ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੇ ਦੋ ਦੋਸਤ ਉਸ ਨੂੰ ਬਾਜ਼ਾਰ ਲੈ ਕੇ ਜਾਣ ਲਈ ਬੁਲਾਉਣ ਲਈ ਘਰ ਪਹੁੰਚੇ ਪਰ ਉਸ ਨੂੰ ਫਾਹੇ ਨਾਲ ਲਟਕਦਾ ਦੇਖਿਆ
Abohar News : ਮੂਲ ਰੂਪ ਨਾਲ ਯੂਪੀ ਨਿਵਾਸੀ ਅਤੇ ਅਬੋਹਰ ਦੇ ਬੁਰਜ ਮੁਹਾਰ ਰੋਡ 'ਤੇ ਰਹਿਣ ਵਾਲੇ 10ਵੀਂ ਜਮਾਤ ਦੇ ਵਿਦਿਆਰਥੀ ਨੇ ਅੱਜ ਦੁਪਹਿਰ ਨੂੰ ਸ਼ੱਕੀ ਕਾਰਨਾਂ ਦੇ ਚੱਲਦੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੇ ਦੋ ਦੋਸਤ ਉਸ ਨੂੰ ਬਾਜ਼ਾਰ ਲੈ ਕੇ ਜਾਣ ਲਈ ਬੁਲਾਉਣ ਲਈ ਘਰ ਪਹੁੰਚੇ ਪਰ ਉਸ ਨੂੰ ਫਾਹੇ ਨਾਲ ਲਟਕਦਾ ਦੇਖਿਆ। ਇਸ ਘਟਨਾ ਸਬੰਧੀ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ 16 ਸਾਲਾ ਗੌਰਵ (ਕਾਲਪਨਿਕ ਨਾਂ) ਆਪਣੀ ਮਾਂ ਨਾਲ ਇਸੇ ਰੋਡ 'ਤੇ ਸਥਿਤ ਇਕ ਗੋਦਾਮ ਦੇ ਕਮਰੇ 'ਚ ਰਹਿੰਦਾ ਹੈ ਅਤੇ ਗੋਦਾਮ ਦੀ ਰਾਖੀ ਕਰਦਾ ਹੈ, ਜਦਕਿ ਉਸ ਦਾ ਬਾਕੀ ਪਰਿਵਾਰ ਯੂਪੀ 'ਚ ਰਹਿੰਦਾ ਹੈ। ਗੌਰਵ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 10ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦੀ ਮਾਂ ਛਾਉਣੀ ਵਿੱਚ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ।
ਗੌਰਵ ਅੱਜ ਸਵੇਰੇ ਆਪਣੀ ਮਾਂ ਕੋਲੋਂ ਪੇਪਰ ਦੀ ਫੀਸ ਦੇਣ ਲਈ 100 ਰੁਪਏ ਲੈ ਕੇ ਗਿਆ ਸੀ। ਜਿਸ ਤੋਂ ਬਾਅਦ ਉਸਦੀ ਮਾਂ ਵੀ ਕੰਮ 'ਤੇ ਚਲੀ ਗਈ। ਗੌਰਵ ਹਮੇਸ਼ਾ ਦੁਪਹਿਰ ਦੀ ਛੁੱਟੀ ਵੇਲੇ ਘਰ ਆ ਕੇ ਸੌਂਦਾ ਸੀ ਪਰ ਅੱਜ ਉਹ 9.30 ਵਜੇ ਹੀ ਘਰ ਪਰਤਿਆ।
ਉਸ ਦੇ ਦੋ ਦੋਸਤ ਉਸ ਨੂੰ ਬਾਜ਼ਾਰ ਲਿਜਾਣ ਲਈ ਬੁਲਾਉਣ ਆਏ, ਜਿਨ੍ਹਾਂ ਨੇ ਦਰਵਾਜ਼ਾ ਖੜਕਾਇਆ ਅਤੇ ਫੋਨ ਵੀ ਕੀਤਾ ਪਰ ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਦੋਵੇਂ ਨੌਜਵਾਨ ਗੇਟ ਤੋਂ ਛਾਲ ਮਾਰ ਕੇ ਅੰਦਰ ਗਏ ਤਾਂ ਗੌਰਵ ਨੂੰ ਪੱਖੇ ਨਾਲ ਲਟਕਦਾ ਦੇਖਿਆ। ਇਹ ਦੇਖ ਕੇ ਉਹ ਘਬਰਾ ਗਏ ਅਤੇ ਇਸ ਗੱਲ ਦੀ ਸੂਚਨਾ ਸ਼ਹਿਰ 'ਚ ਰਹਿੰਦੀ ਉਸਦੀ ਮਾਂ ਅਤੇ ਉਸ ਦੇ ਜੀਜੇ ਨੂੰ ਦਿੱਤੀ।
ਮ੍ਰਿਤਕ ਦੀ ਮਾਂ ਅਤੇ ਉਸ ਦਾ ਜੀਜਾ ਵੀ ਮੌਕੇ 'ਤੇ ਪਹੁੰਚ ਗਏ ਅਤੇ ਥਾਣਾ ਸਿਟੀ ਵਨ ਦੀ ਪੁਲਸ ਨੂੰ ਸੂਚਨਾ ਦਿੱਤੀ। ਜਿਸ 'ਤੇ ਏ.ਐਸ.ਆਈ ਕੁਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਪਹੁੰਚੇ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਬਿੱਟੂ ਨਰੂਲਾ, ਚਰਨਜੀਤ ਅਤੇ ਸੋਨੂੰ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ। ਪੁਲੀਸ ਨੇ ਮ੍ਰਿਤਕ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਿਆ ਹੈ, ਜਿਸ ਦੇ ਆਧਾਰ ’ਤੇ ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ।