
ਸੈਣੀ ਦੀ ਗਿਫ਼ਤਾਰੀ ਲਈ ਸਿੱਖ ਜਥੇਬੰਦੀਆਂ ਨੇ ਵੀ ਵਧਾਈ ਸਰਗਰਮੀ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਇਕ ਪਾਸੇ ਜਿੱਥੇ ਸੁਮੇਧ ਸੈਣੀ ਗ੍ਰਿਫ਼ਤਾਰੀ ਟਾਲਣ ਲਈ ਦੌੜ-ਭੱਜ ਕਰਦਾ ਹੋਇਆ ਸੁਪਰੀਮ ਕੋਰਟ ਤਕ ਪਹੁੰਚ ਕਰ ਚੁੱਕਾ ਹੈ, ਉਥੇ ਹੀ ਸਿੱਖ ਜਥੇਬੰਦੀਆਂ ਵੀ ਸੁਮੇਧ ਸੈਣੀ ਦੀ ਤੁਰੰਤ ਗ੍ਰਿਫ਼ਤਾਰ ਨੂੰ ਲੈ ਕੇ ਸਰਗਰਮ ਹੋ ਗਈਆਂ ਹਨ। ਹਾਈ ਕੋਰਟ ਤੋਂ ਜ਼ਮਾਨਤ ਅਰਜ਼ੀ ਖ਼ਾਰਜ ਹੋਣ ਬਾਅਦ ਸੁਮੇਧ ਸੈਣੀ ਨੇ ਹੁਣ ਅਪਣੇ ਵਕੀਲ ਰਾਹੀ ਸੁਪਰੀਮ ਕੋਰਟ 'ਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਇਸ ਅਰਜ਼ੀ ਉਪਰ ਸੋਮਵਾਰ ਨੂੰ ਸੁਣਵਾਈ ਹੋਣ ਦੀ ਉਮੀਦ ਹੈ।
Former DGP Sumedh Saini
ਦੂਜੇ ਪਾਸੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿਆਸਤ ਵੀ ਗਰਮਾਉਣੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਕਾਂਗਰਸ ਸਰਕਾਰ 'ਤੇ ਵੀ ਸੁਮੇਧ ਸੈਣੀ ਦੀ ਪੱਖ ਪੂਰਨ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਹਨ। ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਇਕ ਇੰਟਰਵਿਊ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਬਾਦਲਾਂ 'ਤੇ ਸੁਮੇਧ ਸੈਣੀ ਨਾਲ ਮਿਲੀਭੁਗਤ ਦੇ ਇਲਜ਼ਾਮ ਲਾਏ ਸਨ।
Sumedh Saini
ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਵੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਮੁੱਦੇ 'ਤੇ ਸਵਾਲ ਉਠਾ ਚੁੱਕੇ ਹਨ। ਜੈੱਡ ਪਲੱਸ ਸੁਰੱਖਿਆ ਪ੍ਰਾਪਤ ਵਿਅਕਤੀ ਦੇ ਪੁਲਿਸ ਦੀ ਪਹੁੰਚ ਤੋਂ ਦੂਰ ਹੋਣਾ ਵੀ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਇਸੇ ਤਰ੍ਹਾਂ ਸਿੱਖ ਜਥੇਬੰਦੀਆਂ ਨੇ ਵੀ ਸੈਣੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੋਸਟਰ ਮੁਹਿੰਮ ਚਲਾਉਣ ਦੇ ਨਾਲ-ਨਾਲ ਇਨਾਮ ਦਾ ਐਲਾਨ ਵੀ ਕੀਤਾ ਹੈ। ਦਲ ਖ਼ਾਲਸਾ ਨੇ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੇ ਕਰਾਉਣ ਵਾਲੇ ਨੂੰ ਬਹਾਦਰੀ ਇਨਾਮ ਦੇਣ ਦਾ ਐਲਾਨ ਕੀਤਾ ਹੈ।
Dal Khalsa
ਅੰਮ੍ਰਿਤਸਰ ਵਿਖੇ ਵੱਖ-ਵੱਖ ਗਰਮ ਖਿਆਲੀ ਦਲਾਂ ਦੇ ਲੀਡਰਾਂ ਦੀ ਮੀਟਿੰਗ ਮਗਰੋਂ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਅਕਾਲ ਫ਼ੈਡਰੇਸ਼ਨ ਦੇ ਨਰਾਇਣ ਸਿੰਘ ਤੇ ਅਕਾਲੀ ਦਲ (ਅ) ਦੇ ਹਰਬੀਰ ਸਿੰਘ ਸੰਧੂ ਨੇ ਸੈਣੀ ਦੀ ਗ੍ਰਿਫ਼ਤਾਰੀ ਲਈ ਪੋਸਟਰ ਵੀ ਜਾਰੀ ਕੀਤਾ ਹੈ। ਸਿੱਖ ਜਥੇਬੰਦੀਆਂ ਵਲੋਂ ਪੁਲਿਸ ਉਪਰ ਸਵਾਲ ਉੱਠਾਏ ਜਾ ਰਹੇ ਹਨ ਕਿ ਇੰਨੇ ਦਿਨਾਂ ਮਗਰੋਂ ਵੀ ਸੈਣੀ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ।
Sumedh Saini
ਉਧਰ, ਪੰਜਾਬ ਸਰਕਾਰ ਸੈਣੀ ਨੂੰ ਭਗੌੜਾ ਅਪਰਾਧੀ ਐਲਾਨ ਕਰਨ ਲਈ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਮੁਤਾਬਕ ਜੇਕਰ ਸੈਣੀ ਖ਼ੁਦ ਆਤਮ-ਸਮਰਪਣ ਨਹੀਂ ਕਰਦੇ ਜਾਂ ਪੁਲਿਸ ਜਲਦੀ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਸਰਕਾਰ ਵਲੋਂ ਉਸ ਨੂੰ ਭਗੌੜਾ ਮੁਲਜ਼ਮ ਐਲਾਨ ਕਰਵਾਉਣ ਲਈ ਅਗਲੇ ਹਫ਼ਤੇ ਅਦਾਲਤ ਵਿਚ ਅਪੀਲ ਦਾਇਰ ਕੀਤੀ ਜਾਵੇਗੀ। ਕਾਬਲੇਗੌਰ ਹੈ ਕਿ ਸੈਣੀ ਦਸੰਬਰ 1991 ਵਿਚ ਮੋਹਾਲੀ ਦੇ ਵਸਨੀਕ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਕਤਲ ਕੇਸ ਵਿਚ ਘਿਰਿਆ ਹੋਇਆ ਹੈ। ਹਾਈਕੋਰਟ ਵਲੋਂ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਉਹ ਰੂਪੋਸ਼ ਹੈ। ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਕਈ ਰਾਜਾਂ ਵਿਚ ਛਾਪੇ ਮਾਰ ਰਹੀ ਹੈ।