
ਕਰੀਬ ਅੱਧੇ ਘੰਟੇ ਦੀਆਂ ਮਿੰਨਤਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਨਮਾਨ ਲੈਣ ਲਈ ਮਨਾਇਆ
ਸੁਨਾਮ ਊਧਮ ਸਿੰਘ ਵਾਲਾ: ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਆਜ਼ਾਦੀ ਘੁਲਾਟੀਏ ਗੁਰਦੇਵ ਸਿੰਘ ਨੇ ਰਾਸ਼ਟਰਪਤੀ ਐਵਾਰਡ ਲੈਣ ਤੋਂ ਇਨਕਾਰ ਕਰ ਦਿਤਾ ਹੈ। ਕਰੀਬ ਅੱਧੇ ਘੰਟੇ ਤਕ ਸਨਮਾਨ ਦੇਣ ਆਏ ਪ੍ਰਬੰਧਕੀ ਅਧਿਕਾਰੀ ਆਜ਼ਾਦੀ ਘੁਲਾਟੀਏ ਦੀਆਂ ਮਿੰਨਤਾਂ ਕਰਦੇ ਰਹੇ ਅਤੇ ਆਖ਼ਰਕਾਰ ਗੁਰਦੇਵ ਸਿੰਘ ਨੂੰ ਐਵਾਰਡ ਦੇਣ ਲਈ ਮਨਾਉਣ ਵਿਚ ਸਫ਼ਲ ਰਹੇ ਪ੍ਰੰਤੂ ਆਜ਼ਾਦੀ ਘੁਲਾਟੀਏ ਦਾ ਦਰਦ ਛਲਕ ਹੀ ਉਠਿਆ।
Gurdev Singh
ਆਜ਼ਾਦੀ ਘੁਲਾਟੀਏ ਗੁਰਦੇਵ ਸਿੰਘ ਨੇ ਕਿਹਾ,''72 ਸਾਲ ਹੋ ਗਏ ਕਿਸੇ ਨੇ ਸਾਰ ਨਹੀਂ ਲਈ, ਇਥੋਂ ਤਕ ਕਿ ਕਿਸੇ ਨੇ ਦਵਾਈ ਤਕ ਨਹੀਂ ਦਿਤੀ। ਹੁਣ ਮੈਂ ਸਨਮਾਨ ਦਾ ਕੀ ਕਰਨਾ ਹੈ। ਮੈਨੂੰ ਨਹੀਂ ਚਾਹੀਦਾ।'' ਸਨਮਾਨ ਲੈਣ ਲਈ ਰਾਜ਼ੀ ਕਰਨ ਤੋਂ ਬਾਅਦ ਗੁਰਦੇਵ ਸਿੰਘ ਨੇ ਕਿਹਾ, ''ਮੈਂ ਦੁਖੀ ਮਨ ਨਾਲ ਇਹ ਸਨਮਾਨ ਲੈ ਰਿਹਾ ਹਾਂ, ਘਰ ਆਏ ਲੋਕਾਂ ਦਾ ਨਿਰਾਦਰ ਨਹੀਂ ਕਰ ਸਕਦਾ।''
Presidential Award
ਅੱਜ ਸੁਨਾਮ ਵਿਖੇ ਜ਼ਿਲ੍ਹਾ ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਸਮੇਤ ਹੋਰ ਅਧਿਕਾਰੀ ਆਜ਼ਾਦੀ ਘੁਲਾਟੀਏ ਗੁਰਦੇਵ ਸਿੰਘ ਦੇ ਘਰ ਐਵਾਰਡ ਦੇਣ ਪੁੱਜੇ ਸਨ। ਦਸਣਯੋਗ ਹੈ ਕਿ ਦੇਸ਼ ਦੀ ਆਜ਼ਾਦੀ ਲਈ 1942 ਵਿਚ ਗੁਰਦੇਵ ਸਿੰਘ ਨੇ ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲਿਆ ਸੀ। ਕੁਇਟ ਇੰਡੀਆ ਮੂਵਮੈਂਟ ਨਾਲ ਸਬੰਧਤ ਪੰਜਾਬ ਦੇ 9 ਆਜ਼ਾਦੀ ਘੁਲਾਟੀਆਂ ਨੂੰ ਰਾਸ਼ਟਰਪਤੀ ਐਵਾਰਡ ਲਈ ਚੁਣਿਆ ਗਿਆ ਹੈ ਅਤੇ ਇਨ੍ਹਾਂ ਵਿਚ ਗੁਰਦੇਵ ਸਿੰਘ ਵੀ ਸ਼ਾਮਲ ਹੈ।
Freedom Fighter
ਕੋਰੋਨਾ ਦੀ ਵਜ੍ਹਾ ਕਾਰਨ ਰਾਸ਼ਟਰਪਤੀ ਭਵਨ ਵਿਚ ਸਮਾਰੋਹ ਨਹੀਂ ਹੋ ਸਕਿਆ ਜਿਸ ਕਾਰਨ ਗੁਰਦੇਵ ਸਿੰਘ ਦੇ ਘਰ ਤਕ ਸਨਮਾਨ ਪਹੁੰਚਾਉਣ ਦਾ ਫ਼ੈਸਲਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਅਤੇ ਕੁਲ ਹਿੰਦ ਯੂਥ ਕਾਂਗਰਸ ਦੀ ਸਕੱਤਰ ਅਤੇ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਸਨਮਾਨ ਦੇਣ ਲਈ ਪੁੱਜੇ ਪ੍ਰੰਤੂ ਸੁਤੰਤਰਤਾ ਸੰਗਰਾਮੀ ਗੁਰਦੇਵ ਸਿੰਘ ਨੇ ਆਜ਼ਾਦੀ ਤੋਂ ਬਾਅਦ ਦੇ ਹਾਲਾਤ ਉਪਰ ਨਰਾਜ਼ਗੀ ਪ੍ਰਗਟ ਕੀਤੀ।
Presidential Award
ਉਨ੍ਹਾਂ ਦੇ ਪੁੱਤਰ ਨੇ ਵੀ ਹੁਣ ਤਕ ਦੀਆਂ ਸਰਕਾਰਾਂ ਪ੍ਰਤੀ ਰੋਸ ਪ੍ਰਗਟਾਇਆ। ਖ਼ਾਸ ਗੱਲ ਇਹ ਰਹੀ ਕਰੀਬ ਅੱਧੇ ਘੰਟੇ ਤਕ ਏਡੀਸੀ ਅਨਮੋਲ ਸਿੰਘ ਧਾਲੀਵਾਲ ਆਜ਼ਾਦੀ ਘੁਲਾਟੀਏ ਨੂੰ ਸਨਮਾਨ ਲੈਣ ਲਈ ਮਿੰਨਤਾਂ ਕਰਦੇ ਰਹੇ ਅਤੇ ਫਿਰ ਸਨਮਾਨ ਲੈਣ ਲਈ ਰਾਜ਼ੀ ਕਰ ਲਿਆ। ਇਸ ਮੌਕੇ ਹਾਜ਼ਰ ਆਜ਼ਾਦੀ ਘੁਲਾਟੀਏ ਉਤਰਾਧਿਕਾਰੀ ਜਥੇਬੰਦੀ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਖ਼ਾਲਸਾ ਨੇ ਵੀ ਕਈ ਮੰਗਾਂ ਜ਼ਿਲ੍ਹਾ ਅਧਿਕਾਰੀ ਕੋਲ ਪੇਸ਼ ਕੀਤੀਆਂ।
Freedom Fighter
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਵਾਰਸਾਂ ਨੂੰ ਸਾਰੀਆਂ ਸਹੂਲਤਾਂ ਦਿਤੀਆਂ ਜਾਣ। ਵਧੀਕ ਡਿਪਟੀ ਕਮਿਸ਼ਨਰ ਅਤੇ ਹਲਕਾ ਇੰਚਾਰਜ ਨੇ ਭਰੋਸਾ ਦਿਵਾਇਆ ਕਿ ਆਜ਼ਾਦੀ ਘੁਲਾਟੀਆਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਬਤਾ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।