ਰਤਾਪ ਸਿੰਘ ਬਾਜਵਾ ਅਪਣੇ ਕਹੇ ਗਏ ਬੋਲਾਂ ਅਤੇ ਚੁੱਕੇ ਗਏ ਕਦਮਾਂ 'ਤੇ ਅਡਿੱਗ ਹਨ, ਉਥੇ ਹੀ ਸੱਤਾ 'ਤੇ ਕਾਬਜ਼ ਧਿਰ ਵੀ ਬਾਜਵਾ ਦੇ ਕਦਮ ਨੂੰ ਪਾਰਟੀ ਵਿਰੋਧੀ ਕਰਾਰ ਦਿੰਦਿਆਂ ਕਿਸੇ ਵੀ ਤਰ੍ਹਾਂ ਦੀ ਰਿਹਾਇਤ ਦੇਣ ਦੇ ਮੂੜ 'ਚ ਨਹੀਂ ਹੈ।
Sukhpal Khiara
ਪੰਜਾਬ ਸਰਕਾਰ ਵਲੋਂ ਬਾਜਵਾ ਦੀ ਸੁਰੱਖਿਆ ਵਾਪਸ ਲੈਣ ਦੇ ਫ਼ੈਸਲੇ ਖਿਲਾਫ਼ ਹੁਣ ਵਿਰੋਧੀਆਂ ਨੇ ਵੀ ਆਵਾਜ਼ ਉਠਾਉਣੀ ਸ਼ੁਰੂ ਕਰ ਦਿਤੀ ਹੈ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇਸ ਝਗੜੇ 'ਚ ਐਂਟਰੀ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਦੇ ਸਟੈਂਡ ਦਾ ਸਮਰਥਨ ਕਰਨ ਦੇ ਨਾਲ-ਨਾਲ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ।
Capt Amrinder Singh-Partap Bajwa
ਖਹਿਰਾ ਦਾ ਕਹਿਣਾ ਹੈ ਕਿ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਰਕਾਰ ਦੀਆਂ ਨਾਕਾਮੀਆਂ ਅਤੇ ਮਿਲੀਭੁਗਤ ਜੱਗ-ਜਾਹਰ ਹੋ ਚੁੱਕੀ ਹੈ। ਬਾਜਵਾ ਨੂੰ ਇਸ ਸਬੰਧੀ ਆਵਾਜ਼ ਉਠਾਉਣ ਦੀ ਸਜ਼ਾ ਦਿਤੀ ਜਾ ਰਹੀ ਹੈ, ਜੋ ਸਹੀ ਨਹੀਂ ਹੈ। ਉਨ੍ਹਾਂ ਕਿ ਕਿਹਾ ਕਿ ਮੁੱਖ ਮੰਤਰੀ ਵਲੋਂ ਬਾਜਵਾ ਨੂੰ ਪਹਿਲਾਂ ਤੋਂ ਹੀ ਮਿਲੀ ਹੋਈ ਸੁਰੱਖਿਆ ਵਾਪਸ ਲੈ ਕੇ ਅਪਣੇ ਸਿਆਸੀ ਵਿਰੋਧੀਆਂ ਨੂੰ ਬਿਆਨਬਾਜ਼ੀ ਕਰਨ ਤੋਂ ਰੋਕਣ ਲਈ ਅਨੋਖਾ ਹੱਥਕੰਡਾ ਅਪਣਾਇਆ ਗਿਆ ਹੈ।
sukhpal khaira
ਖਹਿਰਾ ਨੇ ਕਿਹਾ ਕਿ ਹੁਣ ਜਦੋਂ ਇਹ ਜੱਗ ਜਾਹਰ ਹੋ ਚੁੱਕਾ ਹੈ ਕਿ ਅਜਿਹੇ ਕਾਂਡ ਸੱਤਾਧਾਰੀ ਧਿਰ ਦੇ ਵਿਧਾਇਕਾਂ, ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਮੂਲੀਅਤ ਬਿਨਾਂ ਵਾਪਰ ਹੀ ਨਹੀਂ ਸੀ ਸਕਦੇ ਤਾਂ ਪੰਜਾਬ ਪੁਲਿਸ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਗ਼ਰੀਬਾਂ ਅਤੇ ਮਜ਼ਦੂਰਾਂ 'ਤੇ ਝੂਠੇ ਮਾਮਲੇ ਦਰਜ ਕਰ ਕੇ ਉਨ੍ਹਾਂ ਨੂੰ ਫਸਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਂਡ ਵਾਪਰਨ ਤੋਂ ਬਾਅਦ ਸ਼ਰਾਬ ਮਾਫ਼ੀਆ ਅਤੇ ਉਸ ਦੇ ਪਿੱਠੂ ਪੂਰੀ ਤਰ੍ਹਾਂ ਸਰਗਰਮ ਹਨ ਜੋ ਫ਼ਰਜੀ ਮਾਮਲੇ ਦਰਜ ਕਰਵਾ ਕੇ ਖ਼ਾਨਾਪੂਰਤੀ ਕਰਨਾ ਚਾਹੁੰਦੇ ਹਨ।
Sukhbir Singh Badal
ਕਾਬਲੇਗੌਰ ਹੈ ਕਿ ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ 'ਤੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਲਈ ਧਰਨੇ-ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਸੱਤਾਧਾਰੀ ਧਿਰ ਅੰਦਰੋਂ ਵਿਰੋਧੀ ਸੁਰਾਂ ਉਠਣ ਤੋਂ ਬਾਅਦ ਸਰਕਾਰ ਖਿਲਾਫ਼ ਬਾਹਰੀ ਹਮਲੇ ਤੇਜ਼ ਹੋ ਗਏ ਹਨ ਜਿਸ ਤੋਂ ਪਾਰਟੀ ਆਗੂ ਵੀ ਖਫ਼ਾ ਹਨ। ਚੋਣਾਂ ਨੇੜੇ ਆਉਂਦੀਆਂ ਵੇਖ ਸਾਰੀਆਂ ਧਿਰਾਂ ਇਸ ਮੁੱਦੇ 'ਤੇ ਅਪਣੇ ਅਪਣੇ ਸਿਆਸੀ ਨਫ਼ੇ-ਨੁਕਸਾਨਾਂ ਦੇ ਹਿਸਾਬ ਨਾਲ ਸਰਗਰਮ ਹਨ ਜਿਸ ਦੇ ਆਉਂਦੇ ਦਿਨਾਂ ਦੌਰਾਨ ਹੋਰ ਵੱਧਣ ਦੇ ਅਸਾਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।